Meanings of Punjabi words starting from ਖ

ਨਾਸ਼. ਦੇਖੋ, ਕ੍ਸ਼ਯ. "ਦੂਤ ਦੁਸਟ ਸਭਿ ਹੋਏ ਖਇਆ." (ਬਿਲਾ ਮਃ ੫) ੨. ਕ੍ਸ਼ਯ (ਨਾਸ਼) ਹੋਇਆ. "ਅਹੰਰੋਗ ਸਗਲ ਹੀ ਖਇਆ." (ਸਾਰ ਮਃ ੫) ੩. ਵਿਨਾਸ਼ਕ. ਹਿੰਸਕ. "ਮੁਏ ਦੁਸਟ ਜੋ ਖਇਆ." (ਦੇਵ ਮਃ ੫) ਕਾਤਿਲ ਵਿਕਾਰ ਮਰ ਗਏ। ੪. ਖਹਿਆ. ਦੇਖੋ, ਖਹਣਾ.


ਦੇਖੋ, ਖੈਕਾਲ.


ਦੇਖੋ, ਕ੍ਸ਼ਯ. "ਕਲਮਲ ਤਿਸੁ ਖਈ." (ਵਾਰ ਰਾਮ ੨. ਮਃ ੫) ੨. ਖਾਂਦਾ ਹੈ. ਖਾਦਨ ਕਰਦਾ ਹੈ. "ਇਕਥਲ ਭੋਜਨ ਸਭਕੋ ਖਈ." (ਗੁਪ੍ਰਸੂ) ੩. ਸੰ. ਕ੍ਸ਼ਯ ਅਤੇ ਰਾਜਯਕ੍ਸ਼ਮਾ. [حُمّی دِقّ] ਹ਼ੱਮਾਦਿੱਕ਼. Consumption. ਪਹਿਲਾਂ ਨਜਲਾ ਹੋਕੇ ਖਾਂਸੀ ਅਤੇ ਤਾਪ ਹੁੰਦਾ ਹੈ, ਫੇਰ ਸਨੇ ਸਨੇ ਫਿਫੜੇ ਵਿੱਚ ਸੋਜ ਅਤੇ ਜਖਮ ਹੋ ਜਾਂਦੇ ਹਨ. ਖੰਘਾਰ ਨਾਲ ਲਹੂ ਆਉਂਦਾ ਹੈ. ਛਾਤੀ ਵਿੱਚ ਪੀੜ ਹੁੰਦੀ ਹੈ. ਤਾਪ ਹਰ ਵੇਲੇ ਰਹਿੰਦਾ ਹੈ. ਸਰੀਰ ਸੁਸਤ ਪੈ ਜਾਂਦਾ ਹੈ. ਭੁੱਖ ਬੰਦ, ਪਿਆਸ ਬਹੁਤ ਹੁੰਦੀ ਹੈ. ਲਹੂ ਵਿੱਚੋਂ ਲਾਲੀ ਘਟ ਜਾਂਦੀ ਹੈ. ਚਿਹਰੇ ਦਾ ਰੰਗ ਫਿੱਕਾ ਪੈ ਜਾਂਦਾ ਹੈ. ਨੀਂਦ ਘੱਟ ਆਉਂਦੀ ਹੈ. ਦੀਨਤਾ ਚਿੰਤਾ ਡਰ ਸਦਾ ਮਨ ਵਿੱਚ ਵਸਦੇ ਹਨ. ਰਾਤ ਨੂੰ ਧੜ ਤੋਂ ਉੱਪਰ ਪਸੀਨਾ ਆਉਂਦਾ ਹੈ. ਮੱਠੀ ਮੱਠੀ ਸਿਰਪੀੜ ਰਹਿਣੀ, ਬੁਰੇ ਸੁਪਨੇ ਆਉਣੇ, ਪੈਰਾਂ ਉੱਤੇ ਸੋਜ ਹੋਣੀ, ਕਦੇ ਕਬਜ ਕਦੇ ਦਸਤ ਆਉਣੇ ਆਦਿਕ ਇਸ ਦੇ ਲੱਛਣ ਹਨ.#ਖਈ ਦੇ ਕਾਰਣ ਹਨ- ਬਹੁਤਾ ਮੈਥੁਨ, ਛੋਟੀ ਉਮਰ ਦੀ ਸ਼ਾਦੀ, ਪੜ੍ਹਨ ਦੀ ਬਹੁਤੀ ਮਿਹਨਤ, ਚੰਗੀ ਖੁਰਾਕ ਦਾ ਨਾ ਮਿਲਣਾ, ਗੰਦੀ ਹਵਾ ਵਿੱਚ ਰਹਿਣਾ, ਚਿੰਤਾ ਅਤੇ ਸ਼ੋਕ ਦਾ ਹੋਣਾ, ਭੁੱਖ ਮਲਮੂਤ੍ਰ ਤੇਹ ਆਦਿਕ ਦੇ ਵੇਗਾਂ ਨੂੰ ਰੋਕਣਾ, ਬਹੁਤ ਬੈਠੇ ਰਹਿਣਾ, ਘਰ ਦਾ ਹਵਾਦਾਰ ਨਾ ਹੋਣਾ ਆਦਿ.#ਇਹ ਰੋਗ ਕਦੇ ਕਦੇ ਮਾਤਾ ਪਿਤਾ ਤੋਂ (ਮੌਰੂਸੀ) ਭੀ ਹੁੰਦਾ ਹੈ. ਖਈ ਦੇ ਰੋਗੀ ਦੀ ਛੂਤ ਤੋਂ ਭੀ ਦੂਜੇ ਨੂੰ ਹੋ ਜਾਂਦਾ ਹੈ. ਜਿਸ ਘਰ ਵਿੱਚ ਇਹ ਰੋਗ ਇੱਕ ਵਾਰ ਵੜ ਜਾਵੇ ਫੇਰ ਨਿਕਲਨਾ ਔਖਾ ਹੈ. ਖਈ ਦਾ ਰੋਗੀ ਮਸੀਂ ੧੦੦੦ ਦਿਨ ਕਟਦਾ ਹੈ. ਇਸ ਰੋਗ ਦੇ ਹੁੰਦੇ ਹੀ ਕਿਸੇ ਸਿਆਣੇ ਵੈਦ ਹਕੀਮ ਡਾਕਟਰ ਦੀ ਰਾਇ ਨਾਲ ਇਲਾਜ ਸ਼ੁਰੂ ਕਰ ਦੇਣਾ ਚਾਹੀਏ. ਘਰ ਦਾ ਨਿਵਾਸ ਛੱਡ ਕੇ ਜੰਗਲ ਪਹਾੜ ਨਦੀ ਅਥਵਾ ਸਮੁੰਦਰ ਦੇ ਕਿਨਾਰੇ ਅਤੇ ਚੀਲ੍ਹਾਂ ਦੇ ਵਣ ਵਿੱਚ ਡੇਰਾ ਲਾਉਣਾ ਚਾਹੀਏ. ਮੈਥੁਨ ਤੋਂ ਪੂਰਾ ਪਰਹੇਜ਼ ਰੱਖਣਾ ਲੋੜੀਏ. ਸਰਦੀ ਤੋਂ ਬਚਾਉ ਰੱਖਣ ਚਾਹੀਏ. ਮਨ ਪ੍ਰਸੰਨ ਕਰਨ ਵਾਲੇ ਅਤੇ ਨੇਤ੍ਰਾਂ ਨੂੰ ਆਨੰਦ ਦੇਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਏ. ਤਾਕਤ ਦੇਣ ਵਾਲੀ ਹਲਕੀ ( ਦੁੱਧ ਸ਼ੋਰਵਾ ਆਦਿ) ਗਿਜਾ ਅਤੇ ਫਲਾਂ ਦਾ ਸੇਵਨ ਕਰਨਾ ਚਾਹੀਏ, ਅਤੇ ਹਰ ਵੇਲੇ ਮਨ ਵਿੱਚ ਉਤਸ਼ਾਹ ਰੱਖਣਾ ਲੋੜੀਏ ਕਿ ਮੈਂ ਰਾਜੀ ਹੋ ਜਾਵਾਂਗਾ.#ਇਸ ਦਾ ਇਲਾਜ ਅਨਾੜੀਆਂ ਤੋਂ ਕਦੇ ਨਹੀਂ ਕਰਾਉਣਾ ਚਾਹੀਏ. ਆਪਣੇ ਆਪ ਨੂੰ ਲਾਇਕ ਡਾਕਟਰਾਂ ਦੇ ਸਪੁਰਦ ਕਰਨਾ ਚੰਗਾ ਹੈ.#ਖਈ ਦੇ ਸਾਧਾਰਣ ਇਲਾਜ ਇਹ ਹਨ-#ਖਾਂਸੀ ਅਤੇ ਤਾਪ ਦੇ ਦੂਰ ਕਰਨ ਵਾਲੀਆਂ ਦਵਾਈਆਂ ਵਰਤੋ, ਬਹੁਤ ਪਸੀਨਾ ਅਤੇ ਦਸਤਾਵਰ ਔਖਧਾਂ ਤੋਂ ਬਚੋ. ਕਾਡਲਿਵਰ ਆਇਲ (Codliver oil) ਪੀਓ. ਬੰਸਲੋਚਨ, ਇਲਾਚੀਆਂ, ਸਤਗਿਲੋ, ਸੁੱਚੇ ਮੋਤੀ, ਚਾਂਦੀ ਦੇ ਵਰਕ ਮਿਲਾਕੇ ਗਊ ਦੇ ਦੁੱਧ ਨਾਲ ਖਾਓ. ਕਾਲੀ ਮਿਰਚਾਂ ਇੱਕ ਤੋਲਾ, ਮਘਾਂ ਦੋ ਤੋਲੇ, ਅਨਾਰ ਦਾ ਛਿੱਲ ਚਾਰ ਤੋਲੇ, ਜੌਂਖਾਰ ਛੀ ਮਾਸੇ, ਗੁੜ ਅੱਠ ਤੋਲੇ, ਇਨ੍ਹਾਂ ਨੂੰ ਪੀਹਕੇ ਦੋ ਦੋ ਮਾਸ਼ੇ ਦੀਆਂ ਗੋਲੀਆਂ ਬਣਾਓ. ਗਰਮ ਜਲ ਨਾਲ ਦੋ ਗੋਲੀਆਂ ਨਿੱਤ ਸੇਵਨ ਕਰੋ. "ਖਈ ਸੁ ਬਾਦੀ ਭਈ ਮਵੇਸੀ." (ਚਰਿਤ੍ਰ ੪੦੫)


ਖਾਜਾਊ. "ਮਾਨੁਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ." (ਬਿਲਾ ਕਬੀਰ) ੨. ਦੇਖੋ, ਖਈ.


ਕ੍ਸ਼ਯ ਭਏ. ਨਾਸ਼ ਹੋਏ. "ਸੁਨਤ ਜਸੋ ਕੋਟਿ ਅਘ ਖਏ." (ਗਉ ਮਃ ੫)


ਸੰ. घृष् ਧਾ- ਘਸਣਾ. "ਸਿਲਾ ਸੰਗ ਖਸ ਚਾਲਤ ਨੀਰ." (ਗੁਪ੍ਰਸੂ) ਸਿਲਾ ਨਾਲ ਖਹਿਕੇ ਪਾਣੀ ਚਲਦਾ ਹੈ। ੨. ਦੇਖੋ, ਖਸਣਾ। ੩. ਫ਼ਾ. [خس] ਖ਼ਸ. ਉਸ਼ੀਰ. ਵੀਰਣਮੂਲ. ਪੰਨ੍ਹੀ ਦੀ ਜੜ, ਜੋ ਵਡੀ ਸੁਗੰਧ ਵਾਲੀ ਹੁੰਦੀ ਹੈ. ਇਸ ਦਾ ਇਤਰ ਬਣਦਾ ਹੈ. ਗਰਮੀਆਂ ਵਿੱਚ ਅਮੀਰ ਲੋਕ ਇਸ ਦੀਆਂ ਟੱਟੀਆਂ ਅਤੇ ਪੱਖੇ ਬਣਾਉਂਦੇ ਹਨ. "ਖਸ ਟਾਟੀ ਕੀਨੇ ਛਿਰਕਾਵ." (ਗੁਪ੍ਰਸੂ) ਖਸ ਦੀ ਤਾਸੀਰ ਸਰਦ ਹੈ. ਸਿਰਪੀੜ ਤਾਪ ਦਾਹ ਅਤੇ ਵਮਨ (ਕ਼ਯ) ਨੂੰ ਦੂਰ ਕਰਦੀ ਹੈ. L. Andropogon Muricatus ੪ ਸੰ. ਗੜ੍ਹਵਾਲ ਅਤੇ ਉਸ ਦੇ ਉੱਤਰ ਵੱਲ ਦਾ ਦੇਸ਼, ਕਸ਼ਮੀਰ ਦੇ ਦੱਖਣ ਵੱਲ ਦਾ ਇਲਾਕਾ, ਜਿਸ ਵਿੱਚ ਖਸ ਜਾਤੀ ਵਸਦੀ ਸੀ। ੫. ਖਸ ਦੇਸ਼ ਵਿੱਚ ਰਹਿਣ ਵਾਲੀ ਇੱਕ ਜਾਤਿ, ਜਿਸ ਨੂੰ ਹੁਣ ਖਸੀਆ ਕਹਿੰਦੇ ਹਨ. "किराता दरदाः खमाः" (ਮਨੁ) ੬. ਪਾਂਉ ਦਾ ਰੋਗ. ਪਾਮਾ.


ਕ੍ਰਿ- ਆਪਣੇ ਥਾਂ ਤੋਂ ਟਲਣਾ ਸਰਕਣਾ.