Meanings of Punjabi words starting from ਜ

ਸਿੰਧੀ. ਕ੍ਰਿ- ਜਾਣਾ. ਤੁਰਨਾ. "ਪਾਵ ਸੁਹਾਵੇ ਜਾ ਤਉ ਧਿਰਿ ਜੁਲਦੇ." (ਵਾਰ ਰਾਮ ੨. ਮਃ ੫) "ਰਾਹ ਦਸਾਈ ਨਾ ਜੁਲਾਂ." (ਵਡ ਮਃ ੧) "ਮੂ ਜੁਲਾਉ ਤਥਿ." (ਵਾਰ ਮਾਰੂ ੨. ਮਃ ੫) "ਪਾਵ ਜੁਲਾਈ ਪੰਧ ਤਉ." (ਸੂਹੀ ਅਃ ਮਃ ੫) "ਕਮਾਣਾ ਸੰਗਿ ਜੁਲਿਆ." (ਆਸਾ ਛੰਤ ਮਃ ੫) "ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ." (ਵਾਰ ਰਾਮ ੨. ਮਃ ੫)


ਦੇਖੋ, ਜੁਲਣੁ। ੨. ਦੇਖੋ, ਜ੍ਵਲਨ.


ਫ਼ਾ [زُلف] ਜ਼ੁਲਫ਼. ਸੰਗ੍ਯਾ- ਅਲਕ. ਸਿਰ ਦੇ ਲੰਮੇ ਕੇਸਾਂ ਦੀ ਲਟ, ਜੋ ਗਲ੍ਹ ਉੱਪਰ ਅਥਵਾ ਪਿੱਛੇ ਲਟਕਦੀ ਹੋਵੇ. "ਜੁਲਫੇਂ ਅਨੂਪ ਜਾਂਕੀ." (ਰਾਮਾਵ)


ਅ਼. [زُلفقار] ਜੁਅਲਫ਼ਕ਼ਾਰ. ਸੰਗ੍ਯਾ- ਫ਼ਿਕ਼ਾਰ (ਕੰਗਰੋੜ) ਜੁਲ (ਵਾਲੀ). ਕੰਗਰੋੜ ਧਾਰਣ ਵਾਲੀ ਤਲਵਾਰ. ਇਸ ਜਾਤਿ ਦੀ ਤਲਵਾਰ ਦੀ ਪਿੱਠ ਮੋਟੀ ਅਤੇ ਕੰਗਰੋੜ ਦੀ ਸੰਗਲੀ ਦੇ ਆਕਾਰ ਦੀ ਹੁੰਦੀ ਹੈ. ਦੇਖੋ, ਸਸਤ੍ਰ. "ਜੁਲਫਕਾਰ ਔ ਮਿਸਰੀ." (ਸਲੋਹ) ੨. ਇਸ ਨਾਮ ਦੀ ਇੱਕ ਖ਼ਾਸ ਤਲਵਾਰ, ਜੋ ਹ਼ਜਰਤ ਮੁਹ਼ੰਮਦ ਨੇ ਕਾਫ਼ਿਰ ਗ਼ਾਸ ਨੂੰ ਬਦਰ ਦੇ ਜੰਗ ਵਿੱਚ ਫਤੇ ਕਰਕੇ ਲਈ ਅਤੇ ਆਪਣੇ ਜਵਾਈ ਅ਼ਲੀ ਨੂੰ ਬਖ਼ਸ਼ੀ ਸੀ.


ਅ਼. [ظُلم] ਜੁਲਮ. ਸੰਗ੍ਯਾ- ਜ਼ੋਰ. ਧੱਕਾ. ਜ਼ਯਾਦਤੀ। ੨. ਬੇ ਇਨਸਾਫ਼ੀ. ਅਨਿਆਂ. "ਜੋਰ ਜੁਲਮ ਫੂਲਹਿ ਘਨੋ." (ਬਾਵਨ)