Meanings of Punjabi words starting from ਗ

ਵਿ- ਦੇਖੋ, ਗੁਣੀਗਹੀਰਾ. "ਸਾਹਿਬੁ ਗੁਨੀਗਹੇਰਾ." (ਸੋਰ ਮਃ ੫) "ਬੇਅੰਤ ਸੁਆਮੀ ਊਚੋ ਗੁਨੀਗਹੇਰੋ." (ਸੋਰ ਮਃ ੫) "ਨੀਚਕੁਲਾ ਜੋਲਾਹਰਾ ਭਇਓ ਗੁਨੀਯਗਹੀਰਾ." (ਆਸਾ ਧੰਨਾ)


ਸੰ गुप् ਧਾ- ਰਕ੍ਸ਼ਾ (ਰਖ੍ਯਾ) ਕਰਨਾ, ਬਚਾਉਣਾ, ਲੁਕੋਣਾ, ਨਿੰਦਾ ਕਰਨਾ, ਪ੍ਰਕਾਸ਼ ਕਰਨਾ, ਵ੍ਯਾਕੁਲ ਹੋਣਾ, ਘਬਰਾਉਣਾ.


ਦੇਖੋ, ਜੁਗੁਪਸਾ.


ਗੁੰਫਸਿ. ਗੁੰਫਨ (ਗੁੰਦਣਾ) ਕਰਦਾ ਹੈ. "ਫੁਲ ਗੁਣ ਨਾਨਕ ਗੁਪਸਿ ਮਾਲ." (ਵਾਰ ਸੂਹੀ ਮਃ ੧) ਦੇਖੋ, ਗੁੰਫ.


ਸੰ. गुप्त ਵਿ- ਰਕ੍ਸ਼ਿਤ. ਹ਼ਿਫ਼ਾਜਤ ਕੀਤਾ ਹੋਇਆ। ੨. ਲੁਕਿਆ ਹੋਇਆ. ਪੋਸ਼ੀਦਾ. "ਗੁਪਤ ਕਰਤਾ ਸੰਗਿ ਸੋ ਪ੍ਰਭੁ." (ਮਾਰੂ ਮਃ ੫) ੩. ਸੰਗ੍ਯਾ- ਵੈਸ਼੍ਯ ਜਾਤਿ ਦੀ ਉਪਾਧਿ. ਇਹ ਸ਼ਬਦ ਵੈਸ਼ਾਂ ਦੇ ਨਾਉਂ ਪਿੱਛੇ ਲਗਦਾ ਹੈ। ੪. ਇੱਕ ਪ੍ਰਤਾਪੀ ਪੁਰਖ, ਜਿਸ ਤੋਂ ਵੰਸ਼ ਦੀ ਅੱਲ ਗੁਪਤ ਹੋਈ. ਇਸ ਦਾ ਪੁਤ੍ਰ ਘਟੋਤਕਚ ਬਲਵਾਨ ਅਤੇ ਵਡਾ ਉੱਦਮੀ ਸੀ. ਘਟੋਤਕਚ ਦਾ ਬੇਟਾ ਚੰਦ੍ਰਗੁਪਤ ਹੋਇਆ, ਜੋ ਆਪਣੀ ਇਸਤ੍ਰੀ ਕੁਮਾਰਦੇਵੀ ਦੀ ਸਹਾਇਤਾ ਨਾਲ ਸਨ ੩੨੦ ਵਿੱਚ ਮਗਧ ਦਾ ਰਾਜਾ ਹੋਕੇ ਨੀਤਿਬਲ ਨਾਲ ਭਾਰਤ ਦਾ ਮਹਾਰਾਜਾ ਬਣਿਆ. ਇਸ ਦੀ ਰਾਜਧਾਨੀ ਪਾਟਲੀਪੁਤ੍ਰ ਸੀ. ਇਸ ਦਾ ਪੁਤ੍ਰ ਸਮੁਦ੍ਰਗੁਪਤ ਭੀ ਵਡਾ ਪ੍ਰਸਿੱਧ ਮਹਾਰਾਜਾ ਸਨ ੩੩੦ ਵਿੱਚ ਹੋਇਆ, ਜਿਸ ਨੇ ਪਾਟਲੀਪੁਤ੍ਰ ਤੋਂ ਛੁੱਟ ਆਪਣੀ ਰਾਜਧਾਨੀ ਅਯੋਧ੍ਯਾ ਭੀ ਥਾਪੀ.#ਧ੍ਰੁਵਦੇਵੀ ਦੇ ਉਦਰ ਤੋਂ ਸਮੁਦ੍ਰਗੁਪਤ ਦਾ ਪੁਤ੍ਰ ਚੰਦ੍ਰਗੁਪਤ ਦੂਜਾ, (ਜਿਸ ਦਾ ਨਾਉਂ ਵਿਕ੍ਰਮਾਦਿਤ੍ਯ ਭੀ ਹੈ) ਮਹਾ ਤੇਜਸ੍ਵੀ ਮਹਾਰਾਜਾ ਸਨ ੩੮੦ ਵਿੱਚ ਹੋਇਆ, ਇਸ ਨੇ ਉੱਜਯਨ ਮਾਲਵਾ, ਗੁਜਰਾਤ ਤੇ ਸੁਰਾਸ੍ਟ੍ਰ ਨੂੰ ਫ਼ਤੇ ਕੀਤਾ. ਬਹੁਤ ਸਾਰੀ ਸਾਖੀਆਂ ਜੋ ਮਸ਼ਹੂਰ ਰਾਜਾ ਬਿਕ੍ਰਮਾਜੀਤ ਨਾਲ ਸੰਬੰਧ ਰਖਦੀਆਂ ਹਨ, ਉਹ ਇਸੇ ਪ੍ਰਤਾਪੀ ਰਾਜੇ ਦੇ ਜੀਵਨ ਤੋਂ ਲਈਆਂ ਗਈਆਂ ਹਨ. ਇਸ ਦੇ ਵੇਲੇ ਸੰਸਕ੍ਰਿਤ ਦੀ ਭਾਰੀ ਤਰੱਕੀ ਹੋਈ. ਬਹੁਤਿਆਂ ਨੇ ਕਾਲੀਦਾਸ ਮਹਾਂ ਕਵੀ ਇਸੇ ਦੇ ਸਮੇਂ ਹੋਣਾ ਮੰਨਿਆ ਹੈ. ਇਸ ਦਾ ਪੁਤ੍ਰ ਕੁਮਾਰਗੁਪਤ ਸਨ ੪੧੩ ਅਥਵਾ ੪੧੫ ਵਿੱਚ ਗੱਦੀ ਪੁਰ ਬੈਠਾ, ਪਰ ਇਸ ਦੇ ਸਮੇਂ ਤੋਂ ਗੁਪਤਵੰਸ਼ ਦਾ ਪ੍ਰਤਾਪ ਘਟਣ ਲੱਗ ਪਿਆ.#ਕੁਮਾਰਗੁਪਤ ਦਾ ਪੁਤ੍ਰ ਸਕੰਦਗੁਪਤ ਸਨ ੪੫੫ ਵਿੱਚ ਹੂਨ ਜਾਤਿ ਤੋਂ ਜਿੱਤਿਆ ਗਿਆ. ਇਸ ਨੂੰ ਗੁਪਤਵੰਸ਼ ਦਾ ਅਖ਼ੀਰੀ ਮਹਾਰਾਜਾ ਸਮਝਣਾ ਚਾਹੀਏ. ਭਾਵੇਂ ਇਸ ਕੁਲ ਦੇ, ਛੋਟੇ ਛੋਟੇ ਰਾਜੇ ਅਰ ਸਰਦਾਰ ਨਰਸਿੰਹਗੁਪਤ, ਕੁਮਾਰਗੁਪਤ ਦੂਜਾ ਆਦਿਕ ਹੋਏ, ਜਿਨ੍ਹਾਂ ਵਿੱਚੋਂ ਭਾਨੁਗੁਪਤ ਸਨ ੫੧੦ ਵਿੱਚ ਅਖ਼ੀਰੀ ਹੋਇਆ, ਪਰ ਇਸ ਗੁਪਤਵੰਸ਼ ਦਾ ਰਾਜ ਪੂਰੇ ਪ੍ਰਤਾਪ ਵਿੱਚ ਸਨ ੩੨੦ ਤੋਂ ੪੫੫ ਤੀਕ ਰਿਹਾ.#ਗੁਪਤ ਸੰਮਤ ਜੋ ਸਨ ੩੨੦ ਤੋਂ ਆਰੰਭ ਹੋਇਆ ਸੀ, ਉਹ ਭੀ ਇਸ ਕੁਲ ਦੇ ਰਾਜ ਨਾਲ ਹੀ ਲੋਪ ਹੋ ਗਿਆ। ੫. ਰਾਜਾ ਦਾ ਅੰਤਹਪੁਰ. ਰਾਣੀਆਂ ਦੇ ਰਹਿਣ ਦਾ ਮਹਿਲ। ੬. ਜੇਲਖ਼ਾਨਾ. ਕੈਦੀਆਂ ਦਾ ਘਰ। ੭. ਭੂਤ ਪ੍ਰੇਤ. "ਸੰਗਤ ਗੁਪਤਨ ਕੀ ਹੈ ਜੇਤੀ। ਲਾਲੋ ਕੇ ਪਗ ਪੂਜਹਿ ਤੇਤੀ." (ਗੁਪ੍ਰਸੂ)