ਇੱਕ ਸ਼ਬਦਾਲੰਕਾਰ. (ਸਹਜ ਧਰਮ ਦਾ ਕਥਨ) ਕਿਸੇ ਵਸਤੁ ਦੇ ਜਾਤਿ ਸੁਭਾਵ ਦਾ ਵਰਣਨ "ਸ੍ਵਭਾਵੋਕ੍ਤਿ" ਅਲੰਕਾਰ ਹੈ. ਇਸ ਦਾ ਨਾਉਂ ਜਾਤਿ ਭੀ ਹੈ.#ਉਦਾਹਰਣ-#ਲਉਕੀ ਅਠਸਠਿ ਤੀਰਥਿ ਨਾਈ।#ਕਉਰਾਪਨ ਤਊ ਨ ਜਾਈ।।#(ਸੋਰ ਕਬੀਰ)#ਚੰਦਨ ਲੇਪ ਹੋਤ ਦੇਹ ਕਉ ਸੁਖ ਗਰਧਭ ਭਸਮ ਸੰਗੀਤਿ.#(ਧਨਾ ਮਃ ੫)#ਮਨਮੁਖ ਮਨ ਨ ਭਿਜਈ ਅਤਿ ਮੈਲੇ ਚਿਤ ਕਠੋਰ#ਸਪੈ ਦੁਧ ਪੀਆਈਐ ਅੰਦਰਿ ਵਿਸੁ ਨਿਕੋਰ.#(ਸੂਹੀ ਅਃ ਮਃ ੩)
ਸੰ. ਵਿ- ਆਪ ਹੋਣ ਵਾਲਾ. ਸ੍ਵਯੰਭਵ. ਜੋ ਕਿਸੇ ਦਾ ਕਾਰਜ ਨਹੀਂ. ਦੇਖੋ, ਭੂ.
ਦੇਖੋ, ਸਵੈਯਾ। ੨. ਸਵਾਇਆ. "ਪਲ ਪਲ ਬਿਖੈ ਸਵੱਯਾ ਚਰੈ." (ਗੁਪ੍ਰਸੂ) ਸਵਾਈ ਕਲਾ ਚੜ੍ਹੇਗੀ.
ਸੰ. स्वयम् ਵ੍ਯ- ਖ਼ੁਦ. ਆਪ.
ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਆਪ ਹੀ ਦੂਤੀ (ਵਿਚੋਲਨ) ਦਾ ਕੰਮ ਕਰੇ.
ਆਪਣੇ ਆਪ ਪ੍ਰਕਾਸ਼ਨੇ ਵਾਲਾ. ਜਿਸ ਨੂੰ ਦੂਜੇ ਦੇ ਪ੍ਰਕਾਸ਼ ਦੀ ਸਹਾਇਤਾ ਨਾ ਲੋੜੀਏ.
ਸੰ. स्वयंवर ਸੰਗ੍ਯਾ- ਆਪ ਵਰਣ ਦੀ ਕ੍ਰਿਯ. ਜੁੜੇ ਹੋਏ ਸਮਾਜ ਵਿੱਚੋਂ ਕੰਨ੍ਯਾ ਨੇ ਪਸੰਦ ਕਰਕੇ ਪਤਿ ਵਰਣਾ. ਦੇਖੋ, ਸੀਤਾ ਅਤੇ ਦਮਯੰਤੀ ਆਦਿ ਦੇ ਸ੍ਵਯੰਵਰ. ਭਾਰਤ ਵਿੱਚ ਅੰਤਿਮ ਸ੍ਵਯੰਬਰ ਜੈਚੰਦ ਕਨੌਜਪਤਿ ਨੇ ਆਪਣੀ ਪੁਤ੍ਰੀ ਸੰਯੁਕ੍ਤਾ ਦਾ ਕੀਤਾ ਸੀ.
ਸੰ ਸ੍ਵਯੰਵਰਾ. ਵਿ- ਆਪ ਪਸੰਦ ਕਰਕੇ ਪਤਿ ਵਰਣ ਵਾਲੀ ਇਸਤ੍ਰੀ.
ਦੇਖੋ, ਸੈਭੰ। ੨. ਸੰਗ੍ਯਾ- ਬ੍ਰਹਮਾ.
ਸੰ. ਸ਼ਵਰ. ਸੰਗ੍ਯਾ- ਭਿੱਲ ਜਾਤਿ. ਇੱਕ ਨੀਚ ਜਾਤਿ, ਜੋ ਭੀਲਾਂ ਨਾਲ ਮਿਲਦੀ ਹੈ.¹ ਦੇਖੋ, ਸਬਰੀ। ੨. ਸ਼ਿਵ. ਮਹਾਦੇਵ। ੩. ਫ਼ਾ. [شوہر] ਸ਼ੌਹਰ. ਲਾੜਾ. ਪਤੀ. ਭਰਤਾ. " ਪਿਰੁ ਰਾਵਿਅੜਾ ਸਚੁ ਸਵਰਾ." (ਵਡ ਮਃ ੪) ਸੱਚਾ ਸ਼ੌਹਰ। ੪. ਮੀਮਾਂਸਾ ਸੂਤ੍ਰਾਂ ਦਾ ਭਾਸ਼੍ਯਕਾਰ, ਸ਼ਵਰ.; ਸੰ. स्वर् ਵ੍ਯ- ਸ੍ਵਰਗ। ੨. ਉੱਤਮ. ਸ਼੍ਰੇਸ੍ਠ. ੩. ਸੰਗ੍ਯਾ- ਪ੍ਰਾਣ ਪਵਨ ਦਾ ਵਿਹਾਰ. ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ। ੪. ਗਾਉਣ ਦੀ ਧੁਨਿ.¹ ਰਾਗ ਦੇ ਮੂਲ ਰੂਪ ਸੱਤ ਸੁਰ. ਸੜਜ. ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ.#ਰਾਗ ਦੇ, ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ਸੜਜ, ਪਪੀਹੇ (ਚਾਤ੍ਰਕ) ਦੀ ਧੁਨਿ ਤੋਂ ਰਿਸਭ (ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿਸਭ ਮੰਨਿਆ ਹੈ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ, ਕੂੰਜ ਦੀ ਧੁਨਿ ਤੋਂ ਮਧ੍ਯਮ, ਕੋਇਲ (ਕੋਕਿਲਾ) ਤੋਂ ਪੰਚਮ, ਡੱਡੂ (ਅਥਵਾ ਘੋੜੇ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿਸਾਦ ਸੁਰ ਕਲਪਿਆ ਹੈ.²#ਜੋ ਸੁਰ ਰਿਖੀਆਂ ਨੇ ਰਾਗ ਵਿਦ੍ਯਾ ਦੇ ਆਰੰਭ ਵਿੱਚ ਥਾਪੇ, ਉਹ ਸ਼ੁੱਧ ਕਹੇ ਜਾਂਦੇ ਹਨ. ਫੇਰ ਪਿੱਛੋਂ ਕਈ ਰਾਗਾਂ ਵਾਸਤੇ ਜੋ ਨੀਵੇਂ ਅਤੇ ਉੱਚੇ ਸੁਰ ਦੀ ਲੋੜ ਪਈ ਤਾਂ ਪੰਜ ਵਿਕ੍ਰਿਤ ਸੁਰ ਬਣਾਏ. ਇਨ੍ਹਾਂ ਵਿੱਚੋਂ ਚਾਰ- ਰਿਸਭ, ਗਾਂਧਾਰ, ਧੈਵਤ ਅਤੇ ਨਿਸਾਦ ਵਿਕਾਰੀ ਹੋਕੇ ਕੋਮਲ ਹੋ ਜਾਂਦੇ ਹਨ ਅਤੇ ਮਧ੍ਯਮ ਵਿਕ੍ਰਿਤ ਹੋਕੇ ਤੀਵ੍ਰ (ਕੜਾ) ਹੁੰਦਾ ਹੈ. ਇਸ ਹਿਸਾਬ ਅਨੁਸਾਰ ਬਾਰਾਂ (ਸੱਤ ਸ਼ੁੱਧ ਅਤੇ ਪੰਜ ਵਿਕ੍ਰਿਤ) ਸ੍ਵਰਾਂ ਤੋਂ ਸਾਰੇ ਰਾਗਾਂ ਦੇ ਠਾਟ ਬਣਦੇ ਹਨ. ਦੇਖੋ, ਠਾਟ.#ਕਈ ਅਞਾਣ ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਨੂੰ ਤੀਵ੍ਰ (ਚੜਿਆ), ਮਧ੍ਯਮ ਨੂੰ ਉਤਰਿਆ, ਸੜਜ ਅਤੇ ਪੰਚਮ ਨੂੰ ਅਚਲ ਆਖਦੇ ਹਨ, ਪਰ ਇਹ ਭੁੱਲ ਹੈ. ਅਸਲ ਵਿੱਚ ਆਪਣੀ ਥਾਂ ਇਸਥਿਤ ਇਹ ਸੱਤੇ ਸੁਰ ਸ਼ੁੱਧ ਕਹੇ ਜਾਂਦੇ ਹਨ. ਅਞਾਣਾਂ ਦੀ ਬੋਲੀ ਵਿੱਚ ਜੋ ਅਚਲ ਸੜਜ, ਚੜ੍ਹਿਆ ਰਿਸਭ, ਚੜ੍ਹਿਆ ਗਾਂਧਾਰ, ਕੋਮਲ ਮਧ੍ਯਮ, ਅਚਲ ਪੰਚਮ, ਚੜ੍ਹਿਆ ਧੈਵਤ ਅਤੇ ਨਿਸਾਦ ਹੈ, ਵਿਦ੍ਵਾਨਾਂ ਦੇ ਹਿਸਾਬ ਇਹ ਸੱਤੇ ਸ਼ੁੱਧ ਸੁਰ ਹਨ. ਬਾਕੀ ਪੰਜ ਵਿਕ੍ਰਿਤ ਸੁਰਾਂ ਬਾਬਤ ਉੱਪਰ ਚੰਗੀ ਤਰਾਂ ਦੱਸਿਆ ਗਿਆ ਹੈ.#ਸੱਤਾਂ ਸੁਰਾਂ ਦੀਆਂ ੨੨ ਸ਼੍ਰੁਤੀਆਂ ਹਨ, ਜੋ ਸੁਰਾਂ ਦੇ ਅੰਸ਼ ਆਖਣੇ ਚਾਹੀਏ. ਦੇਖੋ, ਸ਼੍ਰੁਤਿ.#ਕਈ ਅਗ੍ਯਾਨੀ ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ, ਪਰ ਐਸਾ ਨਹੀਂ ਹੈ. ਮੂਰਛਨਾ ਨਾਉਂ ਠਾਟ ਦੀ ਇਸਥਿਤੀ ਦਾ ਹੈ. ਸੁਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ, ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਆਲਾਪ ਲਈ ਠਹਿਰਾਈ ਗਈ ਹੈ.#ਇਸ ਗ੍ਰੰਥ ਵਿੱਚ ਲਿਖੇ ਸ਼ੁੱਧ, ਕੋਮਲ ਅਤੇ ਤੀਵ੍ਰ ਸੁਰ ਸਮਝਣ ਲਈ ਅਸੀਂ ਇਹ ਸੰਕੇਤ ਰੱਖਿਆ ਹੈ ਕਿ ਮੁਕਤੇ ਅੱਖਰ ਵਾਲਾ ਸ਼ੁੱਧ ਸੁਰ, ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਵ੍ਰ ਹੈ. ਯਥਾ-#ਸ਼ੁੱਧ- ਸ ਰ ਗ ਮ ਪ ਧ ਨ.#ਕੋਮਲ- ਰਾ ਗਾ ਧਾ ਨਾ.#ਤੀਵ੍ਰ- ਮੀ.#ਰਾਗਾਂ ਦੇ ਬਿਆਨ ਵਿੱਚ ਗ੍ਰਹਸ੍ਵਰ, ਵਾਦੀ, ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ, ਇਸ ਲਈ ਇਨ੍ਹਾਂ ਬਾਬਤ ਭੀ ਚੰਗੀ ਤਰਾਂ ਸਮਝ ਲੈਣਾ ਚਾਹੀਏ.#ਗ੍ਰਹਸ੍ਵਰ ਉਹ ਹੈ ਜਿਸ ਵਿੱਚ ਰਾਗ ਦੇ ਆਲਾਪ ਦੀ ਸਮਾਪਤੀ ਹੋਵੇ.#ਵਾਦੀ ਅਥਵਾ ਅੰਸ਼ (ਜੀਵ) ਸ੍ਵਰ ਉਹ ਹੈ ਜੋ ਰਾਗ ਦੀ ਜਾਨ ਹੋਵੇ.#ਸੰਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ.#ਅਨੁਵਾਦੀ ਉਹ ਹੈ ਜੋ ਵਾਦੀ ਸੰਵਾਦੀ ਨੂੰ ਸਹਾਇਤਾ ਦੇ ਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰ ਦੇਵੇ.#ਵਿਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਵਿਗਾੜ ਦੇਵੇ. ਇਸ ਨੂੰ ਵਰਜਿਤ ਅਤੇ ਸ਼ਤ੍ਰੁ ਸ੍ਵਰ ਭੀ ਆਖਦੇ ਹਨ।³ ੫. ਉਹ ਅੱਖਰ ਜੋ ਸੁਤੇ ਆਵਾਜ਼ ਦੇਵੇ. ਜੋ ਆਪ ਹੀ ਪ੍ਰਕਾਸ਼ੇ ਉਹ ਸ੍ਵਰ ਹੈ. ਪੰਜਾਬੀ ਵਰਣਮਾਲਾ ਵਿੱਚ ੳ ਅ ੲ ਸ੍ਵਰ ਹਨ.
ਦੇਖੋ, ਸੁਰਗ. "ਨਚ ਦੁਰਲਭੰ ਸ੍ਵਰਗਰਾਜਨਹ." (ਸਹਸ ਮਃ ੫)
ਦੇਖੋ, ਸੁਰਗਦੁਆਰੀ. "ਸ੍ਵਰਗਦ੍ਵਾਰੀਆਂ ਤਰੇ ਬਨਾਵਹੁ." (ਗੁਪ੍ਰਸੂ)