Meanings of Punjabi words starting from ਸ

ਦੇਖੋ, ਸਰਬੰਗਨਾ. "ਸਭਨਾ ਅੰਦਰ ਹੈ ਸਰਬੰਗੀ." (ਭਾਗੁ) ੨. ਇੱਕ ਮਤ, ਜੋ ਸ਼ਰਵ (ਸ਼ਿਵ) ਦੇ ਚਿੰਨ੍ਹ ਅੰਗਾਂ ਉੱਪਰ ਧਾਰਣ ਕਰਦਾ ਹੈ. ਇਹ ਪੰਥ ਮਸਤਨਾਥ ਯੋਗੀ ਤੋਂ ਚੱਲਿਆ ਹੈ. ਇਹ ਲੋਕ ਮਦਿਰਾ ਮਾਸ ਖਾਂਦੇ ਅਤੇ ਨਗਨ ਰਹਿੰਦੇ ਹਨ, ਅਰ ਹਰੇਕ ਦੇ ਹੱਥੋਂ ਖਾ ਪੀ ਲੈਂਦੇ ਹਨ. ਰੋਹਤਕ ਦੇ ਇਲਾਕੇ ਬੋਹਰ ਵਿੱਚ ਸਰਬੰਗੀਆਂ ਦਾ ਪ੍ਰਧਾਨ ਅਸਥਾਨ ਹੈ. ਜੋ ਇਸ ਫਿਰਕੇ ਦੇ ਆਦਮੀ ਮਲ ਮੂਤ੍ਰ ਭੀ ਖਾਂਦੇ ਹਨ, ਉਨ੍ਹਾਂ ਦੀ ਘੋਰੀ ਅਥਵਾ ਅਘੋਰੀ ਸੰਗ੍ਯਾ ਹੁੰਦੀ ਹੈ. ਦੇਖੋ, ਅਘੋਰੀ.


ਭਾਰ ਤੁਲ੍ਯ. ਵਜਨ ਦੇ ਬਰਾਬਰ. "ਨਾਮੇ ਸਰਭਰਿ ਸੋਨਾ ਲੇਹੁ." (ਭੈਰ ਨਾਮਦੇਵ) ੨. ਸਰੋਵਰ ਨੂੰ ਭਰਕੇ. "ਸਰਭਰਿ ਸੋਖੈ." (ਓਅੰਕਾਰ)


ਸਿਰ ਉੱਪਰ ਚੁੱਕਿਆ ਬੋਝ। ੨. ਉਤਨਾ ਬੋਝ ਜਿਸ ਨੂੰ ਆਦਮੀ ਸਿਰ ਤੇ ਉਠਾ ਸਕੇ। ੩. ਸਰ (ਪਾਣੀ) ਉਤੇ ਭਾਰ (ਮੁਸੀਬਤ). "ਥਲ ਤਾਪਹਿ ਸਰ ਭਾਰ." (ਤੁਖਾ ਬਾਰਹਮਾਹਾ) ਜੇਠ ਵਿੱਚ ਥਲ ਤਪਦੇ ਹਨ, ਪਾਣੀ ਖ਼ੁਸ਼ਕ ਹੋ ਰਿਹਾ ਹੈ. ਅਥਵਾ- ਤਲਾਉ ਭੀ ਤਪ ਉੱਠੇ ਹਨ.


ਸਿਰ ਦੇ ਬਲ. ਸਿਰ ਪਰਣੇ। ੨. ਦੇਖੋ, ਸਿਰ ਭਾਰਿ.


ਸੰ. शरभङ्ग ਇੱਕ ਰਿਖੀ, ਜਿਸਦੇ ਪਾਸ ਦੰਡਕ ਬਨ ਵਿੱਚ ਸ਼੍ਰੀ ਰਾਮ ਅਤੇ ਸੀਤਾ ਗਏ ਸਨ. ਜਦ ਇਸ ਨੇ ਰਾਮ ਨੂੰ ਦੇਖਿਆ ਤਾਂ ਕਹਿਣ ਲੱਗਾ ਕਿ ਹੁਣ ਮੇਰੀ ਮਨੋਕਾਮਨਾ ਪੂਰੀ ਹੋ ਗਈ ਹੈ. ਹੁਣ ਮੈ ਸ੍ਵਰਗ ਲੋਕ ਨੂੰ ਜਾਂਦਾ ਹਾਂ, ਇਹ ਕਹਿਕੇ ਚਿਖਾ ਵਿੱਚ ਜਲ ਮੋਇਆ.


ਫ਼ਾ [شرم] ਸ਼ਰਮ. ਸੰਗ੍ਯਾ- ਲੱਜਾ. "ਰਾਖਹੁ ਸਰਮ ਅਸਾੜੀ ਜੀਉ." (ਮਾਝ ਮਃ ੫) ੨. ਸੰ. श्रम- ਸ਼੍ਰਮ. ਪੁਰੁਸਾਰਥ. ਮਿਹਨਤ. ਉੱਦਮ. ਘਾਲਨਾ. "ਸਰਮ ਖੰਡ ਕੀ ਬਾਣੀ ਰੂਪੁ." (ਜਪੁ) ੩. ਸੰ. शर्मन ਆਨੰਦ. ਖੁਸ਼ੀ. ਸੁਖ.


ਪੁਰੁਸਾਰਥ ਦੀ ਮੰਜਿਲ। ੨. ਆਨੰਦ ਮੰਡਲ. ਆਨੰਦ ਰੂਪ ਭੂਮਿਕਾ. ਦੇਖੋ, ਸਰਮ ੨. ਅਤੇ ੩.


ਅ਼. [سرمد] ਸੰਗ੍ਯਾ- ਆਦਿ ਅੰਤ ਰਹਿਤ ਕਰਤਾਰ। ੨. ਇਕੱ ਫਕੀਰ, ਜੋ ਫਾਰਸ ਦੇ ਕਾਸ਼ਾਨ ਨਗਰ ਦਾ ਵਸਨੀਕ ਯਹੂਦੀ ਸੀ. ਇਹ ਨਾਮ ਮਾਤ੍ਰ ਨੂੰ ਮੁਸਲਮਾਨ ਭੀ ਸੀ, ਦਰ ਅਸਲ ਵੇਦਾਂਤੀਆਂ ਦੀ ਸੰਗਤਿ ਕਰਕੇ. ਕੁਰਾਨ ਅਤੇ ਪੈਗ਼ੰਬਰ ਤੇ ਤਰਕ ਕੀਤਾ ਕਰਦਾ ਸੀ. ਦਾਰਾਸ਼ਿਕੋਹ ਨਾਲ ਇਸ ਦੀ ਖਾਸ ਮਿਤ੍ਰਤਾ ਸੀ. ਔਰੰਗਜ਼ੇਬ ਨੇ ਸਰਮਦ ਨੂੰ ਸਨ ੧੬੬੧ (ਸੰਮਤ ੧੭੧੯) ਵਿੱਚ ਤੇੜੋਂ ਨੰਗਾ ਫਿਰਨ ਦੇ ਅਪਰਾਧ ਵਿੱਚ ਕਤਲ ਕਰਵਾਇਆ. ਇਸ ਦੀ ਕਬਰ ਸ਼ਾਹੀ ਮਸਜਿਦ ਪਾਸ ਦਿੱਲੀ ਹੈ. "ਸਰਮਦ ਬਡ ਦਰਵੇਸ਼ ਸੰਘਾਰ੍ਯੋ." (ਗੁਪ੍ਰਸੂ) ੩. ਸੰ. शर्मद- ਸ਼ਰ੍‍ਮਦ. ਵਿ- ਸ਼ਰ੍‍ਮ (ਸੁਖ) ਦੇਣ ਵਾਲਾ। ੪. ਸੰਗ੍ਯਾ- ਵਿਸਨੁ.


ਸੰ. ਸੰਗ੍ਯਾ- ਦੇਵਸ਼ੁਨੀ. ਰਿਗਵੇਦ ਵਿੱਚ ਇਹ ਇੰਦ੍ਰ ਦੀ ਕੁੱਤੀ ਲਿਖੀ ਹੈ. ਯਮਰਾਜ ਪਾਸ ਜੋ ਦੋ ਕੁੱਤੇ ਚਾਰ ਚਾਰ ਅੱਖਾਂ ਵਾਲੇ ਸਾਰਮੇਯ ਨਾਉਂ ਕਰਕੇ ਹਨ, ਇਹ ਉਨ੍ਹਾਂ ਦੀ ਮਾਂ ਹੈ. ੨. ਕੁੱਤੀ ਮਾਤ੍ਰ ਵਾਸਤੇ ਭੀ ਸਰਮਾ ਸ਼ਬਦ ਵਰਤੀਦਾ ਹੈ. "ਹੋਇ ਗਈ ਸਰਮਾ ਤਨ ਤੂਰਨ." (ਨਾਪ੍ਰ) ੩. ਸੈਲੂਸ ਗੰਧਰਵ ਦੀ ਪੁਤ੍ਰੀ ਅਤੇ ਵਿਭੀਸ਼ਣ ਦੀ ਇਸਤ੍ਰੀ, ਜੋ ਅਸ਼ੋਕਵਾਟਿਕਾ ਵਿੱਚ ਸੀਤਾ ਦੀ ਰਾਖੀ ਲਈ ਛੱਡੀ ਹੋਈ ਸੀ ਅਤੇ ਸੀਤਾ ਦਾ ਹਿਤ ਚਾਹੁਣ ਵਾਲੀ ਸੀ. "ਉਤ ਤ੍ਰਿਜਟੀ ਸਰਮਾ ਸਹਿਤ ਸੁਨਹਿਂ ਸੀਯ ਕੀ ਬਾਤ." (ਹਨੂ)#੪. ਅਗਨਿ ਪੁਰਾਣ ਅਤੇ ਭਾਗਵਤ ਵਿੱਚ ਸਰਮਾ ਦਕ੍ਸ਼੍‍ ਦੀ ਇੱਕ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ ਲਿਖੀ ਹੈ, ਜੋ ਜੰਗਲੀ ਜੀਵਾਂ ਦੀ ਮਾਂ ਹੈ। ੫. ਦਸਮਗ੍ਰੰਥ ਵਿੱਚ ਤਰੰਗ (ਮੌਜ) ਦਾ ਨਾਉਂ ਸਰਮਾ ਆਇਆ ਹੈ. ਇਸ ਦਾ ਮੂਲ ਸੰ. सरिमन् ਹੈ, ਜਿਸਦਾ ਅਰਥ ਪਵਨ ਅਤੇ ਗਤਿ ਹਨ. "ਸੇਤ ਸਰੋਵਰ ਹੈ ਅਤਿ ਹੀ ਤਿਹ ਮੇ ਸਰਮਾ ਸਸਿ ਸੀ ਦਮਕਾਈ." (ਕ੍ਰਿਸਨਾਵ)#੬. ਸੰ. शर्मन्. ਪਨਾਹ. ਓਟ ੭. ਘਰ. ਮਕਾਨ। ੮. ਆਨੰਦ। ੯. ਬ੍ਰਾਹਮਣ ਦੀ ਅੱਲ, ਜੋ ਨਾਮ ਦੇ ਪਿੱਛੇ ਲਗਦੀ ਹੈ, ਯਥਾ- ਦੇਵਦੱਤ ਸ਼ਰਮਾ ਆਦਿ.