Meanings of Punjabi words starting from ਰ

ਰਾਮ- ਅਨੁਜ. ਰਾਮਚੰਦ੍ਰ ਜੀ ਦਾ ਛੋਟਾ ਭਾਈ ਲਛਮਣ (ਲਕਮਣ). ੨. ਮਦਰਾਸ ਦੇ ਇਲਾਕੇ ਕਾਂਚੀਪੁਰ (ਕਾਂਜੀਵਰੰ) ਪਾਸ ਭੂਤਨਗਰੀ ਵਿੱਚ ਸੰਮਤ ੧੦੭੩ ਵਿੱਚ ਕੇਸ਼ਵ ਬ੍ਰਾਹਮਣ ਦੇ ਘਰ ਕਾਂਤਿਮਤੀ ਦੇ ਉਦਰ ਤੋਂ ਇਸ ਮਹਾਤਮਾ ਦਾ ਜਨਮ ਹੋਇਆ.¹ ਪਿਤਾ ਅਤੇ ਯਾਦਵਪ੍ਰਕਾਸ਼ ਤੋਂ ਵੇਦਾਂ ਸ਼ਾਸਤ੍ਰਾਂ ਦੀ ਵਿਦ੍ਯਾ ਪ੍ਰਾਪਤ ਕੀਤੀ. ਫੇਰ ਸ਼੍ਰੀਵੈਸਨਵ ਯਾਮੁਨ ਮੁਨਿ ਦਾ ਸਿੱਖ ਹੋਕੇ ਇਸ ਨੇ ਵਿਸਨੁ ਅਤੇ ਲੱਛਮੀ ਦੀ ਉਪਾਸਨਾ ਦਾ ਪ੍ਰਚਾਰ ਕੀਤਾ. ਇਹ ਸੰਸਕ੍ਰਿਤ ਦਾ ਅਦੁਤੀ ਪੰਡਿਤ ਸੀ. ਇਸ ਨੇ ਵ੍ਯਾਸ ਦੇ ਸੂਤ੍ਰ ਅਤੇ ਗੀਤਾ ਦੇ ਸ਼ਾਂਕਰਭਾਸ਼੍ਯ ਤੋਂ ਜੁਦੇ ਭਾਸ਼੍ਯ ਰਚੇ, ਜਿਨ੍ਹਾਂ ਵਿੱਚ ਵਿਸ਼ਿਸ੍ਟਾਦ੍ਵੈਤ ਦਾ ਵਰਣਨ ਹੈ. ਇਨ੍ਹਾਂ ਤੋਂ ਛੁੱਟ ਵੇਦਾਂਤਸਾਰ, ਵੇਦਾਂਤਦੀਪ, ਵੇਦਾਰਥਸੰਗ੍ਰਹ ਆਦਿ ਗ੍ਰੰਥ ਲਿਖੇ.#ਰਾਮਾਨੁਜ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਮੇਲੂਕੋਟ (ਜਿਲਾ ਹਾਸਨ ਰਿਆਸਤ ਮੈਸੋਰ) ਵਿੱਚ ਰਹਿਕੇ ਵਿਤਾਇਆ, ਅਤੇ ਮੈਸੋਰ ਦੇ ਰਾਜਾ ਵਿਸਨੁਵਰਧਨ ਨੂੰ ਵੈਸਨਵ ਬਣਾਇਆ.#ਰਾਮਾਨੁਜ ਦਾ ਦੇਹਾਂਤ ਸ਼੍ਰੀਰੰਗ (ਜਿਲਾ ਤ੍ਰਿਚਨਾਪਲੀ) ਵਿੱਚ ਸੰਮਤ ੧੧੯੪ ਵਿੱਚ ਹੋਇਆ. ਰਾਮਾਨੁਜ ਦੀ ਸੰਪ੍ਰਦਾਯ ਦੇ ਸ਼੍ਰੀਵੈਸਨਵ ਸ਼ਰੀਰ ਪੁਰ ਸ਼ੰਖ, ਚਕ੍ਰ, ਗਦਾ, ਪਦਮ ਵਿਸਨੁ ਦੇ ਚਿੰਨ੍ਹ ਧਾਰਣ ਕਰਦੇ ਹਨ, ਅਰ ਮਸਤਕ ਪੁਰ ਐਸਾ ♆ ਤਿਲਕ ਲਗਾਉਂਦੇ ਹਨ, ਜਿਸ ਦੀ ਵਿਚਲੀ ਰੇਖਾ ਲਾਲ ਅਤੇ ਕਿਨਾਰੇ ਦੀਆਂ ਸਫੇਦ ਹੁੰਦੀਆਂ ਹਨ. ਸ਼੍ਰੀਵੈਸਨਵ ਤਿੰਨ ਪਦਾਰਥ ਮੰਨਦੇ ਹਨ- ਈਸ਼੍ਵਰ (ਵਿਸਨੁ ਭਗਵਾਨ), ਚਿਤ (ਜੀਵ), ਅਚਿਤ (ਸੰਸਾਰ ਦੇ ਸਾਰੇ ਜੜ੍ਹ ਪਦਾਰਥ).


ਰਾਮ (ਬਲਭਦ੍ਰ) ਦੀ ਅਨੁਜਾ (ਛੋਟੀ ਭੈਣ) ਸੁਭਦ੍ਰਾ. "ਕਿ ਰਾਮਾਨੁਜਾ ਛੈ." (ਦੱਤਾਵ)


ਰਾਮਾਨੁਜ ਦਾ ਮਤ ਧਾਰਣ ਵਾਲਾ. ਸ਼੍ਰੀਵੈਸਨਵ.


ਰਾਮ- ਆਨੰਦ. ਆਤਮ ਆਨੰਦ। ੨. ਵੈਰਾਗੀਆਂ ਦਾ ਆਚਾਰਯ, ਜਿਸ ਦੀ ਸੰਖੇਪ ਕਥਾ ਇਹ ਹੈ-#ਕਾਨ੍ਯਕੁਬਜ ਬ੍ਰਾਹਮਣ ਭੂਰਿਕਰਮਾ ਦੇ ਘਰ ਸੁਸ਼ੀਲਾ ਦੇ ਉਦਰ ਤੋਂ ਇਸ ਦਾ ਜਨਮ ਸੰਮਤ ੧੪੨੩ ਵਿੱਚ ਪ੍ਰਯਾਗ ਹੋਇਆ. ਮਾਤਾ ਪਿਤਾ ਨੇ ਇਸ ਦਾ ਨਾਮ ਰਾਮਦੱਤ ਰੱਖਿਆ. ਰਾਮਾਨੁਜ ਦੀ ਸੰਪ੍ਰਦਾਯ ਦੇ ਪ੍ਰਸਿੱਧ ਪ੍ਰਚਾਰਕ ਰਾਘਵਾਨੰਦ ਦਾ ਚੇਲਾ ਹੋਕੇ ਰਾਮਾਨੰਦ ਨਾਮ ਤੋਂ ਮਸ਼ਹੂਰ ਹੋਇਆ. ਕਾਸ਼ੀ ਵਿੱਚ ਗੰਗਾ ਦੇ ਪਜਾਂਗ ਘਾਟ ਤੇ ਰਹਿਕੇ ਇਸ ਵਿਦ੍ਵਾਨ ਮਹਾਤਮਾ ਨੇ ਬਹੁਤ ਧਰਮਪ੍ਰਚਾਰ ਕੀਤਾ ਅਤੇ ਇਸ ਦੇ ਚੇਲੇ ਕਬੀਰ ਆਦਿਕ ਭਾਰਤ ਦੇ ਅਮੋਲਕ ਰਤਨ ਹੋਏ ਹਨ.#ਗੁਰੁਪਰੰਪਰਾ ਇਉਂ ਹੈ:-:#ਸ਼੍ਰੀ ਰਾਮਾਨੁਜ#।#ਦੇਵਾਨੰਦ#।#ਹਰਿਆਨੰਦ#।#ਰਾਘਵਾਨੰਦ#।#ਰਾਮਾਨੰਦ#ਰਾਮਾਨੰਦ ਤੋਂ ਹੀ ਵੈਰਾਗੀ ਸਾਧੂਆਂ ਦਾ ਫਿਰਕਾ "ਰਾਮਾਵਤ" ਚੱਲਿਆ ਹੈ, ਜੋ ਰਾਮਾਨੁਜ ਦੀ ਦੱਸੀ ਲਕ੍ਸ਼੍‍ਮੀ ਨਾਰਾਯਣ ਉਪਾਸਨਾ ਦੀ ਥਾਂ, ਸੀਤਾ ਰਾਮ ਦੀ ਉਪਾਸਨਾ ਕਰਦਾ ਹੈ. ਅਤੇ ਜਾਤਿ ਅਰ ਖਾਣ ਦੀ ਪਾਬੰਦੀ ਸ਼੍ਰੀਵੈਸਨਵਾਂ ਜੇਹੀ ਨਹੀਂ ਰਖਦਾ. ਰਾਮਾਨੰਦ ਪਹਿਲਾਂ ਮੂਰਤਿਪੂਜਕ ਸੀ, ਪਰ ਅੰਤਲੀ ਅਵਸ੍‍ਥਾ ਵਿੱਚ ਸਾਰੇ ਭ੍ਰਮ ਤਿਆਗਕੇ ਪੂਰਣਗ੍ਯਾਨੀ ਹੋਇਆ ਹੈ. ਦੇਖੋ, ਬਸੰਤ ਰਾਗ ਦਾ ਸ਼ਬਦ-#"ਕਤ ਜਾਈਐ ਰੇ ਘਰ ਲਾਗੋ ਰੰਗੁ?#ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ।#ਏਕ ਦਿਵਸ ਮਨ ਭਈ ਉਮੰਗ।#ਘਸਿ ਚੰਦਨ ਚੋਆ ਬਹੁ ਸੁਗੰਧ।#ਪੂਜਨ ਚਾਲੀ ਬ੍ਰਹਮਠਾਇ।#ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ।#ਜਹਾ ਜਾਈਐ ਤਹ ਜਲ ਪਖਾਨ।#ਤੂ ਪੂਰਿ ਰਹਿਓ ਹੈ ਸਭ ਸਮਾਨ।#ਬੇਦ ਪੁਰਾਨ ਸਭ ਦੇਖੇ ਜੋਇ।#ਊਹਾਂ ਤਉ ਜਾਈਐ, ਜਉ ਈਹਾਂ ਨ ਹੋਇ।#ਸਤਿਗੁਰੁ ਮੈ ਬਲਿਹਾਰੀ ਤੋਰ।#ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ।#ਰਾਮਾਨੰਦ ਸੁਆਮੀ ਰਮਤ ਬ੍ਰਹਮ।#ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥"#ਰਾਮਾਨੰਦ ਦਾ ਦੇਹਾਂਤ ਸੰਮਤ ੧੫੨੪ ਵਿੱਚ ਕਾਸ਼ੀ ਹੋਇਆ.#ਕਈਆਂ ਨੇ ਜਨਮ ਸੰਮਤ ੧੩੫੬ ਅਤੇ ਦੇਹਾਂਤ ੧੪੬੭ ਲਿਖਿਆ ਹੈ, ਜੋ ਭਾਰੀ ਭੁੱਲ ਹੈ.¹ ਰਾਮਾਨੰਦ ਜੀ ਦੇ ਮੁਖੀ ਚੇਲੇ ੧੨. ਹੋਏ ਹਨ- ਅਨੰਤਾਨੰਦ, ਸੁਰਸੁਰਾਨੰਦ, ਸਖਾਨੰਦ, ਨਰਹਰ੍‍ਯਾਨੰਦ, ਯੋਗਾਨੰਦ, ਪੀਪਾ ਜੀ, ਕਬੀਰ ਜੀ, ਭਾਵਾਨੰਦ, ਸੇਨ (ਸੈਣ) ਧਨੇਸ਼੍ਵਰ, ਗਾਲਵਾਨੰਦ ਅਤੇ ਰਮਾਦਾਸ। ੨. ਅਮ੍ਰਿਤਸਰ ਦਾ ਇੱਕ ਸ਼ਾਹੂਕਾਰ, ਜੋ ਮਹਾਰਾਜਾ ਰਣਜੀਤਸਿੰਘ ਦੇ ਖਜਾਨੇ ਦਾ ਹਿਸਾਬ ਰਖਦਾ ਸੀ. ਰਿਆਸਤ ਦਾ ਕੁੱਲ ਜਮਾ ਖਰਚ ਇਸੇ ਦੀ ਮਾਰਫਤ ਹੋਇਆ ਕਰਦਾ ਸੀ. ਸਨ ੧੮੦੫ ਵਿੱਚ ਜਦ ਜਸਵੰਤਰਾਉ ਹੁਲਕਰ ਦੀ ਮਹਾਰਾਜਾ ਨਾਲ ਮੁਲਾਕਾਤ ਹੋਈ, ਤਾਂ ਉਸ ਨੇ ਬਾਕਾਯਦਾ ਸਰਕਾਰੀ ਖ਼ਜ਼ਾਨਾ ਰੱਖਣ ਦੀ ਸਲਾਹ ਦਿੱਤੀ, ਪਰ ਮਹਾਰਾਜਾ ਜੰਗਾਂ ਦੇ ਉਲਝੇਵਿਆਂ ਵਿੱਚ ਰੁੱਝਣ ਕਰਕੇ ਆਪਣਾ ਮਾਲੀ ਪ੍ਰਬੰਧ ਕਈ ਵਰ੍ਹੇ ਤਕ ਠੀਕ ਨਹੀਂ ਕਰ ਸਕੇ. ਸਨ ੧੮੦੯ ਵਿੱਚ ਮਹਾਰਾਜਾ ਨੇ ਦੀਵਾਨ ਭਵਾਨੀਦਾਸ ਨੂੰ ਇਸ ਕੰਮ ਤੇ ਲਾਇਆ, ਉਸ ਨੇ ਹਿਸਾਬ ਦੇ ਦਫਤਰ ਬਾਕਾਇਦਾ ਬਣਾਕੇ ਸਰਕਾਰੀ ਖ਼ਜਾਨਾ ਲਹੌਰ ਕਾਇਮ ਕੀਤਾ.


ਵਿ- ਆਤਮਾਨੰਦੀ. ਆਤਮਰਸ ਲੈਣ ਵਾਲਾ। ੨. ਸੰਗ੍ਯਾ- ਰਾਮਾਨੰਦ ਦੇ ਮਤ ਪੁਰ ਚਲਣ ਵਾਲਾ "ਰਾਮਾਵਤ" ਵੈਰਾਗੀ ਸਾਧੂ.


ਦੇਖੋ, ਰਾਮਾਨੰਦ.


ਰਾਮਭਕ੍ਤਿ. ਕਰਤਾਰ ਦੀ ਸੇਵਾ. ਪਾਰਬ੍ਰਹਮ ਦੀ ਉਪਾਸਨਾ. "ਰਾਮਾਭਗਤਿ ਰਾਮਾਨੰਦੁ ਜਾਨੈ." (ਧਨਾ ਸੈਣ) ੨. ਲੱਛਮੀ ਦੀ ਉਪਾਸਨਾ.


ਸ਼੍ਰੀ ਰਾਮ ਦੀ ਕਥਾ ਦਾ ਗ੍ਰੰਥ. ਸਭ ਤੋਂ ਪਹਿਲਾ ਰਾਮਾਯਣ, ਆਦਿ ਕਵਿ ਵਾਲਮੀਕਿ ਨੇ ਲਿਖਿਆ ਹੈ, ਜਿਸ ਦਾ ੨੪੦੦੦ ਸ਼ਲੋਕ ਅਤੇ ੬੪੭ ਸਰਗ (ਅਧ੍ਯਾਯ) ਹਨ.¹ ਇਹ ਸੱਤ ਕਾਂਡਾਂ ਵਿੱਚ ਹੈ-#(੧) ਬਾਲ ਕਾਂਡ. ਸ਼੍ਰੀ ਰਾਮ ਜੀ ਦਾ ਜਨਮ ਅਤੇ ਬਾਲਲੀਲਾ ਆਦਿਕ ਦਾ ਵਰਣਨ.#(੨) ਅਯੋਧ੍ਯਾ ਕਾਂਡ. ਦਸ਼ਰਥ ਦੀ ਰਾਜਧਾਨੀ ਦਾ ਵਰਣਨ ਅਤੇ ਰਾਮ ਨੂੰ ਵਨਵਾਸ ਤਕ ਦੀ ਕਥਾ.#(੩) ਆਰਣ੍ਯ ਕਾਂਡ. ਰਾਮ ਦੇ ਵਨਵਾਸ ਦਾ ਪ੍ਰਸੰਗ ਅਤੇ ਸੀਤਾਹਰਣ ਆਦਿ ਕਥਾ.#(੪) ਕਿਸਕਿੰਧਾ ਕਾਂਡ. ਰਾਮਚੰਦ੍ਰ ਜੀ ਦਾ ਸੁਗ੍ਰੀਵ ਦੀ ਰਾਜਧਾਨੀ ਕਿਸਕਿੰਧਾ ਪਾਸ ਰਹਿਣਾ ਅਤੇ ਸੀਤਾ ਦੇ ਖੋਜ ਦਾ ਯਤਨ.#(੫) ਸੁੰਦਰ ਕਾਂਡ. ਹਨੁਮਾਨ ਦ੍ਵਾਰਾ ਸੀਤਾ ਦਾ ਪਤਾ ਲੈਣਾ ਅਤੇ ਰਾਮਚੰਦ੍ਰ ਜੀ ਦਾ ਸੈਨਾ ਸਮੇਤ ਬਹੁਤ ਸੁੰਦਰ ਰਸਤਿਆਂ ਵਿੱਚਦੀਂ ਲੰਘਕੇ ਲੰਕਾ ਵੱਲ ਜਾਣਾ.#(੬) ਯੁੱਧ ਕਾਂਡ, ਅਥਵਾ ਲੰਕਾ ਕਾਂਡ. ਰਾਵਣ ਨਾਲ ਲੜਾਈ, ਸੀਤਾ ਨੂੰ ਵਾਪਿਸ ਲੈਕੇ ਅਯੋਧ੍ਯਾ ਵਿੱਚ ਪ੍ਰਵੇਸ਼ ਅਤੇ ਰਾਮ ਦਾ ਰਾਜਸਿੰਘਸਨ ਪੁਰ ਬੈਠਣਾ.#(੭) ਉੱਤਰ ਕਾਂਡ. ਰਾਮ ਦਾ ਅਯੋਧ੍ਯਾ ਵਿੱਚ ਨਿਵਾਸ, ਸੀਤਾ ਨੂੰ ਵਨਵਾਸ, ਲਵ ਕੁਸ਼ ਦਾ ਜਨਮ, ਅਸ਼੍ਵਮੇਧ ਯਗ੍ਯ ਦਾ ਕਰਨਾ ਅਤੇ ਸੀਤਾ ਦਾ ਫਿਰ ਮਿਲਾਪ ਹੋਣਾ ਤਥਾ ਰਾਮ ਦਾ ਪਰਿਵਾਰ ਸਮੇਤ ਦੇਵਲੋਕ ਗਮਨ.#ਪਸ਼੍ਚਿਮੀ ਵਿਦ੍ਵਾਨਾਂ ਦਾ ਖਿਆਲ ਹੈ ਕਿ ਇਹ ਰਾਮਾਯਣ ਸਨ ਈਸਵੀ ਤੋਂ ਪਹਿਲਾਂ ੪੦੦- ੨੦੦ ਵਰ੍ਹੇ ਦੇ ਅੰਦਰ ਲਿਖਿਆ ਗਿਆ ਹੈ.#ਵਾਲਮੀਕਿ ਤੋਂ ਪਿੱਛੋਂ ਵ੍ਯਾਸ ਜੀ ਨੇ ਅਧ੍ਯਾਤਮ ਰਾਮਾਯਣ ਲਿਖਿਆ, ਜੋ ਬ੍ਰਹਮਾਂਡ ਪੁਰਾਣ ਦਾ ਇੱਕ ਭਾਗ ਹੈ. ਇਸ ਦਾ ਛੰਦਾਂ ਵਿੱਚ ਭਾਈ ਗੁਲਾਬਸਿੰਘ ਜੀ ਨੇ ਸੁੰਦਰ ਹਿੰਦੀ ਉਲਥਾ ਕੀਤਾ ਹੈ.#ਹਨੁਮਾਨਨਾਟਕ ਆਦਿ ਅਨੇਕ ਰਾਮਾਯਣ ਕਵੀਆਂ ਨੇ ਲਿਖੇ ਹਨ, ਜਿਨ੍ਹਾਂ ਦੀ ਗਿਣਤੀ ੩੦ ਤੋਂ ਵਧੀਕ ਹੈ. ਹਿੰਦੀ ਭਾਸਾ ਵਿੱਚ ਤੁਲਸੀਦਾਸ ਕ੍ਰਿਤ ਚੌਪਾਈ ਰਾਮਾਯਣ ਅਤੇ ਹ੍ਰਿਦਯਰਾਮ ਕ੍ਰਿਤ ਹਨੁ ਨਾਟਕ, ਬਹੁਤ ਮਨੋਹਰ ਹਨ.


ਰਾਮ ਦਾ ਸ਼ਸਤ੍ਰ, ਧਨੁਖ.


ਦੇਖੋ, ਰਾਮਾਨੰਦ ੨.


ਸੰ. ਸੰਗ੍ਯਾ- ਰਾਤ. ਰਾਤ੍ਰਿ.


ਫ਼ਾ. [رامِش] ਸੰਗ੍ਯਾ- ਰਾਗ. ਸੰਗੀਤ। ੨. ਖ਼ੁਸ਼ੀ। ੩. ਤਸੱਲੀ. ਦਿਲਾਸਾ.