Meanings of Punjabi words starting from ਰ

ਦੇਖੋ, ਰੋਂਦਨਾ.


ਸੰ. रङ्क. ਵਿ- ਕ੍ਰਿਪਣ. ਕੰਜੂਸ। ੨. ਮੂਰਖ. "ਸਾਧਸੰਗ ਰੰਕ ਤਾਰਨ." (ਬਿਲਾ ਮਃ ੫) ੩. ਕੰਗਾਲ. ਮੰਗਤਾ. "ਰੰਕ ਤੇ ਰਾਉ ਕਰਤ ਖਿਨ ਭੀਤਰਿ. (ਬਿਲਾ ਮਃ ੫)


ਦੇਖੋ, ਰੰਕਾ ਬੰਕਾ.


ਸੰਗ੍ਯਾ- ਰੰਕਤਾ. ਰੰਕਪਨ. ਕੰਗਾਲਪੁਣਾ. "ਨ ਛੋਡਈ ਰੰਕਾਈ ਨੈਨਾਹ." (ਸ. ਕਬੀਰ)


(रङ्कण- बङ्कण) ਰੰਕਾ ਪਤੀ, ਅਤੇ ਵੰਕਾ ਇਸਤ੍ਰੀ ਸੀ. ਰੰਕਾ ਦਾ ਜਨਮ ਪੰਡਰਪੁਰ ਦੱਖਣ ਵਿੱਚ ਸੰਮਤ ੧੩੪੮, ਅਤੇ ਹਰਿਦੇਵ ਬ੍ਰਾਹਮਣ ਦੀ ਪੁਤ੍ਰੀ ਵੰਕਾ ਦਾ ਸੰਮਤ ੧੩੫੧ ਵਿੱਚ ਹੋਇਆ. ਇਹ ਦੋਵੇਂ ਵੈਸਨਵਮਤ ਦੇ ਪੱਕੇ ਪ੍ਰਚਾਰਕ ਸਨ. ਇਨ੍ਹਾਂ ਦਾ ਤ੍ਯਾਗ ਜਗਤਪ੍ਰਸਿੱਧ ਹੈ.#ਇਕ ਵਾਰ ਰੰਕਾ ਨੇ ਰਸਤੇ ਵਿੱਚ ਮੁਹਰਾਂ ਪਈਆਂ ਵੇਖਕੇ ਪੈਰ ਨਾਲ ਮਿੱਟੀ ਪਾ ਦਿੱਤੀ ਕਿ ਕਿਤੇ ਵੰਕਾ ਦਾ ਚਿੱਤ ਨਾ ਲੁਭਾ ਜਾਵੇ. ਵੰਕਾ ਨੇ ਪਤੀ ਨੂੰ ਆਖਿਆ ਕਿ ਅਜੇ ਆਪ ਦੀ ਦਨਐਤ ਦੂਰ ਨਹੀਂ ਹੋਈ. ਸੰਨ੍ਯਾਸੀ ਨੂੰ ਜਦ ਸੋਨਾ ਅਤੇ ਮਿੱਟੀ ਇੱਕੋ ਹੈ, ਫੇਰ ਆਪ ਨੇ ਮੁਹਰਾਂ ਢਕਣ ਦਾ ਜਤਨ ਕਿਉਂ ਕੀਤਾ?#ਇਨ੍ਹਾਂ ਦੋਹਾਂ ਦਾ ਮਿਲਿਆ ਨਾਉਂ ਭਗਤਮਾਲ ਆਦਿ ਗ੍ਰੰਥਾਂ ਵਿੱਚ ਦੇਖਿਆ ਜਾਂਦਾ ਹੈ. ਰੰਕਾ ਵੰਕਾ ਦੀ ਔਲਾਦ ਕਾਂਜੀਵਰੰ ਪਾਸ ਵ੍ਯਾਵਰ ਨਗਰ ਵਿੱਚ ਇਸ ਵੇਲੇ ਰੰਕਾ ਵੰਕਾ ਦੇ ਪ੍ਰਸਿੱਧ ਮੰਦਿਰ ਦੀ ਗੱਦੀ ਨਸ਼ੀਨ ਹੈ.


ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)