ਸੰਗ੍ਯਾ- ਨਾਰ (ਪਾਣੀ) ਤੋਂ ਜਨਮਿਆ ਕਮਲ. ਜਲਜ. "ਨਾਰਜ ਪਾਣਿ ਮੇਲ ਕਹਿ ਲਾਲੂ." (ਨਾਪ੍ਰ) ਹਸ੍ਤਤਕਮਲ ਜੋੜਕੇ ਲਾਲੂ ਆਖਦਾ ਹੈ। ੨. ਦੇਖੋ, ਨਾਰਿਜ.
ਇੱਕ. ਰਿਖੀ ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਇਹ ਕਨ੍ਵ ਵੰਸ਼ ਵਿੱਚੋਂ ਸੀ. ਇੱਕ ਹੋਰ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾ ਦੇ ਮਸਤਕ ਵਿੱਚੋਂ ਉਤਪੰਨ ਹੋਇਆ ਸੀ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਹ ਕਸ਼੍ਯਪ ਦਾ ਪੁਤ੍ਰ ਸੀ. ਮਹਾਭਾਰਤ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਨਾਰਦ ਨੇ ਦਕ੍ਸ਼੍ ਦੀ ਸ੍ਰਿਸ੍ਟਿਰਚਨਾ ਵਿੱਚ ਜਦ ਵਿਘਨ ਪਾਇਆ, ਤਦ ਦਕ੍ਸ਼੍ ਨੇ ਇਸ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਫੇਰ ਕਿਸੇ ਇਸਤ੍ਰੀ ਦੇ ਉਦਰ ਵਿੱਚ ਪੈਕੇ ਮੁੜ ਜਨਮ ਲੈ. ਇਸ ਪੁਰ ਬ੍ਰਹਮਾ ਨੇ ਦਕ੍ਸ਼੍ ਦੀਆਂ ਮਿੰਨਤਾਂ ਕੀਤੀਆਂ, ਤਾਂ ਦਕ੍ਸ਼੍ ਨੇ ਇਹ ਗੱਲ ਮੰਨ ਲਈ ਕਿ ਨਾਰਦ, ਬ੍ਰਹਮਾ ਅਤੇ ਦਕ੍ਸ਼੍ ਦੀ ਇੱਕ ਲੜਕੀ ਦੇ ਸੰਯੋਗ ਨਾਲ ਜਨਮ ਲਏ. ਏਸ ਲਈ ਏਸ ਨੂੰ "ਬ੍ਰਾਮ੍ਹ" ਅਤੇ "ਦੇਵਬ੍ਰਹਮਾ" ਆਖਦੇ ਹਨ. ਨਾਰਦ ਗੰਧਰਵ ਅਥਵਾ ਸ੍ਵਰਗੀਯ ਰਾਗੀਆਂ ਵਿੱਚ ਸਭ ਤੋਂ ਮੋਹਰੀ ਸੀ. ਇਹ ਇੱਕ ਵਾਰ ਪਾਤਾਲ ਵਿੱਚ ਭੀ ਗਿਆ, ਅਤੇ ਉੱਥੋਂ ਦਾ ਹਾਲ ਦੇਖਕੇ ਵਡਾ ਪ੍ਰਸੰਨ ਹੋਇਆ.#ਇਸ ਦਾ ਕ੍ਰਿਸਨ ਜੀ ਦੀ ਕਥਾ ਨਾਲ ਭੀ ਸੰਬੰਧ ਦਸਦੇ ਹਨ ਕਿ ਇਸ ਨੇ ਕੰਸ ਨੂੰ ਵਿਸਨੁ ਦਾ ਅਵਤਾਰ ਹੋਣਾ ਦੱਸਿਆ ਸੀ ਅਤੇ ਕੰਸ ਨੂੰ ਸਮਝਾਇਆ ਸੀ ਕਿ ਦੇਵਕੀ ਦੇ ਗਰਭ ਵਿੱਚੋਂ ਉਪਜੇ ਬਾਲਕ ਤੋਂ ਤੇਰਾ ਨਾਸ਼ ਹੋਵੇਗਾ, ਜਿਸ ਪੂਰ ਕੰਸ ਨੇ ਦੇਵਕੀ ਦੇ ਬਾਲਕ ਮਾਰੇ.#ਨਾਰਦ ਦੇ ਰਚੇਹੋਏ ਪੰਚਰਾਤ੍ਰ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਆਪਣੇ ਪੁਤ੍ਰ ਨਾਰਦ ਨੂੰ ਕਿਹਾ ਕਿ ਵਿਆਹ ਕਰ ਲਵੇ, ਪਰ ਨਾਰਦ ਨੇ ਕਿਹਾ ਕਿ ਮੇਰਾ ਪਿਤਾ ਝੂਠਾ ਗੁਰੂ ਹੈ ਅਤੇ ਕ੍ਰਿਸਨ ਦਾ ਉਪਾਸਕ ਹੋਣਾ ਹੀ ਸਿੱਧੀ ਦਾ ਕਾਰਣ ਹੈ. ਬ੍ਰਹਮਾ ਨੇ ਨਾਰਦ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਹਰ ਵੇਲੇ ਭੋਗ ਬਿਲਾਸ ਵਿੱਚ ਲਗਾ ਰਹੇਂ ਅਤੇ ਇਸਤ੍ਰੀਆਂ ਦੇ ਅਧੀਨ ਹੋਵੇਂ. ਇਸ ਪੂਰ ਨਾਰਦ ਨੇ ਬ੍ਰਹਮਾ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਆਪਣੀ ਪੁਤ੍ਰੀ ਨਾਲ ਰਮਣ ਕਰੇਂ ਅਤੇ ਲੋਕ ਤੇਰੀ ਪੂਜਾ ਨਾ ਕਰਨ. "ਨਾਰਦ ਮੁਨਿ ਜਨ ਸੁਕ ਬਿਆਸ." (ਗਉ ਥਿਤੀ ਮਃ ੫)#੨. ਨਾਰਦ ਦੀ ਬਾਬਤ ਇਹ ਭੀ ਪ੍ਰਸਿੱਧ ਹੈ ਕਿ ਓਹ ਏਧਰ ਓਧਰ ਦੂਤੀ ਲਾਕੇ ਝਗੜੇ ਖੜੇ ਕਰ ਦਿੰਦਾ ਹੈ, ਇਸ ਲਈ ਲੋਕ ਚੁਗ਼ਲ ਅਤੇ ਫ਼ਿਸਾਦੀ ਆਦਮੀ ਨੂੰ ਨਾਰਦ ਕਹਿਕੇ ਬੁਲਾਉਂਦੇ ਹਨ, "ਨਾਰਦ, ਕਰੇ ਖੁਆਰੀ." (ਬਸੰ ਅਃ ਮਃ ੧)#੩. ਮੱਕੇ ਦੀ ਗੋਸਟਿ ਵਿੱਚ ਲੇਖ ਹੈ ਕਿ ਨਾਰਦ ਨਾਮ ਸ਼ੈਤਾਨ ਦਾ ਹੈ, ਯਥਾ-#"ਨਾਰਦ ਸ਼ੈਤਾਨ ਕੇ ਹਵਾਲੇ, ਕਰੀਅਹਿਂਗੇ."#"ਨਾਰਦੁ ਨਾਚੈ ਕਾਲਿਕਾ ਭਾਉ." (ਆਸਾ ਮਃ ੧)
ਦੇਖੋ, ਪੁਰਾਣ.
ਨਾਰਦ ਦਾ ਲਿਖਿਆ ਗ੍ਰੰਥ, ਜਿਸ ਵਿੱਚ ਪੂਜਾ ਦੇ ਮੁੱਖ ਪੰਜ ਅੰਗ ਹਨ-#੧. ਅਭਿਗਮਨ- ਥਾਂ ਦਾ ਲੇਪਨ, ਧੋਣਾ ਅਤੇ ਦੇਵਤਾ ਨੂੰ ਆਵਾਹਨ ਕਰਨਾ.#੨. ਉਤਪਾਦਨ- ਫੁੱਲ. ਚੰਦਨ ਆਦਿ ਪੂਜਨ ਦੀ ਸਾਮਗ੍ਰੀ ਜਮਾ ਕਰਨੀ.#੩. ਇਜ੍ਯ- ਦੇਵਤਾ ਦੀ ਪੂਜਾ ਕਰਨੀ.#੪. ਸ੍ਵਾਧ੍ਯਾਯ- ਮੰਤ੍ਰਜਪ ਕਰਨਾ.#੫. ਯੋਗ- ਦੇਵਤੇ ਦੇ ਸ੍ਵਰੂਪ ਦਾ ਧ੍ਯਾਨ ਕਰਨਾ.
ਨਾਰਦ ਨੇ. "ਨਾਰਦਿ ਕਹਿਆ ਸਿ ਪੂਜ ਕਰਾਂਹੀ." (ਵਾਰ ਬਿਹਾ ਮਃ ੧) ੨. ਦੇਖੋ, ਨਾਰਦੀ.
ਸੰ ਨਾਰਦੀਯ. ਵਿ- ਨਾਰਦ ਸੰਬੰਧੀ. ਨਾਰਦ ਦਾ. ਨਾਰਦ ਦੀ ਦੱਸੀ ਹੋਈ ਭਗਤਿ ਅਤੇ ਕੀਰਤਨ ਵਿਧਿ. "ਨਾਰਦੀ ਨਰਹਰਿ ਜਾਣਿ ਹਦੂਰੇ." (ਰਾਮ ਮਃ ੫) ਕਰਤਾਰ ਨੂੰ ਸਰਵ੍ਯਾਪੀ ਜਾਣਨਾ ਹੀ ਨਾਰਦੀ ਨ੍ਰਿਂਤ੍ਯ ਅਤੇ ਭਗਤੀ ਹੈ.
ਦੇਖੋ, ਨਾਰਦ.
ਸੰਗ੍ਯਾ- ਨਾਰ (ਗਰਦਨ) ਵਿੱਚ ਨਾਗ ਪਹਿਰਨ ਵਾਲਾ, ਸ਼ਿਵ. "ਗਿਰਿਜਾ ਕੋ ਕਹ੍ਯੋ ਨਾਰਨਾਗੀ ਨੈ ਨਿਹਾਲ ਸਿੰਘ."
ਰਾਜਾ ਪਟਿਆਲਾ ਦੀ ਮਹੇਂਦ੍ਰਗੜ੍ਹ ਨਜਾਮਤ ਦਾ ਪ੍ਰਧਾਨ ਨਗਰ, ਜੋ ਰਿਵਾੜੀ ਤੋਂ ੩੭ ਮੀਲ ਹੈ ਅਤੇ ਰਾਜਪੂਤਾਨਾ ਮਾਲਵਾ ਰੇਲ ਦੀ ਸ਼ਾਖ਼ ਰਿਵਾੜੀ ਫੁਲੇਰਾ ਲਾਈਨ ਪੁਰ ਹੈ. ਸੰਮਤ ੧੯੧੪ ਦੇ ਗ਼ਦਰ ਪਿੱਛੋਂ ਨਵਾਬ ਝੱਜਰ ਦੇ ਜ਼ਬਤ ਹੋਏ ਰਾਜ ਵਿੱਚੋਂ ਇਹ ਮਹਾਰਾਜਾ ਨਰੇਂਦ੍ਰ ਸਿੰਘ ਜੀ ਨੂੰ ਆਸ ਪਾਸ ਦੇ ਇਲਾਕੇ ਸਮੇਤ ਪ੍ਰਾਪਤ ਹੋਇਆ. ਮਹਾਭਾਰਤ ਵਿੱਚ ਇਸ ਪਰਗਨੇ ਦਾ ਨਾਮ "ਨਾਰਾਸ੍ਟ੍ਰ" ਲਿਖਿਆ ਹੈ. "ਨਾਰਨੌਲ ਕੇ ਦੇਸ ਮੇ ਬਿਜੈ ਸਿੰਘ ਇਕ ਨਾਥ." (ਚਰਿਤ੍ਰ ੧੨੪)