Meanings of Punjabi words starting from ਚ

ਸੰ. चन्द्रहास ਸੰਗ੍ਯਾ- ਚੰਦ੍ਰਮਾ ਜੇਹਾ ਹੈ ਹਾਸ (ਪ੍ਰਕਾਸ਼) ਜਿਸ ਦਾ, ਤਲਵਾਰ ਖੜਗ, ਇਹ ਸਕੇਲੇ ਦਾ ਹੁੰਦਾ ਹੈ. ਫੌਲਾਦ ਤੋਂ ਚੰਦ੍ਰਹਾਸ ਨਹੀਂ ਬਣਾਈਦਾ। ੨. ਰਾਵਣ ਦੀ ਖ਼ਾਸ ਤਲਵਾਰ, ਜੋ ਸ਼ਿਵ ਤੋਂ ਉਸ ਨੂੰ ਪ੍ਰਾਪਤ ਹੋਈ ਸੀ. "ਚੰਦ੍ਰਹਾਸ ਏਕੈਂ ਕਰ ਧਾਰੀ." (ਰਾਮਾਵ) ੩. ਚਾਂਦੀ. ਰਜਤ। ੪. ਇੱਕ ਦੱਖਣ ਦਾ ਰਾਜਾ, ਜਿਸ ਦੀ ਕਥਾ ਮਹਾਭਾਰਤ ਵਿੱਚ ਇਉਂ ਲਿਖੀ ਹੈ ਕਿ- ਚੰਦ੍ਰਹਾਸ ਦੇ ਮਾਤਾ ਪਿਤਾ ਛੋਟੀ. ਉਮਰ ਵਿੱਚ ਮਰ ਗਏ ਅਤੇ ਰਾਜ ਦੇ ਮੰਤ੍ਰੀ ਧ੍ਰਿਸ੍ਟਬੁੱਧ ਨੇ ਸਾਰੀ ਰਿਆਸਤ ਸਾਂਭ ਲਈ. ਇੱਕ ਦਿਨ ਕਿਸੇ ਜ੍ਯੋਤਿਸੀ ਨੇ ਬਾਲਕ ਚੰਦ੍ਰਹਾਸ ਨੂੰ ਦੇਖਕੇ ਆਖਿਆ ਕਿ ਇਹ ਚਕ੍ਰਵਰਤੀ ਰਾਜਾ ਹੋਵੇਗਾ. ਇਹ ਸੁਣਕੇ ਧ੍ਰਿਸ੍ਟਬੁੱਧਿ ਉਹ ਚਿੱਠੀ ਲੈ ਕੇ ਗਿਆ ਅਤੇ ਥਕੇਵਾਂ ਦੂਰ ਕਰਨ ਨੂੰ ਬਾਲਕ ਮਾਰਣ ਲਈ ਅਨੇਕ ਯਤਨ ਕਰਨੇ ਪਏ, ਪਰ ਕਰਤਾਰ ਨੇ ਉਸ ਦੀ ਰਖ੍ਯਾ ਕੀਤੀ. ਅੰਤ ਨੂੰ ਮੰਤ੍ਰੀ ਨੇ ਚੰਦ੍ਰਹਾਸ ਹੱਥ ਆਪਣੇ ਪੁਤ੍ਰ ਮਦਨ ਦੇ ਨਾਮ ਚਿੱਠੀ ਦਿੱਤੀ ਕਿ ਇਸ ਨੂੰ ਵਿਸ ਦੇਦਿਓ. ਚੰਦ੍ਰਹਾਸ ਲਈ ਮਦਨ ਦੇ ਬਾਗ਼ ਵਿੱਚ ਸੋਂ ਗਿਆ. ਮਦਨ ਦੀ ਭੈਣ ਵਿਸਯਾ ਬਾਗ ਵਿੱਚ ਆਈ ਉਸ ਨੇ ਸੁੱਤੇਪਏ ਚੰਦ੍ਰਹਾਸ ਦੀ ਸ਼ਕਲ ਦੇਖਕੇ ਪਤਿ ਧਾਰਣ ਦਾ ਪੱਕਾ ਸੰਕਲਪ ਕਰ ਲਿਆ. ਚੰਜਦ੍ਰਹਾਸ ਦੇ ਪੱਲੇ ਤੋਂ ਚਿੱਠੀ ਖੋਲ੍ਹਕੇ ਦੇਖੀ ਤਾਂ ਵਿਸਯਾ ਵਡੀ ਦੁਖੀ ਹੋਈ ਅਤੇ ਨੇਤ੍ਰ ਦੇ ਕੱਜਲ ਨਾਲ ਵਿਸ ਦੀ ਥਾਂ ਵਿਸਯਾ ਸ਼ਬਦ ਬਣਾਕੇ ਚਲੀ ਗਈ. ਚੰਦ੍ਰਹਾਸ ਜਾਗਕੇ ਮਦਨ ਪਾਸ ਪੁੱਜਾ ਅਤੇ ਚਿੱਠੀ ਦਿੱਤੀ. ਮਦਨ ਨੇ ਤੁਰਤ ਹੀ ਆਪਣੀ ਭੈਣ ਦੀ ਸ਼ਾਦੀ ਚੰਦ੍ਰਹਾਸ ਨਾਲ ਕਰ ਦਿੱਤੀ. ਇਹ ਸਭ ਮਾਲੂਮ ਕਰਕੇ ਧ੍ਰਿਸ੍ਟਬੁੱਧਿ ਨੂੰ ਅੱਗ ਲੱਗ ਗਈ. ਉਸ ਨੇ ਚੰਡਾਲਾਂ ਨੂੰ ਧਨ ਦੇ ਕੇ ਇਹ ਬ੍ਯੋਂਤ ਕੀਤੀ ਕਿ ਦੇਵਮੰਦਿਰ ਪੂਜਨ ਗਏ ਚੰਦ੍ਰਹਾਸ ਦਾ ਸਿਰ ਕੱਟ ਦਿੱਤਾ ਜਾਵੇ. ਦੈਵਯੋਗ ਨਾਲ ਮਦਨ, ਮੰਦਿਰ ਵਿੱਚ ਚੰਦ੍ਰਹਾਸ ਤੋਂ ਪਹਿਲਾਂ ਪੁੱਜਾ ਅਤੇ ਚੰਡਾਲਾਂ ਤੋਂ ਕ਼ਤਲ ਕੀਤਾ ਗਿਆ. "ਜਿਉ ਜਨ ਚੰਦ੍ਰਹਾਸੁ ਦੁਖਿਆ ਧ੍ਰਿਸਟਬੁਧੀ, ਅਪਨਾ ਘਰੁ ਲੂਕੀ ਜਾਰੇ." (ਨਟ ਅਃ ਮਃ ੪)


ਦੇਖੋ, ਚੰਦ੍ਰਸੇਨੀ ਹਾਰ.


ਸੰ. ਸੰਗ੍ਯਾ- ਚੰਦ੍ਰਮਾ. ਚਾਂਦ। ੨. ਚੰਦ੍ਰਮਾ ਦੇ ਆਕਾਰ ਦਾ ਇਸਤ੍ਰੀਆਂ ਦਾ ਮਸਤਕਭੂਸਣ। ੩. ਇੱਕ ਰਿਖੀ. ਦੇਖੋ, ਜਰਾਸੰਧ. "ਚੰਦ੍ਰਕ ਨਾਮ ਰਿਖੀਸੁਰ ਏਕ." (ਗੁਪ੍ਰਸੂ) ੪. ਕਪੂਰ.


ਦੇਖੋ, ਅਰਧਚੰਦ੍ਰ ਬਾਣ ਅਤੇ ਚੰਦ੍ਰ ੧੦.


ਸੰ. ਸੰਗ੍ਯਾ- ਚੰਦ੍ਰਮਾ ਦਾ ਸੋਲਵਾਂ ਭਾਗ. ਚੰਦ੍ਰਮਾ ਦੀਆਂ ਸੋਲਾਂ ਕਲਾ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਹ ਲਿਖੀਆਂ ਹਨ- ਅਮ੍ਰਿਤਾ, ਮਾਨਦਾ, ਪੂਸਾ, ਪੁਸ੍ਟਿ, ਤੁਸ੍ਟਿ, ਰਤਿ, ਧ੍ਰਿਤਿ, ਸ਼ਸ਼ਿਨੀ, ਚੰਦ੍ਰਿਕਾ, ਕਾਂਤਿ, ਜ੍ਯੋਤਸ੍ਨਾ, ਸ਼੍ਰੀ, ਪ੍ਰੀਤਿ, ਅੰਗਦਾ, ਪੂਸਣਾ ਅਤੇ ਪੂਰਣਾ.#ਕਾਮਸ਼ਾਸਤ੍ਰ ਅਨੁਸਾਰ ਸੋਲਾਂ ਕਲਾ ਇਹ ਹਨ- ਪੂਸਾ, ਯਸ਼ਾ, ਸੁਮਨਸਾ, ਰਤਿ, ਪ੍ਰਾਪ੍ਤਿ, ਧ੍ਰਿਤਿ, ਰਿੱਧਿ, ਸੋਮ੍ਯਾ, ਮਰੀਚਿ, ਅੰਸ਼ੁਮਾਲਿਨੀ, ਅੰਗਿਰਾ, ਸ਼ਸ਼ਿਨੀ, ਛਾਯਾ, ਸੰਪੂਰ੍‍ਣਮੰਡਲਾ, ਤੁਸ੍ਟਿ ਅਤੇ ਅਮ੍ਰਿਤਾ। ੨. ਨਾਨਕ ਪ੍ਰਕਾਸ਼ ਅਨੁਸਾਰ ਲੰਕਾਪਤਿ ਸ਼ਿਵਨਾਭ ਦੀ ਪਟਰਾਨੀ, ਜਿਸ ਨੇ ਜਗਤਗੁਰੂ ਦੀ ਸਿੱਖੀ ਧਾਰਨ ਕੀਤੀ. "ਚੰਦ੍ਰਕਲਾ ਲੇ ਰਾਨੀ ਸੰਗਾ। ਆਵਾ ਭੂਪਤਿ ਹ੍ਰਿਧੈ ਉਮੰਗਾ." (ਨਾਪ੍ਰ) ੩. ਦੇਖੋ, ਸਵੈਯੇ ਦਾ ਰੂਪ ੧੫.


ਦੇਖੋ, ਚੰਦ੍ਰਿਕਾ.


ਸੰ. चन्द्रकान्त ਸੰਗ੍ਯਾ- ਸੰਸਕ੍ਰਿਤ ਦੇ ਕਵੀਆਂ ਦੇ ਖ਼ਿਆਲ ਅਨੁਸਾਰ ਇੱਕ ਮਣਿ, ਜੋ ਚੰਦ੍ਰਮਾ ਦੇ ਪ੍ਰਕਾਸ਼ ਵਿੱਚ ਅਮ੍ਰਿਤ ਸ੍ਰਵਦੀ ਹੈ। ੨. ਚੰਦਨ। ੩. ਕੁਮੁਦ. ਨੀਲੋਫ਼ਰ.


ਸੰਗ੍ਯਾ- ਚੰਦ੍ਰਮਾ ਦਾ ਪੁਤ੍ਰ ਬੁਧ. "ਜਿਹ ਸਮ ਇੰਦ੍ਰ ਨ ਚੰਦ੍ਰਕੁਮਾਰਾ." (ਚਰਿਤ੍ਰ ੨੭੩) ਬੁਧ ਬਹੁਤ ਸੁੰਦਰ ਲਿਖਿਆ ਹੈ.


ਨੈਪਾਲ ਰਾਜ ਵਿੱਚ ਇੱਕ ਪਹਾੜ, ਜਿਸ ਦੀ ਉਚਾਈ ੮੫੦੦ ਫੁਟ ਹੈ। ੨. ਸ਼੍ਰੀਰੰਗ ਪੱਤਨ (Seringapatam) ਪਾਸ ਇੱਕ ਪਹਾੜੀ, ਜਿੱਥੇ ਜੈਨੀਆਂ ਦਾ ਪਵਿਤ੍ਰ ਤੀਰਥ ਹੈ.


ਸੰ. चन्द्रगुप्त ਮਗਧ ਦੇਸ਼ ਦਾ ਮੌਰਯ¹ ਵੰਸ਼ ਦਾ ਮੁਖੀਆ ਰਾਜਾ, ਜਿਸ ਨੇ ਚਾਣਿਕ੍ਯ (ਵਿਸਨੁਗੁਪਤ) ਮੰਤ੍ਰੀ ਦੀ ਸਹਾਇਤਾ ਨਾਲ ਰਾਜਾ ਮਾਹਨੰਦ ਅਤੇ ਨੰਦਵੰਸ਼ ਦਾ ਨਾਸ਼ ਕਰਕੇ ਪਾਟਲੀਪੁਤ੍ਰ (ਪਟਨੇ) ਵਿੱਚ ਰਾਜਧਾਨੀ ਕਾਇਮ ਕੀਤੀ ਅਤੇ ਸਾਰੇ ਭਾਰਤ ਨੂੰ ਅਧੀਨ ਕੀਤਾ ਸੀ. ਇਸ ਦੇ ਰਾਜ ਵਿੱਚ ਅਫਗਾਨਿਸਤਾਨ, ਬਿਹਾਰ, ਕਾਠੀਆਵਾੜ ਅਤੇ ਪੰਜਾਬ ਆਦਿ ਦੇਸ਼ ਸ਼ਾਮਿਲ. ਚੰਦ੍ਰਗੁਪਤ ਨੇ ਯੂਨਾਨੀ ਰਾਜਾ (Seleukos) ਦੀ ਪੁਤ੍ਰੀ ਨਾਲ ਵਿਆਹ ਕੀਤਾ। ਮੁਦ੍ਰਾਰਾਕ੍ਸ਼੍‍ਸ ਨਾਟਕ ਵਿੱਚ ਚੰਦ੍ਰਗੁਪਤ ਦੀ ਸੁੰਦਰ ਕਥਾ ਮਿਲਦੀ ਹੈ. ਇਹ B. C. ੩੨੨ ਵਿੱਚ ਰਾਜਸਿੰਘਾਸਨ ਤੇ ਬੈਠਾ ਅਤੇ B. C. ੨੯੮ ਵਿੱਚ ਰਾਜਸਿੰਘਾਸਨ ਛੱਡਕੇ ਬਨਬਾਸੀ ਹੋ ਗਿਆ. ਚੰਦ੍ਰਗੁਪਤ ਦੀ ਚਤੁਰੰਗਿਨੀ ਫ਼ੌਜ ੬੯੦੦੦੦ ਸੀ.² ਇਸ ਦਾ ਪੁਤ੍ਰ ਬਿੰਦੁਸਾਰ ਭੀ, ਜਿਸਦਾ ਨਾਮ ਅਮ੍ਰਿਤਘਾਤ ਹੈ, ਪ੍ਰਤਾਪੀ ਮਹਾਰਾਜਾ ਹੋਇਆ ਹੈ। ੨. ਦੇਖੋ, ਗੁਪਤ ੪। ੩. ਚਿਤ੍ਰਗੁਪਤ ਦਾ ਨਾਮ ਭੀ ਚੰਦ੍ਰਗੁਪਤ ਸੰਸਕ੍ਰਿਤ ਗ੍ਰੰਥਾਂ ਵਿੱਚ ਆਇਆ ਹੈ. ਦੇਖੋ, ਚਿਤ੍ਰਗੁਪਤ.