Meanings of Punjabi words starting from ਸ

ਫ਼ਾ. [شاہ عالم] ਸ਼ਾਹ ਆ਼ਲਮ. ਵਿ- ਸੰਸਾਰ ਦਾ ਸ੍ਵਾਮੀ. ਜਹਾਨ ਦਾ ਬਾਦਸ਼ਾਹ. "ਖਖੈ ਖੁੰਦਕਾਰ ਸਾਹ ਆਲਮ." (ਆਸਾ ਪਟੀ ਮਃ ੧) ੨. ਔਰੰਗਜ਼ੇਬ ਦਾ ਪੁਤ੍ਰ ਮੁਅ਼ੱਜਮ (ਬਹਾਦੁਰ ਸ਼ਾਹ). ਦੇਖੋ, ਬਹਾਦੁਰ ਸ਼ਾਹ। ੩. ਦਿੱਲੀ ਦਾ ਨਾਉਂਮਾਤ੍ਰ (ਮੁਗਲ) ਬਾਦਸ਼ਾਹ, ਜਿਸਦਾ ਅਸਲ ਨਾਉਂ ਅਲੀ ਗੌਹਰ ਸੀ. ਇਹ ਅਕਤੂਬਰ ਸਨ ੧੭੬੦ ਵਿੱਚ ਤਖਤ ਤੇ ਬੈਠਾ. ਇਸੇ ਨੇ ਸਨ ੧੭੬੫ ਵਿੱਚ ਅੰਗ੍ਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦੇ ਅਧਿਕਾਰ ਦਿੱਤੇ ਸਨ. ਇਸ ਪਿੱਛੋਂ ਇਹ ਸਰਕਾਰ ਅੰਗ੍ਰੇਜੀ ਦਾ ਵਜ਼ੀਫ਼ੇਖ੍ਵਾਰ ਹੋਗਿਆ. ਫੇਰ ਮਰਹਟਿਆਂ ਨੇ ਕਾਬੂ ਕਰਲਿਆ. ਅਗਸਤ ਸਨ ੧੭੮੮ ਵਿੱਚ ਗੁਲਾਮ ਕਾਦਿਰ ਰੁਹੇਲੇ ਦੇ ਹੱਥ ਚੜ੍ਹ ਗਿਆ. ਉਸ ਨੇ ਅਜਿਹੀ ਬਦਸਲੂਕੀ ਕੀਤੀ ਕਿ ਇਸ ਦੀਆਂ ਅੱਖਾਂ ਕੱਢ ਦਿੱਤੀਆਂ ਅਰ ਨਾਉਂਮਾਤ੍ਰ ਦਿੱਲੀ ਦਾ ਬਾਦਸ਼ਾਹ ਰਿਹਾ. ੧੯. ਨਵੰਬਰ ਸਨ ੧੮੦੬ ਨੂੰ ਇਸ ਦਾ ਦੇਹਾਂਤ ਹੋਇਆ.


ਸੰ. ਸੰਗ੍ਯਾ- ਬਲ ਨਾਲ ਕੀਤਾ ਹੋਇਆ ਕਰਮ। ੨. ਹੌਸਲਾ ਲਾਲ ਹਿੰਮਤ. "ਕਰ ਸਾਹਸ ਬੇਗ ਹੀ ਧਾਯੋ." (ਗੁਪ੍ਰਸੂ) ੩. ਚੋਰੀ। ੪. ਵਿਚਾਰ ਬਿਨਾ ਕੀਤਾ ਕਰਮ। ੫. ਅਗਨਿ. ਅੱਗ.


ਫ਼ਾ. [شہنشاہ] ਸ਼ਹਨਸ਼ਾਹ. ਬਾਦਸ਼ਾਹਾਂ ਦਾ ਭੀ ਸ੍ਵਾਮੀ. "ਸਾਹਸਾਹਾਣ ਗਣਿਜੈ." (ਜਾਪੁ) ਮਿਸ਼ਕਾਤ ਵਿੱਚ ਲੇਖ ਹੈ ਕਿ ਮੁਹ਼ੰਮਦ ਸਾਹਿਬ ਨੇ ਹਦਾਯਤ ਕੀਤੀ ਹੈ ਕਿ ਕਿਸੇ ਆਦਮੀ ਨੂੰ ਸ਼ਹਨਸ਼ਾਹ ਨਾ ਆਖੋ, ਕਿਉਂਕਿ ਇਹ ਪਦਵੀ ਕੇਵਲ ਖੁਦਾ ਲਈ ਹੈ.


ਵਿ- ਬਲ ਨਾਲ ਕੰਮ ਕਰਨ ਵਾਲਾ। ੨. ਹਠੀਆ। ੩. ਉਤਸ਼ਾਹ ਵਾਲਾ. ਹਿੰਮਤੀ. "ਤਹਾਂ ਸਾਹਸੀ ਸਾਹਸੰਗ੍ਰਾਮ ਕੋਪੇ." (ਵਿਚਿਤ੍ਰ) ੪. ਦੇਖੋ, ਸਾਹਸ.


ਦੇਖੋ, ਸਹਸ੍ਰ.


[شاہ حُسیَن] ਸ਼ਾਹ ਹ਼ੁਸੈਨ. ਇਹ ਲਹੌਰ ਨਿਵਾਸੀ ਸ਼ੈਖ਼ ਉਸਮਾਨ ਦਾ ਪੁਤ੍ਰ ਸੀ, ਜਿਸ ਦਾ ਜਨਮ ਸਨ ੯੪੫ ਹਿਜਰੀ ਵਿੱਚ ਹੋਇਆ. ਇਹ ਪਰਮੇਸੁਰ ਦਾ ਪਿਆਰਾ ਸੱਜਨ ਸੀ. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਬੀੜ ਜਦ ਤਿਆਰ ਹੋ ਰਹੀ ਸੀ ਤਦ ਇਹ ਭੀ ਕਾਨ੍ਹੇ ਆਦਿ ਸੰਤਾਂ ਨਾਲ ਮਿਲਕੇ ਅਮ੍ਰਿਤਸਰ ਪਹੁਚਿਆ ਅਰ ਪੰਜਵੇਂ ਸਤਿਗੁਰੂ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਮੇਰੀ ਬਾਣੀ ਭੀ ਅਪਨੇ ਧਰਮਗ੍ਰੰਥ ਅੰਦਰ ਦਰਜ ਕਰੋ. ਮਹਾਰਾਜ ਨੇ ਫਰਮਾਇਆ ਕਿ ਕੋਈ ਰਚਨਾ ਸੁਣਾਓ. ਸ਼ਾਹਹੁਸੈਨ ਨੇ ਸ਼ਬਦ ਕਹਿਆ- "ਚੁੱਪ ਵੇ ਅੜਿਆ ਚੁੱਪ ਵੇ ਅੜਿਆ xxx" ਸਤਿਗੁਰੂ ਜੀ ਨੇ ਫਰਮਾਇਆ ਕਿ ਆਪ ਮੌਨ ਹੀ ਰਹੋ. ਸ਼ਾਹ ਹੁਸੈਨ ਦਾ ਦੇਹਾਂਤ ਸਨ ੧੦੦੮ ਹਿਜਰੀ ਵਿੱਚ ਹੋਇਆ ਹੈ. ਦੇਖੋ, ਕਾਨ੍ਹਾ.