Meanings of Punjabi words starting from ਮ

ਫ਼ਾ. [مِرزا] ਸੰਗ੍ਯਾ- ਅਮੀਰਜ਼ਾਦਹ ਦਾ ਸੰਖੇਪ. ਅਮੀਰ ਦਾ ਪੁਤ੍ਰ। ੨. ਸਾਹਿਬਾਂ ਦਾ ਪ੍ਰੇਮੀ. "ਰਾਵੀ ਨਦ ਊਪਰ ਵਸੈ ਨਾਰਿ ਸਾਹਿਬਾਂ ਨਾਮ। ਮਿਰਜਾ ਕੇ ਸੰਗ ਦੋਸਤੀ ਕਰਤ ਆਠ ਹੂੰ ਜਾਮ." (ਚਰਿਤ੍ਰ ੧੨੯)#ਦਾਨਾਬਾਦ ਦੇ ਵਸਨੀਕ ਖਰਲ ਜਾਤਿ ਦੇ ਮੁਸਲਮਾਨ ਬਿੰਝਲ ਦਾ ਪੁਤ੍ਰ, ਜਿਸ ਦੇ ਨਾਨਕੇ ਝੰਗ ਸਨ. ਮਿਰਜਾ ਨਾਨਕਿਆਂ ਵਿੱਚ ਹੀ ਪਲਿਆ ਅਤੇ ਮਕਤਬ ਵਿੱਚ ਪੜ੍ਹਦਾ ਰਿਹਾ. ਝੰਗ ਵਿੱਚ ਹੀ ਸਿਆਲ ਜਾਤਿ ਦੇ ਖੀਵੇਖਾਨ ਦੀ ਪੁਤ੍ਰੀ ਸਾਹਿਬਾਂ ਸੁੰਦਰ ਕੰਨ੍ਯਾ ਸੀ, ਜਿਸ ਨਾਲ ਮਿਰਜ਼ੇ ਦਾ ਪ੍ਰੇਮ ਹੋਗਿਆ. ਜਦ ਘਰ ਦੇ ਲੋਕਾਂ ਨੂੰ ਪ੍ਰੇਮ ਦਾ ਹਾਲ ਮਲੂਮ ਹੋਇਆ, ਤਦ ਉਨ੍ਹਾਂ ਨੇ ਚੰਧੜ ਜਾਤਿ ਦੇ ਤਾਹਰ ਨਾਮਕ ਨੌਜਵਾਨ ਨੂੰ ਸਾਹਿਬਾਂ ਮੰਗ ਦਿੱਤੀ, ਅਤੇ ਸ਼ਾਦੀ ਦਾ ਦਿਨ ਪੱਕਾ ਕਰ ਦਿੱਤਾ. ਇਸ ਵੇਲੇ ਮਿਰਜਾ ਆਪਣੇ ਬਾਪ ਦੇ ਘਰ ਗਿਆ ਹੋਇਆ ਸੀ, ਸਾਹਿਬਾਂ ਨੇ ਉਸ ਪਾਸ ਖਬਰ ਭੇਜੀ ਕਿ ਮੇਰੀ ਸ਼ਾਦੀ ਹੋਣ ਵਾਲੀ ਹੈ ਤੂੰ ਆਕੇ ਮੈਨੂੰ ਤੁਰੰਤ ਲੈਜਾ. ਮਿਰਜੇ ਪਾਸ ਇੱਕ ਚਾਲਾਕ ਘੋੜੀ "ਬੱਕੀ" ਸੀ, ਉਸ ਤੇ ਅਸਵਾਰ ਹੋਕੇ ਬਿਨਾ ਢਿੱਲ ਝੰਗ ਪੁੱਜਾ, ਅਤੇ ਸਾਹਿਬਾਂ ਨੂੰ ਆਪਣੇ ਪਿੱਛੇ ਚੜ੍ਹਾਕੇ ਚਲਾ ਗਿਆ. ਜਦ ਘਰਦਿਆਂ ਨੂੰ ਖਬਰ ਹੋਈ ਤਾਂ ਖੋਜ ਲੈ ਕੇ ਪਿੱਛਾ ਕੀਤਾ ਅਰ ਮਿਰਜੇ ਨੂੰ ਸੁੱਤੇ ਪਏ ਜਾ ਫੜਿਆ ਅਰ ਵਡੀ ਬੇਰਹਿਮੀ ਨਾਲ ਕਤਲ ਕਰ ਦਿੱਤਾ. ਮਿਰਜੇ ਨੂੰ ਮੋਇਆ ਵੇਖਕੇ ਸਾਹਿਬਾਂ ਨੇ ਆਪਣੇ ਭਾਈ ਦੀ ਕਟਾਰੀ ਲੈਕੇ ਦਿੱਲ ਵਿੱਚ ਮਾਰੀ ਅਤੇ ਉੱਥੇ ਹੀ ਪ੍ਰਾਣ ਦੇ ਦਿੱਤੇ.#"ਕਮਰ ਭ੍ਰਾਤ ਕੀ ਤੁਰਤ ਹੀ ਜਮਧਰ ਲਈ ਨਿਕਾਰ,#ਕਰ੍ਯੋ ਪਯਾਨੋ ਮੀਤ ਪਹਿ ਉਦਰ ਕਟਾਰੀ ਮਾਰ."#(ਚਰਿਤ੍ਰ ੧੨੯)#੩. ਮੁਗਲ ਬਾਦਸ਼ਾਹਾਂ ਵੇਲੇ ਦੀ ਇੱਕ ਪਦਵੀ, ਜੋ ਮੁਸਲਮਾਨਾਂ ਤੋਂ ਛੁੱਟ ਹਿੰਦੂਆਂ ਨੂੰ ਭੀ ਮਿਲਦੀ ਸੀ, ਜਿਵੇਂ- ਮਿਰਜ਼ਾ ਜਯਸਿੰਘ ਆਦਿ.


ਯੂ. ਪੀ. ਵਿੱਚ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਸ਼ਹਰ ਹੈ. ਇਹ ਗੰਗਾ ਦੇ ਸੱਜੇ ਕਿਨਾਰੇ ਆਬਾਦ ਹੈ. ਈਸਟ ਇੰਡੀਅਨ ਰੇਲਵੇ ਦਾ ਸਟੇਸ਼ਨ ਹੈ. ਕਲਕੱਤੇ ਤੋਂ ੫੦੯ ਅਤੇ ਬੰਬਈ ਤੋਂ ੮੯੧ ਮੀਲ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਇੱਥੇ ਵਿਰਾਜੇ ਹਨ. "ਪਹੁਚਤਭੇ ਮਿਰਜਾਪੁਰ ਤਬ ਹੀ" (ਗੁਪ੍ਰਸੂ) ਗੁਰਦ੍ਵਾਰਾ ਗਊਘਾਟ ਪਾਸ ਸੁੰਦਰ ਬਣਿਆ ਹੋਇਆ ਹੈ. ਸਹਜਧਾਰੀ ਖਤ੍ਰੀ ਪ੍ਰੇਮੀ ਸੇਵਕ ਹਨ. ਨਿਰਮਲੇ ਸਿੰਘ ਪੁਜਾਰੀ ਹਨ। ੨. ਦੇਖੋ, ਕਾਸੀ ਸਬਦ ਵਿੱਚ ਛੋਟਾ ਮਿਰਜਾਪੁਰ.


ਸ਼ਾਹਜਹਾਂ ਦੀ ਫੌਜ ਦਾ ਸਰਦਾਰ, ਜੋ ਮੁਖ਼ਲਿਸਖ਼ਾਨ ਨਾਲ ਮਿਲਕੇ ਅਮ੍ਰਿਤਸਰ ਦੇ ਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਲੜਿਆ।#੨. ਬਾਦਸ਼ਾਹ ਔਰੰਗਜ਼ੇਬ ਦਾ ਭੇਜਿਆ ਇੱਕ ਅਹਦੀ, ਜਿਸ ਨੇ ਪਹਾੜੀ ਰਾਜਿਆਂ ਤੋਂ ਕਰ (ਟੈਕਸ) ਵਸੂਲ ਕੀਤਾ ਅਤੇ ਕਈ ਮਨਮੁਖ ਮਸੰਦਾਂ ਨੂੰ ਭੀ ਸਜ਼ਾ ਦੇਕੇ ਧਨ ਲੁੱਟਿਆ. "ਮਿਰਜਾਬੇਗ ਹੁਤੋ ਤਿਹ ਨਾਮੰ। ਜਿਨ ਢਾਹੇ ਵਿਮੁਖਨ ਕੇ ਧਾਮੰ ॥" (ਵਿਚਿਤ੍ਰ ਅਃ ੧੩) ਇਹ ਘਟਨਾ ਸਨ ੧੭੦੧ ਦੀ ਹੈ.


ਸੰਗ੍ਯਾ- ਮਰ੍‍ਤ੍ਯਲੋਕ. ਮਰਣ ਵਾਲੇ ਲੋਕਾਂ ਦਾ ਦੇਸ਼. ਪ੍ਰਿਥਿਵੀ ਮੰਡਲ. "ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ." (ਰਾਮ ਮਃ ੫) ੨. ਮਾਰੁਤ ਮੰਡਲ. ਹਵਾਭਰਿਆ ਗਗਨ (ਆਕਾਸ਼) ਮੰਡਲ. "ਸੁਰਗ ਮਿਰਤ ਪਇਆਲ ਭੂਮੰਡਲ ਸਗਲ ਬਿਆਪੇ ਮਾਇ." (ਧਨਾ ਮਃ ੫) ੩. ਸੰ. ਮ੍ਰਿਤ (मृत्) ਵਿ- ਮੁਰਦਾ. "ਏ ਮਨ ਮਿਰਤ!" (ਗੂਜ ਅਃ ਮਃ ੧) ੪. ਸੰਗ੍ਯਾ- ਮੰਗਣ ਦੀ ਕ੍ਰਿਯਾ. ਯਾਚਨਾ.