Meanings of Punjabi words starting from ਧ

ਦੇਵਤਿਆਂ ਦਾ ਵੈਦ੍ਯ, ਜੋ ਪੁਰਾਣਾਂ ਅਨੁਸਾਰ ਸਮੁੰਦਰ ਰਿੜਕਣ ਸਮੇਂ ਕ੍ਸ਼ੀਰਸਮੁਦ੍ਰ ਵਿੱਚੋਂ ਨਿਕਲਿਆ, ਜਿਸ ਦੀ ਚੌਦਾਂ ਰਤਨਾਂ ਵਿੱਚ ਗਿਣਤੀ ਹੈ. ਆਯੁਰਵੇਦ ਦਾ ਪ੍ਰਚਾਰਕ ਇਹ ਭਾਰੀ ਵੈਦ੍ਯ ਹੋਇਆ ਹੈ. ਹਰਿਵੰਸ ਅਨੁਸਾਰ ਇਹ ਕਾਸ਼ੀ ਦੇ ਰਾਜਾ ਧਨ੍ਵ ਦਾ ਪੁਤ੍ਰ ਸੀ ਅਤੇ ਭਰਦ੍ਵਾਜ ਤੋਂ ਆਯੁਰਵੇਦ ਪੜ੍ਹਕੇ ਜਗਤ ਪ੍ਰਸਿੱਧ ਵੈਦ੍ਯ ਹੋਇਆ. ਭਾਵਪ੍ਰਕਾਸ਼ ਦੇ ਲੇਖ ਅਨੁਸਾਰ ਇੰਦ੍ਰ ਨੇ ਇਸ ਨੂੰ ਆਯੁਰਵੇਦ ਪੜ੍ਹਾਕੇ ਜਗਤ ਦੇ ਹਿਤ ਲਈ ਪ੍ਰਿਥਿਵੀ ਤੇ ਭੇਜਿਆ ਸੀ। ੨. ਵਿਕ੍ਰਮਾਦਿਤ੍ਯ ਰਾਜਾ ਦੀ ਸਭਾ ਦਾ ਇੱਕ ਵੈਦ੍ਯ। ੩. ਸੂਰਜ.


ਵਿ- ਧਨਵਾਨ. ਦੌਲਤਮੰਦ. "ਧਨਵੰਤ ਨਾਮ ਕੇ ਵਣਜਾਰੇ." (ਸਾਰ ਮਃ ੫) "ਧਨਵੰਤਾ ਇਵਹੀ ਕਹੈ ਅਵਰੀ ਧਨ ਕਉ ਜਾਉ." (ਵਾਰ ਸਾਰ ਮਃ ੧) "ਪ੍ਰਭੁ ਕਉ ਸਿਮਰਹਿ ਸੇ ਧਨਵੰਤੇ." (ਸੁਖਮਨੀ)


ਵਿ- ਧਨ੍ਯਤਾ ਵਾਲੀ. ਧੰਨਤਾ ਯੋਗ੍ਯ. "ਧਨਾਸਰੀ ਧਨਵੰਤੀ ਜਾਣੀਐ. ਭਾਈ! ਜਾਂ ਸਤਿਗੁਰ ਕੀ ਕਾਰ ਕਮਾਇ." (ਸਵਾ ਮਃ ੩) ਭਾਈ ਸੰਤੋਖਸਿੰਘ ਨੇ ਧਨਵੰਤੀ ਵਿਸ਼ੇਸਣ ਨੂੰ ਸੰਗ੍ਯਾ ਮੰਨਕੇ ਇੱਕ ਰਾਗਿਣੀ ਲਿਖੀ ਹੈ, ਯਥਾ- "ਗੂਜਰਿ ਅਰੁ ਕਮਾਚ ਧਨਵੰਤੀ." (ਗੁਪ੍ਰਸੂ) ੨. ਧਨ ਵਾਲੀ. ਜਿਸ ਪਾਸ ਦੌਲਤ ਹੈ। ੩. ਦੇਖੋ, ਗੰਗਾ ਮਾਤਾ.


ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)


ਸੰਗ੍ਯਾ- ਧਨਾਸ਼ਾ. ਧਨ ਦੀ ਆਸ. "ਦੇਸ ਬਿਦੇਸ ਧਨਾਸ ਕਲੋਲਹਿ." (ਚਰਿਤ੍ਰ ੨੬੬)


ਸੰ. ਧਨਾਸ਼੍ਰੀ. ਇਹ ਕਾਫੀਠਾਟ ਦੀ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਭੀਮਪਲਾਸੀ ਦਾ ਅੰਗ ਹੈ, ਅਵਰੋਹੀ ਵਿੱਚ ਪੂਰਵੀ ਅਤੇ ਮੁਲਤਾਨੀ ਦੀ ਰੰਗਤ ਹੈ. ਅਵਰੋਹੀ ਵਿਚ ਧੈਵਤ ਦੁਰਬਲ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਹੈ. ਪੰਚਮਵਾਦੀ ਸੁਰ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ ਹੈ.#ਆਰੋਹੀ- ਸ ਰਾ ਗ ਮੀ ਪ ਧਾ ਨ#ਅਵਰੋਹੀ- ਨ ਧਾ ਪ ਮੀ ਗ ਰਾ ਧ.#ਕਈਆਂ ਨੇ ਸੜਜ ਰਿਸਭ ਪੰਚਮ ਧੈਵਤ ਸ਼ੁੱਧ ਅਤੇ ਗਾਂਧਾਰ ਮੱਧਮ, ਨਿਸਾਦ ਕੋਮਲ ਮੰਨੇ ਹਨ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਧਨਾਸਿਰੀ ਦਾ ਨੰਬਰ ਦਸਵਾਂ ਹੈ। ੨. ਸੰ. ਧਨੇਸ਼੍ਵਰ੍‍ਯ. ਧਨ ਅਤੇ ਵਿਭੂਤੀ. "ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਇ." (ਸਵਾ ਮਃ ੩) ਧਨਵੰਤਾਂ ਦਾ ਧਨ ਐਸ਼੍ਵਰਯ ਤਾਂ ਠੀਕ ਹੈ, ਜੇ ਸਤਿਗੁਰ ਕੀ ਕਾਰ ਕਮਾਇ.