Meanings of Punjabi words starting from ਭ

ਭੁੱਜਿਆ ਹੋਇਆ (ਭੁੜਥਾ). "ਸਭ ਹੀ ਕਰੋਂ ਅਗਨਿ ਕਾ ਭੂਜਾ." (ਗ੍ਯਾਨ) ੨. ਭੂ- ਜਾ. ਜ਼ਮੀਨ ਤੋਂ ਪੈਦਾ ਹੋਇਆ ਘਾਹ. (ਸਨਾਮਾ) ੩. ਬਿਰਛ. (ਸਨਾਮਾ) ੪. ਸੀਤਾ. ਭੂਮਿਜਾ.


ਪ੍ਰਿਥਿਵੀ ਤੋਂ ਪੈਦਾ ਹੋਏ ਘਾਹ ਨੂੰ ਚਰਣ ਵਾਲਾ ਮ੍ਰਿਗ. (ਸਨਾਮਾ)


ਘਾਹ ਚਰਨ ਵਾਲਾ ਮ੍ਰਿਗ. ਉਸ ਦਾ ਵੈਰੀ ਸਿੰਘ. ਸ਼ੇਰ. (ਸਨਾਮਾ)


ਭੂ (ਪ੍ਰਿਥਿਵੀ) ਤੋਂ ਪੈਦਾ ਹੋਇਆ ਘਾਹ, ਉਸ ਦਾ ਅੰਤ ਕਰਨ ਵਾਲਾ ਮ੍ਰਿਗ. (ਸਨਾਮਾ)


ਮ੍ਰਿਗ ਦਾ ਵੈਰੀ ਸ਼ੇਰ. (ਸਨਾਮਾ)


ਸੰ. भोटाङ्ग. ਭੋਟਾਂਗ. ਪੂਰਵੀ ਹਿਮਾਲਯ ਦੀ ਇੱਕ ਰਿਆਸਤ, ਜਿਸ ਦੀ ਸਰਹੱਦ ਤਿੱਬਤ ਅਤੇ ਕਾਮਰੂਪ ਨਾਲ ਲਗਦੀ ਹੈ. ਇਹ ਸਨ ੧੮੬੪ ਤੋਂ ਅੰਗ੍ਰੇਜ਼ੀ ਸਰਕਾਰ ਦੀ ਰਖ੍ਯਾ ਅੰਦਰ ਹੈ. ਇਸ ਦਾ ਰਕਬਾ ੨੦, ੦੦੦ ਵਰਗਮੀਲ ਅਤੇ ਜਨਸੰਖ੍ਯਾ ੨੫੦, ੦੦੦ ਹੈ.


ਗੋਬਰ ਆਦਿ ਮੈਲ ਖਾਣ ਵਾਲਾ ਭੌਰੇ ਦੀ ਸ਼ਕਲ ਦਾ ਇੱਕ ਜੀਵ। ੨. ਭਾਵ ਵਿਸਯਲੰਪਟ ਮਲੀਨਮਤਿ. "ਭੂਡੜੈ ਨਾਮ ਵਿਸਾਰਿਆ." (ਵਡ ਅਲਾਹਣੀ ਮਃ ੧) ੩. ਵਿ- ਭੱਦਾ.


ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍‍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ.


ਜੀਵਾਂ ਨੂੰ ਮਾਰਨ ਵਾਲਾ ਕਾਲ। ੨. ਸ਼ਿਵ। ੩. ਮੰਤ੍ਰ ਜੰਤ੍ਰ ਦ੍ਵਾਰਾ ਕਿਸੇ ਵਿੱਚ ਪ੍ਰਵੇਸ਼ ਹੋਏ ਭੂਤ ਨੂੰ ਕੱਢਣ ਵਾਲਾ. "ਭੂਤਹੰਤਾ ਇੱਕ ਮੰਤ੍ਰ ਉਚਾਰੈ." (ਚਰਿਤ੍ਰ ੩੯੬) ੪. ਭੂਤਹਰ. ਗੁੱਗਲ, ਜਿਸ ਦੀ ਧੂਪ ਭੂਤਾਂ ਨੂੰ ਭਜਾ ਦਿੰਦੀ ਹੈ.