Meanings of Punjabi words starting from ਰ

ਵਾਹਗੁਰੂ ਦਾ ਨਾਮ ਜੋ ਰਸਾਯਣਰੂਪ ਹੈ. "ਰਾਮਰਸਾਇਣੁ ਜਿਨ ਗੁਰਮਤਿ ਪਾਇਆ." (ਮਾਲੀ ਮਃ ੪)


ਵਿ- ਰਾਮ ਰਵਣ ਕਰੰਤਾ. ਰਾਮ ਦਾ ਜਾਪ ਕਰਨ ਵਾਲਾ. "ਰਾਮਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ." (ਬਸੰ ਮਃ ੧) ਰਾਮਨਾਮ ਦਾ ਅਭ੍ਯਾਸੀ ਉਹ ਜਾਣੀਦਾ ਹੈ, ਜੋ ਭੋਗ (ਸੁਖ- ਦੁਖ) ਏਕਮਈ ਕਰ ਦੇਵੇ. ਭਾਵ ਸੁਖ ਦੁਖ ਆਦਿ ਦ੍ਵੰਦ ਜਿਸ ਨੂੰ ਸਮਾਨ ਹਨ. ਸੰਸਕ੍ਰਿਤ ਵਿੱਚ ਭੋਗ ਦਾ ਅਰਥ ਸੁਖ ਅਤੇ ਦਖ ਦੋਵੇਂ ਹਨ.


ਦੇਖੋ, ਰਾਮਰੌਣੀ.


ਰਾਜਾਰੂਪ ਕਰਤਾਰ. "ਅੰਤਰਿ ਰਾਮਰਾਇ ਪ੍ਰਗਟੇ ਆਇ." (ਭੈਰ ਮਃ ੫) ੨. ਦੇਖੋ, ਰਾਮਰਾਇ ਬਾਬਾ। ੩. ਦੇਖੋ, ਰਤਨਰਾਯ.


ਮਾਤਾ ਕੋਟਕਲ੍ਯਾਣੀ ਦੇ ਉਦਰ ਤੋਂ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਵਡੇ ਪੁਤ੍ਰ, ਜਿਨ੍ਹਾਂ ਦਾ ਜਨਮ ਸੰਮਤ ੧੭੦੩ ਵਿੱਚ ਕੀਰਤਪੁਰ ਹੋਇਆ. ਔਰੰਗਜ਼ੇਬ ਨੇ ਜਦ ਸੱਤਵੇਂ ਪਾਤਸ਼ਾਹ ਨੂੰ ਤਲਬ ਕੀਤਾ, ਤਦ ਉਨ੍ਹਾਂ ਨੇ ਸਾਹਿਬਜਾਦਾ ਰਾਮਰਾਇ ਜੀ ਨੂੰ ਦਿੱਲੀ ਭੇਜਿਆ. ਇਨ੍ਹਾਂ ਨੇ ਆਪਣੀ ਚਤੁਰਾਈ ਨਾਲ ਔਰੰਗਜ਼ੇਬ ਨੂੰ ਪ੍ਰਸੰਨ ਰੱਖਿਆ. ਇੱਕ ਦਿਨ ਬਾਦਸ਼ਾਹ ਨੇ ਕਿਸੇ ਦੇ ਸਿਖਾਉਣ ਪੁਰ ਪੁੱਛਿਆ ਕਿ ਸ਼੍ਰੀ ਗੁਰੂ ਨਾਨਕਸਾਹਿਬ ਨੇ- "ਮਿਟੀ ਮੁਸਲਮਾਨ ਕੀ" ਸਲੋਕ ਵਿੱਚ ਇਸਲਾਮ ਦੀ ਹਤਕ ਕਿਉਂ ਕੀਤੀ ਹੈ? ਬਾਬਾ ਰਾਮਰਾਇ ਨੇ ਉੱਤਰ ਦਿੱਤਾ ਕਿ ਪਾਠ- "ਮਿਟੀ ਬੇਈਮਾਨ ਕੀ" ਹੈ, ਮੁਸਲਮਾਨ ਕੀ ਨਹੀਂ, ਜਿਸ ਪੁਰ ਮੁਆਮਲਾ ਸ਼ਾਂਤ ਹੋ ਗਿਆ.#ਜਦ ਇਹ ਖਬਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਪਾਸ ਪੁੱਜੀ, ਤਦ ਆਪ ਨੇ ਫਰਮਾਇਆ ਕਿ ਰਾਮਰਾਇ ਨੇ ਖ਼ੁਸ਼ਾਮਦ ਕਰਕੇ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਵਾਕ ਪਲਟਿਆ ਹੈ, ਇਸ ਲਈ ਸਾਡੇ ਮੱਥੇ ਨਾ ਲੱਗੇ. ਬਾਬਾ ਰਾਮਰਾਇ ਹਰਿਦ੍ਵਾਰ ਤੋਂ ਉੱਪਰ ਦੂਣ ਵਿੱਚ ਔਰੰਗਜ਼ੇਬ ਤੋਂ ਜਾਗੀਰ ਲੈਕੇ ਜਾ ਵਸੇ, ਜਿੱਥੇ ਉਨ੍ਹਾਂ ਦਾ ਦੇਹਾਂਤ ਭਾਦੋਂ ਸੁਦੀ ੮. ਸੰਮਤ ੧੭੪੪ ਨੂੰ ਹੋਇਆ. ਰਾਮਰਾਇ ਜੀ ਦੇ ਦੇਹਰੇ ਕਾਰਣ ਹੀ ਦੂਣ ਦਾ ਨਾਉਂ ਦੇਹਰਾਦੂਨ ਹੋ ਗਿਆ ਹੈ.#ਇਤਿਹਾਸ ਵਿੱਚ ਕਥਾ ਹੈ ਕਿ ਰਾਮਰਾਇ ਜੀ ਜਦ ਸਮਾਧਿ ਵਿੱਚ ਲੀਨ ਸਨ, ਉਸ ਵੇਲੇ ਮਸੰਦਾਂ ਨੇ ਮੁਰਦਾ ਆਖਕੇ ਸਸਕਾਰ ਦਿੱਤੇ, ਇਸੇ ਲਈ ਮਾਤਾ ਪੰਜਾਬਕੌਰ ਨੇ ਕਲਗੀਧਰ ਨੂੰ ਬੁਲਾਕੇ ਮਸੰਦਾਂ ਨੂੰ ਸਜ਼ਾ ਦਿਵਾਈ ਸੀ. ਦੇਖੋ, ਦੇਹਰਾ ਰਾਮਰਾਇ ਜੀ.


ਬਾਬਾ ਰਾਮਰਾਇ ਦਾ ਸੇਵਕ. ਰਾਮਰਾਇ ਜੀ ਦਾ ਉਪਾਸਕ.


ਰਾਮਰਾਜ੍ਯ. ਅਮਨ ਦਾ ਰਾਜ੍ਯ. ਨ੍ਯਾਯਕਾਰੀ ਹੁਕੂਮਤ. "ਰਾਮਰਾਜ ਰਾਮਦਾਸਪੁਰਿ ਕੀਨੇ ਗੁਰਦੇਵ." (ਬਿਲਾ ਮਃ ੫) ਰਾਮਾਯਣ ਵਿੱਚ ਲੇਖ ਹੈ ਕਿ ਰਾਮਚੰਦ੍ਰ ਜੀ ਦੇ ਰਾਜ ਵਿੱਚ ਕਿਸੇ ਤਰਾਂ ਦਾ ਅਨਿਆਂ ਨਹੀਂ ਹੁੰਦਾ ਸੀ.


ਰਾਜਾਰੂਪ ਪਾਰਬ੍ਰਹਮ. "ਤੂੰ ਅਪਰ ਅਪਾਰੋ ਰਾਮਰਾਜੇ." (ਆਸਾ ਛੰਤ ਮਃ ੪)


ਦੇਖੋ, ਰਾਮਰਾਇ.