Meanings of Punjabi words starting from ਹ

ਅ਼. [حّجام] ਹ਼ੱਜਾਮ. ਹਜਾਮਤ ਕਰਨ ਵਾਲਾ. ਸਿੰਗੀਆਂ ਲਾਕੇ ਲਹੂ ਕੱਢਣ ਵਾਲਾ. ਦੇਖੋ, ਹਜਾਮਤ। ੨. ਭਾਵ- ਮੁੰਡਨ ਕਰਨ ਵਾਲਾ ਨਾਈ.


ਅ਼. [حجامت] ਹ਼ਜਾਮਤ. ਖਲੜੀ ਪੱਛਕੇ ਸਿੰਗੀ ਨਾਲ ਲਹੂ ਖਿੱਚਣਾ। ੨. ਭਾਵ- ਮੁੰਡਨ ਕਰਨਾ. ਸਿੰਗੀ ਲਾਉਣ ਵੇਲੇ ਰੋਮ ਮੁੰਨਕੇ ਜਗਾ ਸਾਪ ਕਰ ਲੈਂਦੇ ਹਨ, ਇਸ ਲਈ ਮੁੰਡਨ ਅਰਥ ਵਿੱਚ ਹਜਾਮਤ ਸ਼ਬਦ ਆਇਆ ਹੈ.


ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦.


ਫ਼ਾ. [ہزاردستاں -ہزارداستان] ਸੰਗ੍ਯਾ- ਹਜ਼ਾਰ ਕਹਾਣੀਆਂ। ੨. ਹਜਾਰਾਂ (ਭਾਵ ਅਨੰਤ) ਬੋਲੀਆਂ ਬੋਲਣ ਵਾਲਾ ਪੰਛੀ. ਇਹ ਖਾਸ ਨਾਉਂ ਲਟੋਰੇ ਦੀ ਕਿਸਮ ਦੇ ਇੱਕ ਪੰਛੀ ਦਾ ਹੈ, ਜੋ ਖਾਕੀ ਰੰਗ ਦਾ ਹੁੰਦਾ ਹੈ ਅਤੇ ਅਨੇਕ ਪ੍ਰਕਾਰ ਦੀਆਂ ਬੋਲੀਆਂ ਬੋਲਦਾ ਹੈ. ਇਸਦਾ ਕੱਦ ਅਗਨ ਤੋਂ ਵਡਾ ਅਤੇ ਗੁਟਾਰ ਤੋਂ ਛੋਟਾ ਹੁੰਦਾ ਹੈ. ਕਵੀਆਂ ਨੇ ਅਗਨ, ਚੰਡੋਲ ਅਤੇ ਬੁਲਬੁਲ ਦਾ ਨਾਉਂ ਭੀ "ਹਜਾਰਦਾਸਤਾਂ" ਲਿਖਿਆ ਹੈ. "ਤੀਤਰ ਚਕੋਰ ਚਾਰੁ ਦਾਸਤਾਂਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ਦੇਖੋ, ਅਗਨ, ਚੰਡੋਲ ਅਤੇ ਬੁਲਬੁਲ.


ਵਿ- ਹਜਾਰ ਸੰਖ੍ਯਾ (ਗਿਣਤੀ) ਵਾਲਾ। ੨. ਜੇਠਾ। ੩. ਵਡਮੁੱਲਾ। ੪. ਸੰਗ੍ਯਾ- ਹਜਾਰ (ਅਨੰਤ) ਪੰਖੜੀਆਂ ਵਾਲਾ ਗੇਂਦਾ। ੫. ਅਨੇਕ ਧਾਰਾਂ ਵਾਲਾ ਫੁਹਾਰਾ। ੬. ਉੱਤਰ ਪੱਛਮੀ ਸਰਹੱਦੀ ਇਲਾਕੇ (N. W. F. P. ) ਦਾ ਇੱਕ ਜਿਲਾ. ਮਹਾਭਾਰਤ ਅਤੇ ਮਾਰਕੰਡੇਯ ਵਿੱਚ ਇਸ ਇਲਾਕੇ ਦਾ ਨਾਉਂ ਅਭਿਸਾਰ ਹੈ। ੭. ਅਫ਼ਗ਼ਾਨਿਸਤਾਨ ਵਿੱਚ ਇੱਕ ਪਿੰਡ। ੮. ਜਿਲਾ ਅਤੇ ਤਸੀਲ ਜਲੰਧਰ ਦਾ ਇੱਕ ਪਿੰਡ, ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਰਣ ਪਾਏ ਹਨ.


ਸਰਹਿੰਦ ਨਿਵਾਸੀ ਇੱਕ ਬਾਣੀਆ, ਜੋ ਦਸ਼ਮੇਸ਼ ਜੀ ਤੋਂ ਅਮ੍ਰਿਤ ਛਕਕੇ ਸਿੰਘ ਸਜਿਆ ਅਤੇ ਮਹਾਨ ਯੋਧਾ ਹੋਇਆ. ਇਸ ਨੇ ਆਨੰਦਪੁਰ ਦੇ ਜੰਗਾਂ ਵਿੱਚ ਵਡੀ ਵੀਰਤਾ ਦਿਖਾਈ.