Meanings of Punjabi words starting from ਕ

ਅ਼. [کعبہ] ਕਅ਼ਬਹ. ਅ਼ਰਬ ਦੇ ਮੱਕੇ ਸ਼ਹਿਰ ਵਿੱਚ ਮੁਸਲਮਾਨਾਂ ਦਾ ਧਰਮਮੰਦਿਰ, ਜੋ ਇਸਲਾਮੀ ਕਿਤਾਬਾਂ ਅਨੁਸਾਰ ਪਹਿਲਾਂ ਹਜਰਤ ਆਦਮ ਨੇ ਬਣਾਇਆ. ਨੂਹ ਵਾਲੇ ਤੂਫਾਨ ਵਿੱਚ ਇਹ ਡਿਗ ਪਿਆ, ਅਤੇ ਮੁੜ ਇਬਰਾਹੀਮ ਨੇ ਉਸਾਰਿਆ. ਫੇਰ ਕਈ ਵੇਰ ਡਿੱਗਾ ਅਤੇ ਬਣਿਆ. ਇੱਕ ਵੇਰ ਮੁਹ਼ੰਮਦ ਸਾਹਿਬ ਨੇ ਭੀ ਇਸ ਦੀ ਨਿਉਂ ਰੱਖੀ ਸੀ. ਦੇਖੋ, ਮੁਹੰਮਦ.#ਇਸ ਮੰਦਿਰ ਵਿੱਚ ਅਨੇਕ ਬੁਤਾਂ ਦੀ ਪੂਜਾ ਹੁੰਦੀ ਸੀ, ਜਿਨ੍ਹਾਂ ਨੂੰ ਹਜਰਤ ਮੁਹ਼ੰਮਦ ਨੇ ਬਾਹਰ ਕੱਢਿਆ.#ਸਨ ੧੦੪੦ ਵਿੱਚ ਰੂਮ ਦੇ ਉਸਮਾਨੀ ਪਾਤਸ਼ਾਹ "ਸੁਲਤਾਨ ਮੁਰਾਦ ਚੌਥੇ" ਨੇ ਕਾਬੇ ਨੂੰ ਨਵੇਂ ਸਿਰੇ ਬਣਾਇਆ ਜੋ ਹੁਣ ਤਕ ਕਾਇਮ ਹੈ.#ਇਸ ਮੰਦਿਰ ਦੀ ਪੂਰਵ ਵੱਲ ਦੀ ਬਾਹੀ ਜਿੱਧਰ ਦਰਵਾਜ਼ਾ ਹੈ ੩੩ ਗਜ ਲੰਮੀ ਹੈ। ਪੱਛਮ ਦੀ ੩੧ ਗਜ, ਉੱਤਰ ਦੀ ੨੨ ਅਤੇ ਦੱਖਣ ਦੀ ੨੦. ਗਜ ਹੈ. ਬੁਲੰਦੀ ੩੫ ਫੁਟ ਹੈ. ਚਿਣਾਈ ਭੂਰੇ ਰੰਗ ਦੇ ਪੱਥਰ ਦੀ ਚੂਨੇ ਨਾਲ ਹੋਈ ਹੈ. ਕੁਰਸੀ ਦੋ ਫੁੱਟ ਉੱਚੀ ਹੈ. ਛੱਤ ਚਪਟੀ ਹੈ. ਇਸ ਦਾ ਦਰਵਾਜ਼ਾ ਖ਼ਾਸ ਤਿਉਹਾਰਾਂ ਸਮੇਂ ਹੀ ਖੁਲਦਾ ਹੈ ਜਦ ਯਾਤ੍ਰੀ ਲੋਕ ਆਉਂਦੇ ਹਨ, ਨਹੀਂ ਤਾਂ ਬੰਦ ਰਹਿੰਦਾ ਹੈ. ਦੱਖਣ ਪੂਰਵ ਵੱਲ ਦਾ ਜੋ ਮੰਦਿਰ ਦਾ ਕੋਣਾ ਹੈ, ਉਸ ਵਿੱਚ ਜ਼ਮੀਨ ਤੋਂ ੫. ਫੁੱਟ ਉੱਚਾ "ਸੰਗੇ ਅਸਵਦ" (ਕਾਲਾ ਪੱਥਰ) ਜੜਿਆ ਹੋਇਆ ਹੈ, ਜਿਸ ਨੂੰ ਹਾਜੀ ਚੁੰਮਦੇ ਹਨ. ਦੱਖਣ ਦੇ ਕੋਣੇ ਵਿੱਚ ਇੱਕ ਹੋਰ ਪੱਥਰ ਹੈ, ਜਿਸ ਦਾ ਨਾਉਂ "ਰੁਕਨੁਲਯਮਾਨ" ਹੈ. ਇਸਨੂੰ ਯਾਤ੍ਰੀ ਲੋਕ ਸੱਜੇ ਹੱਥ ਨਾਲ ਛੁੰਹਦੇ ਹਨ. ਦਰਵਾਜ਼ੇ ਦੇ ਪਾਸ ਮੰਦਿਰ ਦੀ ਦੀਵਾਰ ਦੇ ਨਾਲ ਲਗਦਾ ਇੱਕ ਸੰਗਮਰਮਰ ਦੇ ਹਾਸ਼ੀਏ ਵਾਲਾ ਗਹਿਰਾ ਮਕਾਮ ਹੈ, ਜਿਸ ਉੱਪਰ ਤਿੰਨ ਆਦਮੀ ਖੜੇ ਹੋ ਸਕਦੇ ਹਨ. ਆਖਦੇ ਹਨ ਕਿ ਇਸ ਥਾਂ ਇਬਰਾਹੀਮ ਨੇ ਇਸਮਾਈਲ ਸਮੇਤ ਈਸ਼੍ਵਰ ਅੱਗੇ ਪ੍ਰਾਰਥਨਾ ਕੀਤੀ ਸੀ. ਕਾਬੇ ਦੇ ਚਾਰੇ ਪਾਸੇ ਪਰਕੰਮਿਆਂ (ਪਰਿਕ੍ਰਮਾ) ਲਈ ਖੁਲੀ ਤਾਂ ਹੈ ਅਤੇ ਸੁੰਦਰ ਵਲਗਣ (ਚਹਾਰਦੀਵਾਰੀ) ਹੈ. ਕਾਬੇ ਦਾ ਮੰਦਿਰ ਸਿਆਹ ਰੇਸ਼ਮੀ ਗਿਲਾਫ ਨਾਲ ਢਕਿਆ ਰਹਿੰਦਾ ਹੈ, ਜਿਸ ਉੱਤੇ ਕ਼ੁਰਾਨ ਦੀਆਂ ਆਯਤਾਂ ਲਿਖੀਆਂ ਹਨ.¹ "ਗੰਗ ਬਨਾਰਸ ਹਿੰਦੂਆਂ ਮੁੱਸਲਮਾਣਾ ਮੱਕਾ ਕਾਬਾ." (ਭਾਗੁ) "ਕਾਬਾ ਘਟ ਹੀ ਭੀਤਰਿ." (ਆਸਾ ਕਬੀਰ) ਦੇਖੋ, ਅਸਵਦ, ਇਬਰਾਹੀਮ ਹੱਜ, ਮੱਕਾ ਅਤੇ ਮੁਹੰਮਦ.


ਦੇਖੋ, ਕਾਵ੍ਯ. "ਕਈ ਕੋਟਿ ਕਬਿ ਕਾਬਿ ਬਿਚਾਰਹਿ." (ਸੁਖਮਨੀ) ੨. ਕਾਬੇ ਮੇਂ. ਕਾਬੇ ਵੱਲ. ਦੇਖੋ, ਕਾਬਾ. "ਨਿਵਾਜੈਂ ਝੁਕੇ ਹੈਂ ਮਨੋ ਕਾਬਿ ਕਾਜੀ." (ਚਰਿਤ੍ਰ ੪੦੫) ਮਾਨੋ ਕਾਬੇ ਵੱਲ ਕਾਜੀ ਝੁਕੇ ਹਨ.


ਅ਼. [قابضِ] ਕ਼ਾਬਿਜ. ਵਿ- ਕ਼ਬਜ (ਕ਼ਾਬੂ) ਕਰਨ ਵਾਲਾ। ੨. ਸੰਗ੍ਯਾ- ਅੰਤੜੀ ਵਿੱਚ ਮੈਲ ਨੂੰ ਰੋਕਣ ਵਾਲਾ ਪਦਾਰਥ.


ਅ਼. [قابل] ਵਿ- ਕ਼ਾਬਲੀਯਤ (ਯੋਗ੍ਯਤਾ) ਵਾਲਾ. ਯੋਗ੍ਯ. ਲਾਇਕ਼.


ਸੰ. ਕੁਭਾ. ਇੱਕ ਨਦੀ, ਜਿਸਦਾ ਜ਼ਿਕਰ ਰਿਗਵੇਦ ਵਿੱਚ ਆਇਆ ਹੈ. ਇਹ ਨਦੀ ਅਫ਼ਗਾਨਿਸਤਾਨ ਵਿੱਚ ਵਹਿੰਦੀ ਹੋਈ ਅਟਕ ਪਾਸ ਆਕੇ ਸਿੰਧੁਨਦ ਵਿੱਚ ਡਿਗਦੀ ਹੈ. ਫ਼ਾਰਸੀ ਵਿੱਚ ਇਸੇ ਦਾ ਨਾਉਂ ਕਾਬੁਲ ਹੈ. ਲੋਗਰ ਅਤੇ ਕਾਬੁਲ ਨਦੀ ਦੇ ਵਿਚਕਾਰ ਵਸੇ ਨਗਰ ਦਾ ਨਾਉਂ ਭੀ ਕਾਬੁਲ ਹੋ ਗਿਆ ਹੈ. ਕਾਬੁਲ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ, ਅਤੇ ਪੇਸ਼ਾਵਰ ਤੋਂ ੧੮੧ ਮੀਲ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੫੭੮੦ ਫੁਟ ਹੈ. ਕਾਬੁਲ ਦੇ ਸ਼ਾਹ ਦੀ ਪਦਵੀ "ਅਮੀਰ" ਹੈ.¹#ਸ਼੍ਰੀ ਗੁਰੂ ਨਾਨਕ ਦੇਵ ਧਰਮਪ੍ਰਚਾਰ ਕਰਦੇ ਹੋਏ ਸੰਮਤ ੧੫੭੬ ਵਿੱਚ ਇਸ ਸ਼ਹਿਰ ਵਿਰਾਜੇ ਅਤੇ ਅਨੇਕ ਜੀਵਾਂ ਨੂੰ ਸੁਮਾਰਗ ਪਾਇਆ. "ਜਹਿਂ ਕਾਬੁਲ ਕੋ ਨਗਰ ਸੁਹਾਵਾ। ਤਿਸ ਮਹਿਂ ਪ੍ਰਵਿਸੇ ਦੁਖਬਨ ਦਾਵਾ." (ਨਾਪ੍ਰ)#ਸ਼੍ਰੀ ਗੁਰੂ ਅਰਜਨ ਦੇਵ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਵੇਲੇ ਕਾਬੁਲ ਵਿੱਚ ਸਿੱਖਧਰਮ ਦਾ ਬਹੁਤ ਪ੍ਰਚਾਰ ਹੋਇਆ. ਹੁਣ ਇਸ ਸ਼ਹਿਰ ਵਿੱਚ ਕਈ ਸਿੱਖ ਧਰਮਸ਼ਾਲਾ ਦੇਖੀਦੀਆਂ ਹਨ.