Meanings of Punjabi words starting from ਮ

ਫ਼ਾ. [مہتاب] ਸੰਗ੍ਯਾ- ਮਾਹ (ਚੰਦ੍ਰਮਾ) ਦਾ ਪ੍ਰਕਾਸ਼. ਚੰਦ ਦਾ ਚਾਨਣਾ। ੨. ਗੰਧਕ ਆਦਿ ਪਦਾਰਥ ਮਿਲਾਕੇ ਬਣਾਈ ਬੱਤੀ, ਜਿਸ ਦੇ ਮਚਾਉਣ ਤੋਂ ਚੰਦ ਜੇਹਾ ਪ੍ਰਕਾਸ਼ ਹੋਵੇ, ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ. ਪੁਰਾਣੇ ਸਮੇਂ ਮਹਤਾਬ ਨਾਲ ਤੋਪ ਦੇ ਪਲੀਤੇ ਨੂੰ ਭੀ ਅੱਗ ਦਿੱਤੀ ਜਾਂਦੀ ਸੀ.


ਦੇਖੋ, ਮੱਸਾ ਰੰਘੜ ਅਤੇ ਮਤਾਬਸਿੰਘ.


ਦੇਖੋ, ਮਤਾਬਕੌਰ.


ਫ਼ਾ. [مہتابی] ਵਿ- ਚੰਦ੍ਰਮਾ ਦੀ ਚਾਂਦਨੀ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਛੋਟਾ ਮਹਤਾਬ ਦੇਖੋ, ਮਹਤਾਬ ੨। ੩. ਮਕਾਨ ਦੀ ਉੱਪਰਲੀ ਮੰਜ਼ਿਲ ਦਾ ਖੁਲਾ ਵਰਾਂਡਾ.


ਮਾਂ. ਦੇਖੋ, ਮਹਤਰੀਆ. "ਕਿਆ ਬਸੁ ਜਉ ਬਿਖੁ ਦੇ ਮਹਤਾਰੀ." (ਗਉ ਕਬੀਰ)


ਸੰ. ਮਹਤ੍ਵ. ਸੰਗ੍ਯਾ- ਬਜ਼ੁਰਗੀ. ਵਡਿਆਈ. "ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ." (ਸ੍ਰੀ ਅਃ ਮਃ ੧) ੨. ਸੰ. ਮਹਤ (महत्) ਵਿ- ਵਿਸ੍ਤਾਰ ਸਹਿਤ. "ਮਾਤਾ ਧਰਤਿ ਮਹਤੁ." (ਜੁਪ) ਦੇਖੋ, ਮਹਤ.


ਅ਼. [مہدی] ਵਿ- ਜਿਸ ਨੂੰ ਹਦਾਯਤ (ਸਿਖ੍ਯਾ) ਮਿਲੀ ਹੈ। ੨. ਸੰਗ੍ਯਾ- ਭਵਿਸ਼੍ਯ (ਆਉਣ ਵਾਲੇ ਸਮੇ) ਵਿੱਚ ਹੋਣ ਵਾਲਾ ਇੱਕ ਇਮਾਮ. ਇਸਲਾਮਮਤ ਅਨੁਸਾਰ ਇਹ ਕੁਮਾਰਗ ਚਲਦੇ ਲੋਕਾ ਨੂੰ ਸੁਮਾਰਗ ਪਾਵੇਗਾ, ਅਰ ਸੱਤ ਵਰ੍ਹੇ ਮੱਕੇ ਵਿੱਚ ਰਾਜ ਕਰੇਗਾ. ਇਹ ਆਖ਼ਿਰੀ ਇਮਾਮ, ਹਿੰਦੂਆਂ ਦੇ ਕਲਕੀ ਅਵਤਾਰ ਤੁੱਲ ਹੋਊ.#ਸ਼ੀਆ਼ ਮੁਸਲਮਾਨਾਂ ਦੇ ਖ਼ਿਆਲ ਅਨੁਸਾਰ ਮਹਦੀ ਪੈਦਾ ਹੋ ਚੁੱਕਾ ਹੈ, ਜੋ ਹੁਣ ਗੁਪਤ ਹੈ. ਇਹ ਪ੍ਰਗਟ ਹੋਕੇ ਦੁਸ੍ਟਾ ਨੂੰ ਦੰਡ ਦੇਊ ਅਤੇ ਇਸਲਾਮ ਦੀ ਦਸ਼ਾ ਸੁਧਾਰਕੇ ਦੁਨੀਆਂ ਤੋਂ ਚਲਾਜਾਊ. ਦੇਖੋ, "ਹਦਾਯਤੁਲਕੁਲੂਬ." "ਮਹਦੀ ਭਰ੍ਯੋ ਤਬ ਗਰਬ। ਜਗ ਜੀਤਿਓ ਜਬ ਸਰਬ ॥" (ਕਲਕੀ) ੩. ਮਿਰਜ਼ਈ ਮੁਸਲਮਾਨਾ ਦੇ ਖਿਆਲ ਅਨੁਸਾਰ ਮਿਰਜ਼ਾ ਗੁਲਾਮ ਅਹਮਦ ਮਹਦੀ ਸੀ. ਦੇਖੋ, ਗੁਲਾਮਅਹਮਦ। ੪. ਦੇਖੋ, ਮਹਿਦੀ.


ਦੇਖੋ, ਮਹਿਦੀਨ.


ਅ਼. [محدۇد] ਵਿ- ਹ਼ੱਦ ਕੀਤਾ ਗਿਆ. ਪ੍ਰਮਿਤ। ੨. ਸੰਗ੍ਯਾ- ਉਹ ਨਵਿਸ਼ੂ, ਜਿਸ ਵਿੱਚ ਨਿਯਮਾਂ ਦੀ ਹੱਦ ਬੰਨ੍ਹ ਦਿੱਤੀ ਜਾਵੇ. "ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ." (ਮਃ ੧. ਵਾਰ ਮਲਾ) ਹੁਣ ਕੋਈ ਮੇਰੇ ਉੱਪਰ ਲਗਾਨ ਵਧਾ ਨਹੀਂ ਸਕਦਾ, ਪੱਕਾ ਬੰਦੋਬਸਤ ਹੋਗਿਆ.