Meanings of Punjabi words starting from ਸ

ਵਿ- ਸ੍ਰਿਜਿਆ. ਬਣਾਇਆ. ਰਚਿਆ। ੨. ਸਰੋਵਰ (ਤਾਲ) ਹੋਇਆ. "ਤਿਸੁ ਭਾਣਾ ਤਾ ਥਲਿ ਸਿਰਿ ਸਰਿਆ." (ਭੈਰ ਮਃ ੫) ੩. ਦੇਖੋ, ਸਰਣਾ.


ਵਿ- ਰਿਸ (ਕ੍ਰੋਧ) ਸਹਿਤ। ੨. ਸਦ੍ਰਿਸ਼. ਤੁੱਲ.


ਸੰ. सृषिृ ਸ੍ਰਿਸ੍ਟਿ. ਸੰਗ੍ਯਾ- ਰਚਨਾ. ੨. ਜਗਤ. ਸੰਸਾਰ.


ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਪ੍ਰਜਾਪਤਿ ਨੇ "ਭੂਃ" ਕਿਹਾ ਤਾਂ ਪ੍ਰਿਥਵੀ, "ਭੁਵਃ" ਕਹਿਣ ਤੋਂ ਆਕਾਸ਼ ਬਣਿਆ.#ਤੈੱਤਿਰੀਯਬ੍ਰਾਹਮਣ ਵਿੱਚ ਲਿਖਿਆ ਹੈ ਕਿ ਪ੍ਰਜਾਪਤਿ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਇੱਛਾ ਲਈ ਤਪ ਕੀਤਾ, ਤਾਂ ਉਸ ਦੇ ਸ੍ਵਾਸ ਵਿੱਚ ਸ਼ਕਤਿ ਆ ਗਈ. ਉਸ ਨੇ ਅਪਨੇ "ਅਸੁ" (ਸ੍ਵਾਸ) ਨਾਲ ਅਸੁਰ (ਦੈਤ) ਉਤਪੰਨ ਕੀਤੇ. ਫੇਰ ਪਿਤਰ ਰਚੇ. ਪਿਤਰਾਂ ਨੂੰ ਉਤਪੰਨ ਕਰਕੇ ਉਸ ਨੇ ਜਰਾ ਕੁ ਸੋਚਿਆ ਤਾਂ ਆਦਮੀ ਉਤਪੰਨ ਹੋਏ. ਜਦ ਇਹ ਆਦਮੀਆਂ ਨੂੰ ਉਤਪੰਨ ਕਰ ਰਿਹਾ ਸੀ, ਤਾਂ ਦਿਨ ਚੜ੍ਹ ਪਿਆ, ਤਦ ਇਸ ਨੇ ਦੇਵਤੇ ਉਤਪੰਨ ਕੀਤੇ.#ਸ਼ਤਪਥ ਬ੍ਰਾਹਮਣ ਵਿੱਚ ਮਨੁੱਖਾਂ ਅਤੇ ਪਸ਼ੂਆਂ ਦੀ ਉਤਪੱਤਿ ਦਾ ਹਾਲ ਇਉਂ ਲਿਖਿਆ ਹੈ ਕਿ ਪਹਿਲਾਂ ਇਕੱਲਾ ਪ੍ਰਜਾਪਤਿ ਹੀ ਸੀ, ਉਸ ਨੇ ਅੰਨ ਪੈਦਾ ਕਰਕੇ ਉਨ੍ਹਾਂ ਵਿੱਚ ਆਪ ਉਤਪੰਨ ਹੋਣ ਦਾ ਯਤਨ ਕੀਤਾ. ਉਸ ਨੇ ਆਪਣੇ ਪ੍ਰਾਣਾਂ ਦੇ ਪਸੂ, ਆਤਮਾ ਦੇ ਲੋਕ, ਅੱਖ ਦੇ ਘੋੜੇ, ਸ੍ਵਾਸ ਦੇ ਬੈਲ, ਕੰਨ ਦੀਆਂ ਭੈਂਸਾਂ (ਮੱਝਾਂ) ਅਤੇ ਅਵਾਜ ਦੀਆਂ ਬਕਰੀਆਂ ਬਣਾਈਆਂ.#ਇੱਕ ਹੋਰ ਥਾਂ ਤੇ ਇਸੇ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਪੁਰੁਸ (ਪਰਮ ਆਤਮਾ) ਇਕੱਲਾ ਹੀ ਸੀ. ਇਸ ਕਾਰਣ ਉਸ ਨੂੰ ਕੋਈ ਖੁਸ਼ੀ ਨਹੀਂ ਸੀ, ਤਾਂ ਉਸ ਨੇ ਦੂਸਰੇ ਦੀ ਇੱਛਾ ਕੀਤੀ ਤਾਂ ਆਪਣੇ ਆਪ ਦੇ ਹੀ ਦੋ ਭਾਗ ਕਰ ਲੀਤੇ, ਜਿਨ੍ਹਾਂ ਵਿੱਚੋਂ ਇੱਕ ਪਤਿ ਤੇ ਦੂਸਰਾ ਪਤਨੀ (ਵਹੁਟੀ) ਹੋ ਗਿਆ. ਪਤਨੀ ਨੇ ਸੋਚਿਆ ਕਿ ਇਹ ਕਿਸ ਤਰਾਂ ਮੈਨੂੰ ਆਪਣੇ ਆਪ ਵਿੱਚੋਂ ਹੀ ਉਤਪੰਨ ਕਰਕੇ ਮੇਰੇ ਨਾਲ ਭੋਗ ਕਰਦਾ ਹੈ! ਮੈਂ ਲੋਪ ਹੋ ਜਾਂਦੀ ਹਾਂ, ਤਾਂ ਉਹ ਗਊ ਹੋ ਗਈ ਅਤੇ ਪਤੀ ਸਾਨ੍ਹ ਹੋ ਗਿਆ, ਤਾਂ ਗਊਆਂ ਉਤਪੰਨ ਹੋ ਗਈਆਂ. ਇਸੇ ਤਰਾਂ ਉਹ ਘੋੜੀ ਹੋ ਗਈ ਅਤੇ ਉਹ ਘੋੜਾ, ਉਹ ਖੋਤੀ ਹੋ ਗਈ ਤਾਂ ਉਹ ਖੋਤਾ, ਉਹ ਬਕਰੀ ਤੇ ਉਹ ਬਕਰਾ, ਉਹ ਹਰਿਣੀ ਤੇ ਉਹ ਹਰਿਣ. ਇਸੇ ਤਰਾਂ ਕੀੜੀ ਮਾਤ੍ਰ ਤੀਕ ਸਭ ਪਸ਼ੂ ਆਦਿ ਉਤਪੰਨ ਹੋ ਗਏ. ਫੇਰ ਇਸੇ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਪ੍ਰਜਾਪਤਿ ਨੇ ਆਪਣੇ ਉੱਪਰਲੇ ਸ੍ਵਾਸਾਂ ਵਿੱਚੋਂ ਦੇਵਤੇ ਅਤੇ ਹੇਠਲੇ ਸ੍ਵਾਸਾਂ ਵਿੱਚੋਂ ਜੰਮਣ ਮਰਨ ਵਿੱਚ ਆਉਣ ਵਾਲੇ ਆਦਮੀ ਪ੍ਰਗਟ ਕੀਤੇ.#ਮਨੁ ਨੇ ਲਿਖਿਆ ਹੈ ਕਿ ਪ੍ਰਜਾਪਤਿ ਨੇ ਆਪਣੇ ਹੀ ਸ਼ਰੀਰ ਵਿੱਚੋਂ ਕਈ ਜੀਵ ਉਤਪੰਨ ਕਰਨ ਦੀ ਇੱਛਾ ਕਰਕੇ ਪਹਿਲੇ ਜਲ ਉਤਪੰਨ ਕੀਤਾ ਅਤੇ ਉਸ ਵਿੱਚ ਇੱਕ ਬੀਜ ਸੁੱਟ ਦਿੱਤਾ. ਇਹ ਬੀਜ ਇੱਕ ਸੂਰਜ ਵਾਂਙ ਚਮਕਣ ਵਾਲਾ ਸੁਵਰਣ ਦਾ ਆਂਡਾ ਬਣ ਗਿਆ. ਇਸ ਵਿੱਚੋਂ ਉਹ ਆਪ ਹੀ ਸਾਰੀ ਸ੍ਰਿਸ੍ਟਿ ਦਾ ਪਿਤਾ ਬ੍ਰਹਮਾ ਹੋ ਕੇ ਉਤਪੰਨ ਹੋਇਆ. ਬ੍ਰਹਮਾ ਇੱਕ ਵਰ੍ਹਾ ਆਂਡੇ ਦੇ ਅੰਦਰ ਰਹਿਕੇ ਆਪਣੇ ਆਪ ਹੀ ਦੋ ਭਾਗਾਂ ਵਿੱਚ ਹੋ ਗਿਆ, ਜਿਸ ਤੋਂ ਭੂਗੋਲ ਅਤੇ ਖਗੋਲ ਹੋਏ ਅਤੇ ਉਸ ਦਾ ਆਪਣਾ ਹੀ ਸ਼ਰੀਰ ਅੱਧਾ ਮਰਦ ਅਤੇ ਅੱਧਾ ਇਸਤ੍ਰੀ ਹੋ ਗਿਆ, ਜਿਸ ਤੋਂ ਸੰਸਾਰ ਦੀ ਰਚਨਾ ਹੋਈ.#ਕਈ ਹਿੰਦੂ ਲੇਖਕਾਂ ਨੇ ਹਿਸਾਬ ਲਾਇਆ ਹੈ ਕਿ ਸਨ ੧੯੨੮ ਵਿੱਚ ਦੁਨੀਆਂ ਬਣੀ ਨੂੰ ਇੱਕ ਅਰਬ ਛਿਆਨਵੇਂ ਕਰੋੜ ਅੱਠ ਲੱਖ ਤ੍ਰਿਵੰਜਾ ਹਜਾਰ ਅਤੇ ਅਠਾਈ ਵਰ੍ਹੇ ਹੋਏ ਹਨ.¹#ਬਾਈਬਲ (Bible) ਜੋ ਯਹੂਦੀ ਅਤੇ ਈਸਾਈਆਂ ਦਾ ਧਰਮ ਪੁਸਤਕ ਹੈ ਅਰ ਜਿਸ ਨੂੰ ਕੁਰਾਨ ਵਿੱਚ ਭੀ ਆਸਮਾਨੀ ਕਿਤਾਬ ਮੰਨਿਆ ਹੈ ਉਸ ਵਿੱਚ ਸੰਸਾਰ ਦੀ ਰਚਨਾ ਬਾਬਤ ਇਉਂ ਲਿਖਿਆ ਹੈ- ਕਿ ਆਰੰਭ ਵਿੱਚ ਈਸ਼੍ਵਰ ਦਾ ਆਤਮਾ ਜਲ ਉੱਪਰ ਡੋਲਦਾ ਸੀ, ਉਸ ਨੇ ਆਖਿਆ ਕਿ ਚਾਨਣਾ ਹੋਵੇ, ਤਦ ਪ੍ਰਕਾਸ਼ ਹੋ ਗਿਆ, ਫੇਰ ਈਸ਼੍ਵਰ ਨੇ ਪਹਿਲੇ ਦਿਨ ਚਾਨਣ ਨੂੰ ਹਨ੍ਹੇਰ ਤੋਂ ਵੱਖ ਕਰਕੇ ਦਿਨ ਰਾਤ ਸੰਗ੍ਯਾ ਥਾਪੀ. ਦੂਜੇ ਦਿਨ ਆਕਾਸ਼ ਰਚਿਆ, ਤੀਜੇ ਦਿਨ ਘਾਹ ਬੂਟੀ ਦੀ ਰਚਨਾ ਕੀਤੀ, ਚੌਥੇ ਦਿਨ ਚੰਦ੍ਰਮਾ, ਸੂਰਜ ਅਤੇ ਤਾਰੇ ਰਚੇ, ਪੰਜਵੇਂ ਦਿਨ ਜਲਜੰਤੁ ਅਤੇ ਪੰਛੀ ਬਣਾਏ, ਛੀਵੇਂ ਦਿਨ ਪਸ਼ੂ ਕੀੜੇ ਮਕੌੜੇ ਅਤੇ ਨਰ ਨਾਰੀ ਸਿਰਜੀ. ਸੱਤਵੇਂ ਦਿਨ ਸਾਰਾ ਕੰਮ ਕਰਕੇ ਖ਼ੁਦਾ ਨੇ ਆਰਾਮ ਕੀਤਾ. ਇਸੇ ਲਈ ਛਨਿੱਛਰ ਵਾਰ ਵਿਸ਼੍ਰਾਮ ਦਾ ਦਿਨ (Salbbath) ਮੰਨਿਆ ਗਿਆ. ਦੇਖੋ, Genesis ਕਾਂਡ ੧. ਅਤੇ ੨.#ਇਸੇ ਦੀ ਤਾਈਦ ਕੁਰਾਨ ਵਿੱਚ ਹੈ. ਯਥਾ- "ਅਸੀਂ ਆਕਾਸ਼ ਅਤੇ ਪ੍ਰਿਥਿਵੀ ਨੂੰ ਸਭ ਵਸਤੂਆਂ ਸਹਿਤ ਛੀ ਦਿਨਾਂ ਵਿੱਚ ਬਣਾ ਦਿੱਤਾ ਅਰ ਥਕੇਂਵਾਂ ਸਾਡੇ ਨੇੜੇ ਨਹੀਂ ਆਇਆ" ਸੂਰਤ ਕਾਫ, ਆਯਤ ੩੮.#ਇਸਲਾਮ ਮਤ ਅਨੁਸਾਰ ਸਾਰੇ ਜੀਵ ਤਿੰਨ ਪ੍ਰਕਾਰ ਦੇ ਹਨ-#(ੳ) ਫਰਿਸ਼ਤੇ ਖੁਦਾ ਦੇ ਨੂਰ ਤੋਂ ਬਣੇ ਹਨ.#(ਅ) ਸ਼ੈਤਾਨ ਜਿੰਨ ਆਦਿ ਕੇਵਲ ਅਗਨੀ ਤੋਂ ਬਣੇ ਹਨ.#(ੲ) ਆਦਮੀ ਆਦਿ ਮਿੱਟੀ ਤੋਂ.#ਗੁਰੁਮਤ ਵਿੱਚ ਸ੍ਰਿਸਟੀ ਦੀ ਰਚਨਾ ਬਾਬਤ ਇਹ ਲੇਖ ਹੈ- "ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ." (ਜਪੁ)#"ਤੁਮਰਾ ਲਖਾ ਨ ਜਾਇ ਪਸਾਰਾ।#ਕਿਹ ਬਿਧਿ ਸਜਾ ਪ੍ਰਥਮ ਸੰਸਾਰਾ." (ਚੌਪਈ)