Meanings of Punjabi words starting from ਸ

ਸੰਗ੍ਯਾ- ਹਜ਼ਾਰ ਫਣਾਂ ਦੇ ਧਾਰਨ ਵਾਲਾ ਸ਼ੇਸਨਾਗ. ਦੇਖੋ, ਸੇਸਨਾਗ.


ਸੰਗ੍ਯਾ- ਹੈਹਯ ਵੰਸ਼ ਦਾ ਪ੍ਰਤਾਪੀ ਰਾਜਾ, ਜੋ ਸੰਸਕ੍ਰਿਤ ਦੇ ਕਵੀਆਂ ਦੇ ਕਥਨ ਅਨੁਸਾਰ ਹਜ਼ਾਰ ਬਾਹਾਂ ਵਾਲਾ ਸੀ. ਇਹ ਚੰਦ੍ਰਵੰਸ਼ੀ ਰਾਜਾ ਕ੍ਰਿਤਵੀਰ੍‍ਯ ਦਾ ਪੁਤ੍ਰ ਹੋਣ ਕਰਕੇ ਕਾਰ੍‍ਤਵੀਰ੍‍ਯ ਸੱਦੀਦਾ ਹੈ ਅਤੇ ਇਸ ਦਾ ਨਾਉਂ ਅਰਜੁਨ ਭੀ ਹੈ. ਇਹ ਮਾਹਿਸਮਤੀ¹ ਨਗਰੀ ਦਾ ਰਾਜਾ ਅਤੇ ਦੱਤਾਤ੍ਰੇਯ ਦਾ ਸਿੱਖ ਸੀ. ਇਸ ਨੇ ਸਾਰੀ ਵਿਸ਼੍ਵ ਨੂੰ ਜਿੱਤਕੇ ੮੫੦੦੦ ਵਰ੍ਹੇ ਰਾਜ ਕੀਤਾ.#ਬ੍ਰਹਮਵੈਵਰ੍‍ਤ ਪੁਰਾਣ ਵਿੱਚ ਲਿਖਿਆ ਹੈ ਕਿ ਇੱਕ ਵਾਰ ਸਹਸ੍ਰਬਾਹੁ ਜਮਦਗਨਿ ਰਿਖੀ ਦੇ ਆਸ਼੍ਰਮ ਤੇ ਸੈਨਾ ਸਮੇਤ ਗਿਆ. ਰਿਖੀ ਨੇ ਕਪਿਲਾ ਨਾਮਕ ਕਾਮਧੇਨੁ ਗਊ ਦੀ ਸਹਾਇਤਾ ਨਾਲ ਰਾਜੇ ਦੀ ਅਜੇਹੀ ਦਾਵਤ ਕੀਤੀ ਕਿ ਸਹਸ੍ਰਬਾਹੁ ਹੈਰਾਨ ਹੋ ਗਿਆ. ਤੁਰਨ ਵੇਲੇ ਰਾਜੇ ਨੇ ਰਿਖੀ ਤੋਂ ਗਾਂ ਮੰਗੀ, ਜਿਸ ਪੁਰ ਜਮਦਗਨਿ ਨੇ ਇਨਕਾਰ ਕੀਤਾ. ਇਸ ਪੁਰ ਸਹਸ੍ਰਬਾਹੁ ਨੇ ਜੋਰੋ ਜੋਰੀ ਖੋਹਣੀ ਚਾਹੀ, ਪਰ ਗਊ ਤੋਂ ਪੈਦਾ ਹੋਈ ਫੌਜ ਨੇ ਰਾਜੇ ਦੀ ਸੈਨਾ ਨੂੰ ਭਾਰੀ ਹਾਰ ਦਿੱਤੀ. ਇਸ ਅਪਮਾਨ ਨੂੰ ਚਿੱਤ ਵਿੱਚ ਰੱਖਕੇ ਇੱਕ ਵਾਰ ਫੇਰ ਸਹਸ੍ਰਬਾਹੁ ਜਮਦਗਨਿ ਦੇ ਆਸ਼੍ਰਮ ਤੇ ਦਲ ਬਲ ਸਮੇਤ ਅਚਾਨਕ ਆਇਆ ਅਤੇ ਰਿਖੀ ਨੂੰ ਮਾਰ ਦਿੱਤਾ. ਉਸ ਵੇਲੇ ਜਮਦਗਨਿ ਦਾ ਪੁਤ੍ਰ ਪਰਸ਼ੁਰਾਮ ਘਰ ਨਹੀਂ ਸੀ. ਪਰ ਜਦ ਉਹ ਆਸ਼ਰਮ ਵਿੱਚ ਪਹੁੰਚਿਆ ਤਾਂ ਉਸ ਦੀ ਮਾਂ ਰੇਣੁਕਾ ਨੇ ਸੱਤ ਵਾਰ ਤਿਹੱਥੜ ਮਾਰਕੇ ਵਿਲਾਪ ਕੀਤਾ. ਇਸ ਪੁਰ ਪਰਸ਼ੁਰਾਮ ਨੇ ਪ੍ਰਤਿਗ੍ਯਾ ਕੀਤੀ ਕਿ ਮੈਂ ੨੧. ਵਾਰ ਪ੍ਰਿਥਿਵੀ ਨੂੰ ਕ੍ਸ਼੍‍ਤ੍ਰਿਯ ਰਹਿਤ ਕਰਾਂਗਾ, ਅਤੇ ਜੰਗ ਕਰਕੇ ਸਹਸ੍ਰਬਾਹੁ ਨੂੰ ਮਾਰਿਆ. ਦੇਖੋ, ਹੈਹਯ ਅਤੇ ਪਰਸ਼ੁਰਾਮ। ੨. ਵਾਣਾਸੁਰ (ਭੌਮਾਸੁਰ) ਜਿਸ ਦੇ ਹਜ਼ਾਰ ਬਾਹਾਂ ਸਨ. ਦੇਖੋ, ਵਾਣ ੫.


ਪਰਸ਼ੁਰਾਮ। ੨. ਕ੍ਰਿਸਨ ਜੀ.


ਹਜ਼ਾਰ (ਅਨੰਤ) ਅੰਸ਼ੁ (ਕਿਰਣਾਂ) ਵਾਲਾ, ਸੂਰਜ.


ਦੇਖੋ, ਸਹਸ੍ਰਬਾਹੁ। ੨. ਅਨੰਤ ਭੁਜਾ ਵਾਲੀ ਦੇਵੀ. "ਜਪੈ ਰਾਤ੍ਰ ਦ੍ਯੋਸੰ ਸਹਸ੍ਰੀ ਭੁਜਾਨੰ. (ਅਜਰਾਜ)


ਸੰਗ੍ਯਾ- ਸਾਹ ਦੀ ਕਸ਼ਿਸ਼ (ਖਿੱਚ). ਦਮਕਸ਼ੀ। ੨. ਵਿ- ਸੁਸ੍ਕ. ਖ਼ੁਸ਼ਕ "ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ." (ਸਹਸ ਮਃ ੫) ਤਿਨਕੇ ਨੂੰ ਪਹਾੜ, ਸੁੱਕੇ ਨੂੰ ਹਰਾ.


ਕ੍ਰਿ- ਕਸ਼ਿਸ਼ ਨਾਲ ਸਾਹ ਲੈਣਾ. ਖਿੱਚਵਾਂ ਸਾਹ ਲੈਣਾ. ਹਾਹੁਕਾ ਲੈਣਾ। ੨. ਤਰਸਣਾ. "ਸੰਤ ਕਾ ਦੋਖੀ ਸਦਾ ਸਹਕਾਈਐ." (ਸੁਖਮਨੀ)


ਸੰ. ਸੰਗ੍ਯਾ- ਸਾਥ ਕਰਨਾ। ੨. ਸਹਾਇਤਾ। ੩. ਅਜਿਹਾ ਅੰਬ, ਜਿਸ ਦੀ ਸੁਗੰਧ ਦੂਰ ਤੀਕ ਫੈਲੇ। ੪. ਸਹਾਇਕ. ਮਦਦਗਾਰ.


ਸੰ. सहकारिन् ਵਿ- ਸਹਾਇਕ. ਸਾਥ ਮਿਲਕੇ ਕੰਮ ਕਰਨ ਵਾਲਾ. ਸਾਥੀ. "ਫਿਰਤ ਫਿਰਤ ਸਹਕਾਰੀ ਲੋਗ." (ਗੁਪ੍ਰਸੂ)