Meanings of Punjabi words starting from ਦ

ਸੰਗ੍ਯਾ- ਦੀਪਾਟਿਕਾ. ਦੀਪਕ ਰੱਖਣ ਦੀ ਟਿਕਟਿਕੀ। ੨. ਮਸਾਲ. ਮਸ਼ਅ਼ਲ. "ਜਾਰ ਦੀਵਟੈਂ ਤਸਕਰ ਧਾਏ." (ਚਰਿਤ੍ਰ ੧੮੬) ੩. ਦੀਵੇ ਦੀ ਵੱਟੀ. "ਜੋਤਿ ਦੀਵਟੀ ਘਟ ਮਹਿ ਜੋਇ." (ਗਉ ਕਬੀਰ ਵਾਰ ੭) ੪. ਦੀਵੇ ਦੀ ਠੂਠੀ. "ਦੇਹ ਦੀਵਟੀ ਕੇ ਵਿਖੈ ਨੇਹ ਮੋਹ ਭਰਪੂਰ। ਬਾਤੀ ਵਿਸਯਨ ਵਾਸਨਾ ਅਗਨਿ ਗ੍ਯਾਨ ਤੇ ਦੂਰ." (ਨਾਪ੍ਰ)


ਦੇਣਾ. ਦਾਨ ਕਰਨਾ. ਦੇਵਨ. "ਪ੍ਰਭੁ ਕ੍ਰਿਪਾਲੁ ਜਿਸ ਦੀਵਨਾ." (ਮਾਰੂਃ ਮਃ ੫)


ਸੰਗ੍ਯਾ- ਦੀਪਕ. ਦੀਪ. ਚਰਾਗ਼. "ਜਉ ਤੁਮ ਦੀਵਰਾ, ਤਉ ਹਮ ਬਾਤੀ." (ਸੋਰ ਰਵਿਦਾਸ) "ਦੀਵੜੇ ਗਇਆ ਬੁਝਾਇ." (ਸ. ਫਰੀਦ) ਇੱਥੇ ਦੀਵੇ ਤੋਂ ਭਾਵ ਨੇਤ੍ਰ ਹੈ. "ਚੰਦ ਸੂਰਜ ਦੀਵੜੇ." (ਮਲਾ ਨਾਮਦੇਵ) "ਦੀਵਾ ਮੇਰਾ ਏਕੁ ਨਾਮੁ." (ਆਸਾ ਮਃ ੧)


ਦੇਖੋ, ਦੀਬਾਨ. "ਸਭਨਾ ਦੀਵਾਨ ਦਇਆਲਾ." (ਵਡ ਮਃ ੩) ੨. ਗ਼ਜ਼ਲਾਂ ਦਾ ਸਮੁਦਾਯ ਹੋਵੇ ਜਿਸ ਪੁਸ੍ਤਕ ਵਿੱਚ. ਗ਼ਜ਼ਲਾਂ ਦਾ ਗ੍ਰੰਥ. ਦੇਖੋ, ਦੀਵਾਨ ਗੋਯਾ.


ਸੰਗ੍ਯਾ- ਉਹ ਦੀਵਾਨ (ਸਭਾ ਸਮਾਜ), ਜਿਸ ਵਿੱਚ ਆਮ ਲੋਕ ਜਮਾ ਹੋਣ. ਸਰਵ ਸਾਧਾਰਣ ਜਿਸ ਵਿੱਚ ਸ਼ਰੀਕ ਹੋ ਸਕਣ। ੨. ਉਹ ਮਕਾਨ ਜਿਸ ਵਿੱਚ ਆਮ ਲੋਕ ਜਾਕੇ ਦੀਵਾਨ ਵਿੱਚ ਬੈਠ ਸਕਣ. ਮੁਗਲ ਬਾਦਸ਼ਾਹਾਂ ਵੇਲੇ ਦਿੱਲੀ ਆਗਰੇ ਲਹੌਰ ਆਦਿ ਵਿੱਚ ਐਸੇ ਮਕਾਨ ਬਣਾਏ ਗਏ ਸਨ, ਜਿਨ੍ਹਾਂ ਵਿੱਚ ਬਾਦਸ਼ਾਹ ਦਰਬਾਰ ਕਰਕੇ ਆਮ ਲੋਕਾਂ ਨੂੰ ਆਉਣ ਦੀ ਆਗ੍ਯਾ ਦਿੰਦਾ ਸੀ. ਲਹੌਰ ਦੇ ਕਿਲੇ ਵਿੱਚ ਚਾਲੀ ਸਤੂਨਾਂ (ਥਮਲਿਆਂ) ਉੱਤੇ ਇੱਕ ਆਲੀਸ਼ਾਨ "ਦੀਵਾਨ ਆਮ" ਹੈ. ਜੋ ਸਨ ੧੬੨੮ ਵਿੱਚ ਸ਼ਾਹਜਹਾਂ ਨੇ ਆਪਣੇ ਸਹੁਰੇ ਆਸਫ਼ਖ਼ਾਨ ਦੀ ਮਾਰਫਤ ਬਣਵਾਇਆ ਸੀ। ੩. ਉਹ ਦੀਵਾਨ (ਮੁਜਲਿਸ) ਜੋ ਪ੍ਰਜਾ ਦੇ ਸਾਧਾਰਣ ਲੋਕਾਂ ਦੀ ਹੋਵੇ. (House of Commons. )