Meanings of Punjabi words starting from ਮ

ਸੰਗ੍ਯਾ- ਜਾਮਨ. ਮੰਨਤ ਕਰਨ ਵਾਲਾ. ਜਿੰਮੇਵਾਰ. "ਰਿਨੀਲੋਕ ਮਨ ਤੈਂ." (ਕ੍ਰਿਸਨਾਵ) ਜਾਮਨ ਮਿਲ ਜਾਣ ਪੁਰ ਕਰਜਾਈ ਪ੍ਰਸੰਨ ਹੁੰਦਾ ਹੈ। ੨. ਮਾਨ. ਪ੍ਰਤਿਸ੍ਟਾ. "ਰਾਮ ਨਾਮੁ ਬਿਨੁ ਜੀਵਨੁ ਮਨ ਹੀਨਾ." (ਬਿਲਾ ਨਾਮਦੇਵ) ੩. ਮਣਿ. ਰਤਨ. "ਕੰਚਨ ਸੇ ਤਨ ਮੇਂ ਮਨ ਕੀ ਮਨ ਤੁੱਲ ਖੁਭਾ ਹੈ." (ਕ੍ਰਿਸਨਾਵ) ੪. ਮਨੁ. ਮਨੁਸ਼੍ਯ. ਮਨੁਜ. "ਸਗਲ ਰੂਪ ਵਰਨ ਮਨ ਮਾਹੀ। ਕਹੁ ਨਾਨਕ ਏਕੇ ਸਾਲਾਹੀ." (ਗਉ ਅਃ ਮਃ ੧) "ਸੁਣਿ ਮਨ! ਮੰਨਿ ਵਸਾਇ ਤੂੰ." (ਆਸਾ ਅਃ ਮਃ ੩) "ਡੋਮ ਚੰਡਾਰ ਮਲੇਛ ਮਨ ਸੋਇ." (ਬਿਲਾ ਰਵਿਦਾਸ) "ਰੇ ਮਨ ਮੁਗਧ ਅਚੇਤ ਚੰਚਲਚਿਤ." (ਸੋਰ ਮਃ ੫) ੫. ਵ੍ਯ- ਨਾ. ਅਨ. "ਮਨ ਅਸਵਾਰ ਜੈਸੇ ਤੁਰੀ ਸੀਗਾਰੀ." (ਗਉ ਮਃ ੫) ੬. ਸੰ. मन् ਧਾ- ਸਮਝਣਾ ਵਿਚਾਰਨਾ, ਆਦਰ ਕਰਨਾ, ਅਭਿਮਾਨ ਕਰਨਾ, ਇੱਛਾ ਕਰਨਾ, ਕਬੂਲ ਕਰਨਾ। ੭. ਸੰ. मनस्. ਸੰਗ੍ਯਾ- ਦਿਲ. "ਜਿਨਿ ਮਨੁ ਰਾਖਿਆ ਅਗਨੀ ਪਾਇ." (ਧਨਾ ਮਃ ੧) ਜਿਸ ਨੇ ਸ਼ਰੀਰ ਵਿੱਚ ਗਰਮੀ (ਉਸ੍ਟਤਾ) ਪਾਕੇ ਦਿਲ ਨੂੰ ਹਰਕਤ ਕਰਦਾ ਰੱਖਿਆ ਹੈ। ੮. ਅੰਤਹਕਰਣ. "ਮਨ ਮੇਰੇ, ਗੁਰ ਕੀ ਮੰਨਿਲੈ ਰਜਾਇ." (ਸ੍ਰੀ ਮਃ ੩) ੯. ਖ਼ਿਆਲ. "ਬੀਸ ਬਿਸਵੇ ਗੁਰ ਕਾ ਮਨ ਮਾਨੈ." (ਸੁਖਮਨੀ) ੧੦. ਜੀਵਾਤਮਾ. "ਮਨ. ਤੂੰ ਜੋਤਿਸਰੂਪ ਹੈਂ, ਅਪਣਾ ਮੂਲੁ ਪਛਾਣੁ." (ਆਸਾ ਛੰਤ ਮਃ ੩) "ਇਸੁ ਮਨ ਕਉ ਨਹੀ ਆਵਨ ਜਾਨਾ." (ਗਉ ਕਬੀਰ)#੧੧ ਮਨਨ ਦੀ ਥਾਂ ਭੀ ਮਨ ਸ਼ਬਦ ਆਇਆ ਹੈ. "ਮਨ ਮਹਿ ਮਨੂਆ, ਚਿਤ ਮਹਿ ਚੀਤਾ." (ਬਸੰ ਅਃ ਮਃ ੧) ਮਨਨ ਵਿੱਚ ਮਨ ਅਤੇ ਚਿੰਤਨ ਵਿੱਚ ਚਿੱਤ। ੧੨. ਫ਼ਾ. [من] ਇੱਕ ਤੋਲ, ਜੋ ਦੇਸ਼ ਕਾਲ ਦੇ ਭੇਦ ਨਾਲ ਬਦਲਦਾ ਰਹਿਂਦਾ ਹੈ, ਅਲਾਉੱਦੀਨ ਖ਼ਿਲਜੀ ਵੇਲੇ ੧੨. ਸੇਰ ਕੱਚੇ ਦਾ ਮਨ ਸੀ. ਕਈ ਦੇਸ਼ਾਂ ਵਿੱਚ ਦੋ ਸੇਰ ਦਾ ਭੀ ਮਨ ਹੋਇਆ ਕਰਦਾ ਸੀ. ਕਰਨਲ ਟਾਡ ਨੇ ਚਾਰ ਸੇਰ ਦੇ ਮਨ ਦਾ ਭੀ ਜਿਕਰ ਕੀਤਾ ਹੈ.#ਇਸ ਵੇਲੇ ਜੋ ਮਨ ਪ੍ਰਚਲਿਤ ਹੈ ਉਹ ਤਾਲੀ ਸੇਰ ਦਾ ਹੈ. ਸੇਰ ੮੦ ਤੋਲੇ ਅਥਵਾ ੧੬. ਛਟਾਂਕ ਦਾ ਹੈ. ਤੋਲਾ ੧੨. ਮਾਸ਼ੇ ਅਥਵਾ ੧੬. ਰਤੀ ਦਾ ਹੈ. "ਮਨ ਦਸ ਨਾਜ, ਟਕਾ ਚਾਰ ਗਾਂਠੀ." (ਸਾਰ ਕਬੀਰ) ਦੇਖੋ, ਤੋਲ ਸ਼ਬਦ। ੧੩. ਸਰਵ- ਮੈਂ. "ਮਨ ਕਮੀਨ ਕਮਤਰੀਨ." (ਮਃ ੧. ਵਾਰ ਮਲਾ) "ਮਨ ਸਰਨਿ ਤੁਮਾਰੈ ਪਰੀ." (ਗੂਜ ਮਃ ੫)


ਮੰਨਾਂ ਅੰਗੀਕਾਰ ਕਰਾਂ. "ਆਨ ਮਨਉ, ਤਉ ਪਰਘਰਿ ਜਾਉ." (ਗਉ ਮਃ ੧) ਕਰਤਾਰ ਤੋਂ ਭਿੰਨ ਜੇ ਹੋਰ ਨੂੰ ਮੰਨਾਂ। ੨. ਕ੍ਰਿ ਵਿ- ਮਾਨੋ. ਗੋਯਾ. ਜਨੁ. ਜਾਣੀਓਂ.


ਦੇਖੋ, ਮਨੌਤ.


ਵਿ- ਜੋ ਚੰਗਾ ਅਸਵਾਰ ਨਹੀਂ. ਦੇਖੋ. ਮਨ ੫.


ਅੰਤਹਕਰਣ ਦੀ ਆਦਿ. ਭਾਵ- ਸਭ ਦਾ ਮੁੱਢ ਪਾਰਬ੍ਰਹਮ. ਦੇਖੋ, ਗੁਣਆਦਿ ਅਤੇ ਚੰਦ ਸਤ। ੨. ਮਨ੍ਵਾਦਿ. ਮਨੁ ਆਦਿਕ ਰਿਖੀ.