Meanings of Punjabi words starting from ਬ

ਜਿਲਾ ਲੁਦਿਆਨਾ ਵਿੱਚ ਇੱਕ ਪਿੰਡ, ਜੋ ਨਾਭੇ ਤੋਂ ਸਾਢੇ ਸੱਤ ਮੀਲ ਪੱਛਮ ਉੱਤਰ, ਮਲੇਰਕੋਟਲੇ ਦੀ ਸੜਕ ਪੁਰ ਹੈ. ਇੱਥੇ ਭਾਈ ਰੂਪਚੰਦ ਦੀ ਕੁਲ ਦੇ ਰਤਨ ਬਾਬਾ ਗੁੱਦੜਸਿੰਘ ਜੀ ਦੀ ਗੱਦੀ ਹੈ. ਗਵਰਨਮੈਂਟ ਬਰਤਾਨੀਆਂ, ਫੂਲ ਕੀ ਰਿਆਸਤਾਂ ਅਤੇ ਫਰੀਦਕੋਟ ਵੱਲੋਂ ਲੰਗਰ ਲਈ ਜਾਗੀਰ ਹੈ. ਇਸ ਵੇਲੇ ਬਾਗੜੀਆਂ ਦੀ ਗੱਦੀ ਪੁਰ ਭਾਈ ਅਰਜਨਸਿੰਘ ਜੀ ਹਨ. ਇੱਥੇ ਗੁਰੂ ਹਰਿਗੋਬਿੰਦ ਸਾਹਿਬ ਦਾ ਭਾਈ ਰੂਪਚੰਦ ਜੀ ਨੂੰ ਬਖ਼ਸ਼ਿਆ ਖੜਗ ਅਤੇ ਕੜਛਾ ਹੈ, ਕਲਗੀਧਰ ਜੀ ਦੀ ਭਾਈ ਧਰਮਸਿੰਘ ਨੂੰ ਬਖਸ਼ੀ ਪਾਠ ਦੀ ਪੋਂਥੀ ਅਤੇ ਕਰਦ ਹੈ. ਦੇਖੋ, ਰੂਪਚੰਦ ਭਾਈ.


ਵਿ- ਬੱਗਾ. ਚਿੱਟਾ. "ਬਾਗੇ ਕਾਪੜ ਬੋਲੈ ਬੈਣ." (ਮਲਾ ਮਃ ੧) ੨. ਸੰਗ੍ਯਾ- ਵਸਤ੍ਰ. ਪੋਸ਼ਾਕ. "ਪਹਿਰੈ ਬਾਗਾ ਕਰਿ ਇਸਨਾਨਾ." (ਗਉ ਮਃ ੫)


ਫ਼ਾ. [باغات] ਬਾਗ਼ਾਤ ਬਾਗ਼ ਦਾ ਬਹੁ ਵਚਨ. "ਸਭ ਫੁਲਾ ਕੀ ਬਾਗਾਤ." (ਸ਼੍ਰੀ ਮਃ ੫)


ਅ਼. [باغی] ਵਿ- ਆ਼ਕ਼ੀ. ਬਾਦਸ਼ਾਹ ਦੇ ਹੁਕਮ ਤੋਂ ਬਾਹਰ ਹੋਣ ਵਾਲਾ. ਸਰਕਸ਼. Rebellious


ਸੰ. ਵਾਗੀਸ੍ਵਰੀ. ਸੰਗ੍ਯਾ- ਵਾਣੀ ਦੀ ਪ੍ਰਧਾਨ ਦੇਵੀ, ਸਰਸ੍ਵਤੀ। ੨. ਕਾਫੀ ਠਾਟ ਦਾ ਇੱਕ ਸਾੜਵ ਸੰਪੂਰਣ ਰਾਗ. ਇਹ ਕਾਨ੍ਹੜੇ ਦੀ ਹੀ ਇੱਕ ਜਾਤਿ ਹੈ. ਸੜਜ ਰਿਸਭ ਮੱਧਮ ਪੰਚਮ ਧੈਵਤ ਸ਼ੁੱਧ, ਗਾਂਧਾਰ ਅਤੇ ਨਿਸਾਦ ਕੋਮਲ ਹਨ. ਵਾਦੀ ਮੱਧਮ ਅਤੇ ਸੰਵਾਦੀ ਸੜਜ ਹੈ. ਗ੍ਰਹਸਤ ਮੱਧਮ ਹੈ. ਨਿਸਾਦ ਅਤੇ ਗਾਂਧਾਰ ਦਾ, ਤਥਾ ਸੜਜ ਅਤੇ ਮੱਧਮ ਦਾ ਇਸ ਵਿੱਚ ਮੇਲ ਰਹਿਂਦਾ ਹੈ. ਪੰਚਮ ਦੁਰਬਲ ਹੋਣੇ ਲਗਦਾ ਹੈ. ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ.#ਆਰੋਹੀ- ਸ ਰ ਗ ਮ ਧ ਨਾ ਸ#ਆਵਰੋਹੀ- ਸ ਨਾ ਧ ਪ ਮ ਗਾ ਰ ਸ


ਰਾਜ ਉਦਯਪੁਰ ਵਿੱਚ ਇੱਕ ਨਗਰ, ਜੋ ਕੋਠਾਰੀ ਨਦੀ ਦੇ ਖੱਬੇ ਕਿਨਾਰੇ ਅਤੇ ਉਦਯਪੁਰ ਤੋਂ ੭੦ ਮੀਲ ਉੱਤਰ ਪੂਰਵ ਹੈ. ਗੁਰੂ ਗੋਬਿੰਦਸਿੰਘ ਸਾਹਿਬ ਜਦ ਮਾਲਵੇ ਤੋਂ ਦੱਖਣ ਨੂੰ ਜਾ ਰਹੇ ਸਨ, ਤਾਂ ਇੱਥੇ ਔਰੰਗਜ਼ੇਬ ਦੇ ਮਰਨ ਦੀ ਖ਼ਬਰ ਮਿਲੀ ਸੀ. ਭਾਈ ਸੰਤੋਖਸਿੰਘ ਦੇ ਲੇਖ ਅਨੁਸਾਰ ਇਹ ਉਹ ਅਸਥਾਨ ਹੈ. ਜਿੱਥੇ ਭੀਮਸੇਨ ਨੇ ਕੀਚਕ ਮਾਰਿਆ ਸੀ.


ਸੰ. ਵ੍ਯਾਘ੍ਰ. ਨਾਹਰ. ਸ਼ੇਰ "ਪਾਵੈ ਬਾਘ ਡਰਾਵਣੋ." (ਸਵਾ ਮਃ ੧) ਕਾਵ ਕਾਲ। ੨. ਰਾਜਪੂਤਾਂ ਦੀ ਇੱਕ ਜਾਤਿ. "ਬਾਘ ਬਘੇਲੇ ਜੇਤੜੇ ਬਲਵੰਡ ਲੱਖ ਬੁੰਦੇਲੇ ਕਾਰੀ." (ਭਾਗ) ੩. ਦੇਖੋ, ਵਾਘ.