Meanings of Punjabi words starting from ਸ

ਇਹ ਕਰਣੀ ਵਾਲੇ ਪ੍ਰਤਾਪੀ ਮਹਾਤਮਾ ਪਿੰਡ ਪਿੱਥੋ (ਰਾਜ ਨਾਭਾ) ਵਿੱਚ ਚੇਤ ਸੁਦੀ ੯. ਸੰਮਤ ੧੮੪੦ ਨੂੰ ਪੈਦਾ ਹੋਏ. ਇਨ੍ਹਾਂ ਨੇ ਪਹਿਲਾਂ ਕੁਝ ਮਹੀਨੇ ਰਿਆਸਤ ਨਾਭਾ ਦੀ ਨੌਕਰੀ ਕੀਤੀ ਫੇਰ ਬਾਬਾ ਅਜਾਪਾਲ ਸਿੰਘ ਜੀ ਦੀ ਸ਼ਰਣ ਵਿੱਚ ਰਹਿਕੇ ਉੱਚ ਸਿਖ੍ਯਾ ਪ੍ਰਾਪਤ ਕੀਤੀ.#ਸੰਮਤ ੧੮੬੯ ਵਿੱਚ ਇਹ ਬਾਬਾ ਅਜਾਪਾਲ ਸਿੰਘ ਸਾਹਿਬ ਦੇ ਗੁਰੁਦ੍ਵਾਰੇ ਮਹੰਤ ਥਾਪੇ ਗਏ ਅਤੇ ਇਸ ਪਦਵੀ ਨੂੰ ਬਾਬਾ ਜੀ ਨੇ ਬਹੁਤ ਉੱਤਮ ਰੀਤਿ ਨਾਲ ਨਿਬਾਹਿਆ. ਆਪ ਨੇ ਅਨੇਕਾਂ ਨੂੰ ਅਮ੍ਰਿਤ ਛਕਾਕੇ ਗੁਰਸਿੱਖੀ ਦੀ ਰਹਿਣੀ ਵਿੱਚ ਪੱਕਿਆਂ ਕੀਤਾ ਅਤੇ ਰਾਜਾ ਭਰਪੂਰ ਸਿੰਘ ਭਗਵਾਨ ਸਿੰਘ ਜੀ ਨੂੰ ਸਾਰੇ ਪਰਿਵਾਰ ਸਮੇਤ ਅਮ੍ਰਿਤ ਛਕਾਕੇ ਗੁਰੁਮਤ ਵੱਲ ਲਾਇਆ.#ਬਾਬਾ ਸਰੂਪ ਸਿੰਘ ਜੀ ਦਾ ਦੇਹਾਂਤ ਹਾੜ ਵਦੀ ੭. ਸੰਮਤ ੧੯੧੮ ਨੂੰ ਨਾਭੇ ਹੋਇਆ. ਇਨ੍ਹਾਂ ਦੀ ਥਾਂ ਇਨ੍ਹਾਂ ਦੇ ਪੋਤੇ ਬਾਬਾ ਨਾਰਾਯਣ ਸਿੰਘ ਜੀ ਗੁਰਦ੍ਵਾਰੇ ਦੇ ਮਹੰਤ ਥਾਪੇ ਗਏ. ਦੋਖੋ, ਅਜਾਪਾਲ ਸਿੰਘ ਬਾਬਾ ਅਤੇ ਨਾਰਾਯਣ ਸਿੰਘ ਬਾਬਾ.


ਦੇਖੋ, ਮਹਿਮਾ ਪ੍ਰਕਾਸ਼.


ਬਾਬਾ ਅਜੀਤ ਸਿੰਘ ਜੀ ਬੇਦੀ ਦੀ ਧਰਮਪਤਨੀ ਅਤੇ ਬਾਬਾ ਸਾਹਿਬ ਸਿੰਘ ਜੀ ਰਈਸ ਊਨੇ ਦੀ ਮਾਤਾ.


ਸੰ. सुरुपिन् ਵਿ- ਸੁੰਦਰ ਰੂਪ ਵਾਲਾ. ਖੂਬਸੂਰਤ। ੨. ਸੁਰੂਪਾ. ਸੁੰਦਰ ਰੂਪ ਵਾਲੀ. "ਅਬ ਕੀ ਸਰੂਪਿ ਸੁਜਾਨਿ ਸੁਲਖਨੀ." (ਆਸਾ ਕਬੀਰ)


ਅ਼. [سرور] ਸੰਗ੍ਯਾ- ਆਨੰਦ. ਖੁਸ਼ੀ.


ਦੇਖੋ, ਸਰਣਾ. "ਤਿਨ ਕੇ ਕਾਜ ਸਰੇ." (ਮਾਝ ਬਾਰਹਮਾਹਾ) ੨. ਸਦ੍ਰਿਸ਼. ਤੁੱਲ. ਸਰੀਖਾ. "ਅਵਰ ਨ ਦੂਜਾ ਤੁਝੈ ਸਰੇ." (ਵਾਰ ਬਿਹਾ ਮਃ ੪)


ਦੇਖੋ, ਸਰੇਵਨ। ੨. ਸਰੇਵਨ ਕਰਾਂ. ਸਰੇਵਾਂ. "ਕਵਨ ਸੇਵਾ ਸਰੇਉ." (ਸਵੈਯੇ ਮਃ ੪. ਕੇ) ੩. ਦੇਖੋ, ਸ੍ਰੇਯ.