Meanings of Punjabi words starting from ਨ

ਅ਼. [نِجابت] ਭਲਮਨਸਊ। ੨. ਬਜ਼ੁਰਗੀ.


ਦੇਖੋ, ਨਜਾਬਤਖ਼ਾਨ.


ਅ਼. [نِظام] ਨਿਜਾਮ. ਸੰਗ੍ਯਾ- ਪ੍ਰਬੰਧ. ਇੰਤਜਾਮ। ੨. ਹ਼ੈਦਰਾਬਾਦ ਦੱਖਣ ਦੇ ਸ਼ਾਹ ਦੀ ਉਪਾਧਿ. ਹੈਦਰਾਬਾਦ ਦੀ ਰਿਆਸਤ ਚਿਨਕਲਿਚਖ਼ਾਨ ਨੇ ਕ਼ਾਇਮ ਕੀਤੀ, ਜੋ ਦਿੱਲੀ ਦੇ ਬਾਦਸ਼ਾਹ ਮੁਹੰਮਦਸ਼ਾਹ ਦਾ ਵਜ਼ੀਰ ਸੀ, ਅਤੇ ਰਾਜ੍ਯ (ਸਲਤਨਤ) ਦਾ ਪ੍ਰਬੰਧਕ ਹੋਣ ਕਰਕੇ ਇਸ ਦਾ ਖ਼ਿਤਾਬ ਨਿਜਾਮੁਲਮੁਲਕ ਸੀ. ਜਦ ਦਿੱਲੀ ਦੀ ਹੁਕੂਮਤ ਕਮਜ਼ੋਰ ਦੇਖੀ, ਤਦ ਨਿਜਾਮੁਲਮੁਲਕ ਨੇ ਸੰਮਤ ੧੭੭੮ ਵਿੱਚ ਆਪਣੀ ਜੁਦੀ ਰਿਆਸਤ ਕ਼ਾਇਮ ਕਰਲਈ, ਜੋ ਹੁਣ ਉਸ ਦੀ ਸੰਤਾਨ ਵਿੱਚ ਚਲੀਆਉਂਦੀ ਹੈ. ਅਬਿਚਲਨਗਰ (ਹਜੂਰਸਾਹਿਬ) ਪ੍ਰਸਿੱਧ ਗੁਰਦ੍ਵਾਰਾ ਨਿਜਾਮ ਰਾਜ੍ਯ ਵਿੱਚ ਹੈ.


ਯੂ. ਪੀ. ਦੇ ਆਜਮਗੜ੍ਹ ਜਿਲੇ ਦਾ ਇੱਕ ਨਗਰ, ਜੋ ਤਮਸਾ ਨਦੀ ਦੇ ਕਿਨਾਰੇ ਹੈ. ਇਹ ਜੌਨਪੁਰ ਤੋਂ ਵੀਹ ਅਤੇ ਕਾਸ਼ੀ ਤੋਂ ਤੀਹ ਕੋਹ ਹੈ. ਸ਼੍ਰੀ ਗੁਰੂ ਨਾਨਕਦੇਵ ਇਸ ਥਾਂ ਪਧਾਰੇ ਹਨ, ਗੁਰਦ੍ਵਾਰਾ ਵਿਦ੍ਯਮਾਨ ਹੈ.#ਬਾਬਾ ਕ੍ਰਿਪਾ ਦਿਆਲ ਸਿੰਘ ਭੱਲੇ ਸਾਹਿਬਜ਼ਾਦੇ ਇੱਥੇ ਆਕੇ ਵਿਰਾਜੇ, ਉਨ੍ਹਾਂ ਨੇ ਗੁਰਮਤ ਦਾ ਵਡਾ ਪ੍ਰਚਾਰ ਕੀਤਾ, ਅਨੇਕਾਂ ਨੂੰ ਅੰਮ੍ਰਿਤ ਛਕਾਕੇ ਸੁਮਾਰਗ ਪਾਇਆ. ਇਨ੍ਹਾਂ ਦੇ ਸੁਪੁਤ੍ਰ ਬਾਬਾ ਸਾਧੂਸਿੰਘ ਜੀ ਵਡੀ ਕਰਣੀ ਵਾਲੇ ਨਾਮ ਦੇ ਰਸੀਏ ਹੋਏ ਹਨ. ਇਨ੍ਹਾਂ ਨੇ ਭੀ ਪਿਤਾ ਵਾਂਙ ਗੁਰਸਿੱਖੀ ਫੈਲਾਈ. ਦੇਖੋ, ਸੁਮੇਰ ਸਿੱਘ। ੨. ਇਸ ਨਾਉਂ ਦਾ ਇੱਕ ਨਗਰ ਰਿਆਸਤ ਹੈਦਰਾਬਾਦ ਦੱਖਣ ਦਾ ਭੀ ਪ੍ਰਸਿੱਧ ਹੈ.


[نِظاماُلّدیناوَلیاا] ਇਹ ਸ਼ੇਖ਼ ਫ਼ਰੀਦ ਜੀ ਦਾ ਚੇਲਾ ਪ੍ਰਸਿੱਧ ਫ਼ਕ਼ੀਰ ਸੀ. ਇਸ ਦਾ ਜਨਮ ਬਦਾਓਂ ਵਿੱਚ ਸਨ ੧੨੩੬ ਵਿੱਚ ਹੋਇਆ ਅਤੇ ਸਨ ੧੩੨੫ ਵਿੱਚ ਦਿੱਲੀ ਦੇਹਾਂਤ ਹੋਇਆ, ਜਿੱਥੇ ਇਸ ਦਾ ਮਕ਼ਬਰਾ ਬਹੁਤ ਪ੍ਰਸਿੱਧ ਅਤੇ ਮੁਸਲਮਾਨਾਂ ਦਾ ਯਾਤ੍ਰਾਅਸਥਾਨ ਹੈ. ਗੁਰੂ ਨਾਨਕਦੇਵ ਜਦ ਦਿੱਲੀ ਪਧਾਰੇ ਹਨ, ਤਦ ਇਸ ਦੇ ਜਾਨਸ਼ੀਨ ਦਰਵੇਸ਼ ਨਾਲ ਚਰਚਾ ਹੋਈ ਹੈ.


ਨਿਜ- ਆਵਲਿ. ਆਪਣੀ ਪੰਕਤਿ. ਆਪਣੀ ਸ਼੍ਰੇਣੀ (ਕ਼ਤਾਰ). "ਬਸਸਿ ਨਿਰਮਲ ਜਲ ਪਦਮ ਨਿਜਾਵਲ ਰੇ." (ਮਾਰੂ ਮਃ ੧)


ਸੰ. ਵਿ- ਸ਼ੁੱਧ. ਨਿਰੋਲ. ਖ਼ਾਲਿਸ.