Meanings of Punjabi words starting from ਅ

ਦੇਖੋ, ਅਸਤਰ.


ਸੰ. ਸੰਗ੍ਯਾ- ਖੱਚਰ. ਘੋੜੀ ਅਤੇ ਗਧੇ ਦੇ ਮੇਲ ਤੋਂ ਉਪਜੀ ਨਸਲ.


ਸੰ. अश्वत्थ. ਸੰਗ੍ਯਾ- ਪਿੱਪਲ. ਚਲਦਲ. ਇਸ ਦਾ ਨਾਉਂ ਅਸ਼੍ਵੱਧ ਇਸ ਲਈ ਹੈ ਕਿ ਇਸ ਦੇ ਹੇਠ ਘੋੜੇ ਵਿਸ਼੍ਰਾਮ ਲਈਂ ਖੜੇ ਹੁੰਦੇ ਹਨ.¹ Ficus religiosa (Religiosa Indica)


ਸੰ. अश्वत्थामन्. ਵਿ- ਘੋੜੇ ਜੇਹੀ ਆਵਾਜ਼ ਕਰਨ ਵਾਲਾ। ੨. ਸੰਗ੍ਯਾ- ਕ੍ਰਿਪੀ ਦੇ ਉਦਰ ਤੋਂ ਦ੍ਰੋਣ ਦਾ ਪੁਤ੍ਰ, ਜਿਸ ਨੇ ਜੰਮਣ ਵੇਲੇ ਘੋੜੇ ਜੇਹੀ ਆਵਾਜ਼ ਕੀਤੀ, ਜਿਸ ਤੋਂ ਉਸ ਦਾ ਇਹ ਨਾਉਂ ਹੋਇਆ. ਇਹ ਕੌਰਵਾਂ ਦਾ ਸੈਨਾਪਤੀ ਸੀ. ਕੁਰੁਖੇਤ੍ਰ ਦੀ ਸਭ ਤੋਂ ਪਿਛਲੀ ਲੜਾਈ ਦੇ ਅੰਤ ਵਿੱਚ ਜਦੋਂ ਦੁਰਯੋਧਨ ਸਖ਼ਤ ਜ਼ਖਮੀ ਹੋਇਆ, ਤਾਂ ਸਾਰੀ ਕੌਰਵਾਂ ਦੀ ਸੈਨਾ ਵਿੱਚੋਂ ਕੇਵਲ ਅਸ਼੍ਵੱਥਾਮਾ, ਕ੍ਰਿਪ ਅਤੇ ਕ੍ਰਿਤਵਰਮਾ ਹੀ ਬਾਕੀ ਰਹਿ ਗਏ ਸਨ. ਅਸ਼੍ਵੱਥਾਮਾ ਧ੍ਰਿਸ੍ਟਦ੍ਯੁਮਨ ਕੋਲੋਂ, ਜਿਸ ਨੇ ਇਸ ਦੇ ਪਿਤਾ ਦ੍ਰੋਣ ਨੂੰ ਮਾਰਿਆ ਸੀ ਬਦਲਾ ਲੈਣਾ ਚਾਹੁੰਦਾ ਸੀ. ਏਸ ਲਈ ਏਹ ਰਾਤ ਵੇਲੇ ਪਾਂਡਵਾਂ ਦੇ ਤੰਬੂ ਵਿੱਚ ਪਹੁੰਚਿਆ ਅਤੇ ਧ੍ਰਿਸ੍ਟਦ੍ਯੁਮਨ ਨੂੰ ਸੁੱਤੇਪਏ ਹੀ ਮਾਰ ਦਿੱਤਾ. ਫੇਰ ਇਸ ਨੇ ਦ੍ਰੁਪਦ ਦੇ ਪੁਤ੍ਰ ਸ਼ਿਖੰਡੀ ਨੂੰ ਮੁਕਾਇਆ ਅਤੇ ਫੇਰ ਪਾਂਡਵਾਂ ਦੇ ਪੰਜਾਂ ਪੁਤ੍ਰਾਂ ਨੂੰ ਮਾਰਕੇ ਉਨ੍ਹਾਂ ਦੇ ਸਿਰ ਦੁਰਯੋਧਨ ਦੇ ਪਾਸ ਲੈ ਗਿਆ.#ਇਸ ਨੇ ਆਪਣੇ ਬ੍ਰਹਮਅਸ੍‌ਤ੍ਰ ਦੇ ਪ੍ਰਭਾਵ ਨਾਲ ਪਰਿਕਿਤ (ਪਰੀਛਤ) ਨੂੰ ਭੀ, ਜੋ ਅਜੇ ਆਪਣੀ ਮਾਂ ਦੇ ਗਰਭ ਵਿੱਚ ਹੀ ਸੀ, ਮਾਰ ਦਿੱਤਾ, ਜਿਸ ਤੋਂ ਕ੍ਰਿਸਨ ਜੀ ਨੇ ਇਸ ਨੂੰ ਸ੍ਰਾਪ ਦਿੱਤਾ ਅਤੇ ਪਰਿਕ੍ਸ਼ਿਤ ਨੂੰ ਫੇਰ ਜੀਵਨਦਾਨ ਕੀਤਾ.¹ ਦੂਜੇ ਦਿਨ ਅਸ਼੍ਵੱਥਾਮਾ ਅਤੇ ਇਸ ਦੇ ਸਾਥੀ ਡਰਕੇ ਨੱਸ ਗਏ, ਪਰ ਦ੍ਰੌਪਦੀ ਨੇ ਰੋਕੇ ਆਖਿਆ ਕਿ ਮੇਰੇ ਪੁਤ੍ਰਾਂ ਦਾ ਬਦਲਾ ਲੀਤਾ ਜਾਵੇ. ਯੁਧਿਸ਼੍ਠਿਰ ਨੇ ਕਿਹਾ ਕਿ ਅਸ਼੍ਵੱਥਾਮਾ ਬ੍ਰਾਹਮਣ ਹੈ, ਇਸ ਲਈ ਉਸ ਨੂੰ ਮਾਰਨਾ ਪਾਪ ਹੈ. ਦ੍ਰੌਪਦੀ ਇਹ ਗੱਲ ਤਾਂ ਮੰਨ ਗਈ, ਪਰ ਕਹਿਣ ਲੱਗੀ ਕਿ ਉਸ ਦੇ ਮਸਤਕ ਵਿੱਚ ਜੋ ਮਣੀ ਹੈ, ਉਹ ਮੈਨੂੰ ਲਿਆ ਦਿੱਤੀ ਜਾਵੇ. ਇਸ ਲਈ ਭੀਮ, ਅਰਜੁਨ ਅਤੇ ਕ੍ਰਿਸ਼ਨ ਜੀ ਉਸ ਦੇ ਪਿੱਛੇ ਗਏ, ਅਤੇ ਰਤਨ ਲੈਆਏ. ਦ੍ਰੌਪਦੀ ਨੇ ਇਹ ਮਣੀ ਯੁਧਿਸ੍ਠਿਰ ਨੂੰ ਦੇ ਦਿੱਤੀ, ਜਿਸ ਨੇ ਇਸ ਨੂੰ ਆਪਣੇ ਮੁਕੁਟ ਪੁਰ ਸਜਾਇਆ.


ਅ਼. [اسود] ਵਿ- ਬਹੁਤ ਕਾਲਾ. (ਸਵਾਦ ਦਾ ਅਰਥ ਹੈ ਕਾਲਾ). ੨. ਸੰਗ੍ਯਾ- ਇੱਕ ਕਾਲਾ ਪੱਥਰ, ਜੋ ਛੀ ਸੱਤ ਇੰਚ ਪ੍ਰਮਾਣ ਦਾ ਕਾਬੇ ਦੀ ਕੰਧ ਵਿੱਚ ਜੜਿਆ ਹੋਇਆ ਹੈ. ਅੱਬਾਸ ਮੁਹ਼ੰਮਦ ਦੇ ਲੇਖ ਅਨੁਸਾਰ ਇਹ ਪੱਥਰ ਸੁਰਗ ਤੋਂ ਚਿੱਟੇ ਰੰਗ ਦਾ ਡਿੱਗਾ ਸੀ, ਪਰ ਆਦਮ ਦੀ ਸੰਤਾਨ ਦੇ ਛੁਹਣ ਤੋਂ ਇਸ ਦਾ ਰੰਗ ਬਦਲਦਾ ਬਦਲਦਾ ਕਾਲਾ ਹੋ ਗਿਆ ਹੈ. ਪ੍ਰਲੈ ਦੇ ਅੰਤ ਵਿੱਚ ਜਦ ਰੱਬ ਜੀਵਾਂ ਦਾ ਇਨਸਾਫ ਕਰੇਗਾ, ਤਾਂ ਇਸ ਪੱਥਰ ਦੀਆਂ ਦੋ ਅੱਖਾਂ ਅਤੇ ਜ਼ੁਬਾਨ ਹੋ ਜਾਵੇਗੀ. ਅੱਖਾਂ ਨਾਲ ਇਹ ਉਨ੍ਹਾਂ ਦੀ ਪਛਾਣ ਕਰੇਗਾ ਜਿਨ੍ਹਾਂ ਨੇ ਇਸ ਨੂੰ ਚੁੰਮਿਆ ਹੈ, ਅਤੇ ਜ਼ਬਾਨ ਨਾਲ ਚੁੰਬਕਾਂ ਦੇ ਹੱਕ ਵਿੱਚ ਗਵਾਹੀ ਦੇਵੇਗਾ.


ਸੰਗ੍ਯਾ- ਸੂਰਜ. ਦੇਖੋ, ਅਸਪਤਿ ਅਤੇ ਅਸੁਪਤਿ। ੨. ਨਿਘਨ ਯਾਦਵ ਦਾ ਪੁਤ੍ਰ ਪ੍ਰਸੇਨ, ਜੋ ਸਤ੍ਰਾਜਿਤ ਦਾ ਭਾਈ ਸੀ. ਇਹ ਸ੍ਯਮੰਤਕ ਮਣੀ ਪਹਿਨਕੇ ਸ਼ਿਕਾਰ ਗਿਆ ਸੀ ਅਤੇ ਸ਼ੇਰ ਤੋਂ ਮਾਰਿਆ ਗਿਆ ਸੀ. "ਅਸ਼੍ਵਪਤੀ ਬਿਨ ਪ੍ਰਾਣ ਪਰੇ." (ਕ੍ਰਿਸ਼ਨਾਵ)


ਸੰ. ਸੰਗ੍ਯਾ- ਦੇਵਤਾ. ਸੁਰ. ਜਿਸ ਨੂੰ ਸ੍ਵਪਨ (ਨੀਂਦ) ਨਹੀਂ.


ਸੰ. ਕਿੰਨਰ ਦੇਵਤਾ, ਜਿਨ੍ਹਾਂ ਦਾ ਮੂੰਹ ਘੋੜੇ ਦਾ ਹੈ. ਇਹ ਪੁਰਾਣਾਂ ਅਨੁਸਾਰ ਗਾਉਣ ਅਤੇ ਨੱਚਣ ਵਿੱਚ ਵਡੇ ਨਿਪੁਣ (ਤਾਕ) ਹਨ.


ਉਹ ਜੱਗ, ਜਿੱਸ ਵਿੱਚ ਅਸ਼੍ਵ (ਘੋੜਾ) ਮੇਧ (ਮਾਰਿਆ) ਜਾਵੇ. ਜਿਸ ਜੱਗ ਵਿੱਚ ਘੋੜੇ ਦੀ ਕੁਰਬਾਨੀ ਹੋਵੇ. ਪੁਰਾਣੇ ਸਮੇਂ ਇਹ ਜੱਗ ਦੋ ਸੰਕਲਪ ਧਾਰ ਕੇ ਕੀਤਾ ਜਾਂਦਾ ਸੀ, ਅਰਥਾਤ- ਸਾਰੇ ਦੇਸ਼ ਵਿੱਚ ਆਪਣੀ ਹੁਕੂਮਤ ਸਿੱਧ ਕਰਨ ਲਈ, ਜਾਂ ਔਲਾਦ ਵਾਸਤੇ.#ਜੱਗ ਦੀ ਵਿਧੀ ਇਉਂ ਹੈ:-#ਇੱਕ ਚਿੱਟੇ ਰੰਗ ਦਾ ਘੋੜਾ ਵੇਦਮੰਤ੍ਰਾਂ ਨਾਲ ਅਭਿਮੰਤ੍ਰਿਤ ਕਰਕੇ ਖੁਲ੍ਹਾ ਛੱਡ ਦਿੱਤਾ ਜਾਂਦਾ ਸੀ, ਜਿਸਦੇ ਮੱਥੇ ਪੁਰ ਜੱਗ ਕਰਨ ਵਾਲੇ ਰਾਜੇ ਦਾ ਨਾਉਂ ਅਤੇ ਪ੍ਰਤਾਪ ਲਿਖਿਆ ਹੁੰਦਾ ਸੀ. ਘੋੜੇ ਦੇ ਪਿੱਛੇ ਫੌਜ ਦੇ ਸਰਦਾਰ ਫੌਜ ਲੈਕੇ ਚਲਦੇ ਸਨ. ਘੋੜਾ ਆਪਣੀ ਇੱਛਾ ਅਨੁਸਾਰ ਇੱਕ ਵਰ੍ਹਾ ਦੇਸ਼ ਦੇਸ਼ਾਂਤਰਾਂ ਵਿੱਚ ਫਿਰਦਾ ਰਹਿੰਦਾ ਸੀ. ਜੋ ਰਾਜਾ. ਘੋੜੇ ਦੇ ਸ੍ਵਾਮੀ ਦੀ ਹੁਕੂਮਤ ਮੰਨਣੀ ਪਸੰਦ ਨਹੀਂ ਕਰਦਾ ਸੀ. ਓਹ ਆਪਣੇ ਇਲਾਕੇ ਵਿੱਚ ਆਏ ਘੋੜੇ ਨੂੰ ਬੰਨ੍ਹ ਲੈਂਦਾ ਸੀ. ਇਸ ਪੁਰ ਦੋਹੀਂ ਪਾਸੀਂ ਘੋਰ ਯੁੱਧ ਛਿੜ ਪੈਂਦਾ ਸੀ. ਜੇ ਘੋੜਾ ਛੁਡਾਇਆ ਨਾ ਜਾਂਦਾ ਤਦ ਜੱਗ ਨਹੀਂ ਹੋ ਸਕਦਾ ਸੀ, ਅਤੇ ਜੇ ਘੋੜਾ ਲੈ ਲਿਆ ਜਾਂਦਾ, ਤਦ ਹਾਰੇ ਹੋਏ ਰਾਜੇ ਨੂੰ ਜੱਗ ਕਰਨ ਵਾਲੇ ਦੀ ਈਨ ਮੰਨਣੀ ਪੈਂਦੀ ਸੀ. ਇੱਕ ਸਾਲ ਦੇ ਸਫਰ ਪਿੱਛੋਂ ਘੋੜੇ ਨੂੰ ਰਾਜਧਾਨੀ ਵਿੱਚ ਵਾਪਿਸ ਲੈ ਆਉਂਦੇ ਸਨ, ਅਤੇ ਜਿਨ੍ਹਾਂ ਰਾਜਿਆਂ ਦੇ ਦੇਸ਼ ਥਾਣੀਂ ਘੋੜਾ ਬੇਰੋਕ ਫਿਰ ਆਇਆ ਹੈ, ਉਨ੍ਹਾਂ ਸਭਨਾਂ ਨੂੰ ਜੱਗ ਵਿੱਚ ਹਾਜਿਰ ਹੋਣਾ ਪੈਂਦਾ ਸੀ. ਬ੍ਰਾਹਮਣਾਂ ਦੀ ਦੱਸੀ ਵਿਧੀ ਅਨੁਸਾਰ ਇੱਕ ਭਾਰੀ ਜੱਗਮੰਡਪ ਰਚਿਆ ਜਾਂਦਾ ਸੀ, ਜਿਸ ਦੇ ਵਿਚਕਾਰ ਇੱਕ ਵੇਦੀ, ਸਵਾ ਸਵਾ ਗਜ ਚੌੜੇ ਅਤੇ ਸੱਤ ਸੱਤ ਗਜ ਲੰਮੇ ੨੧. ਖੰਭਿਆਂ ਉੱਪਰ ਰਚੀ ਜਾਂਦੀ ਸੀ. ਅਤੇ ਹਵਨ ਲਈ ੧੮. ਕੁੰਡ ਬਣਾਏ ਜਾਂਦੇ ਸਨ, ਜਿਨ੍ਹਾਂ ਵਿੱਚ ਅਨੇਕ ਪੰਛੀ ਅਤੇ ਚੁਪਾਏ ਕੱਟਕੇ ਹੋਮ ਕੀਤੇ ਜਾਂਦੇ ਸਨ, ਜਿਨ੍ਹਾਂ ਦੀ ਗੰਧ (ਬੂ) ਰਾਣੀ ਸਮੇਤ ਰਾਜਾ ਲੈਂਦਾ ਸੀ. ਅੰਤ ਨੂੰ ਵੇਦਮੰਤ੍ਰਾਂ ਦਾ ਪਾਠ ਕਰਦੇ ਹੋਏ, ਘੋੜੇ ਨੂੰ ਸਨਾਨ ਕਰਾਕੇ ਬੈਤ ਦੀ ਚਟਾਈ ਉੱਪਰ ਖੜਾ ਕਰਕੇ, ਰਾਜੇ ਤੇ ਰਾਣੀ ਦੇ ਹੱਥੋਂ, ਝਟਕਵਾਇਆ ਜਾਂਦਾ ਸੀ, ਇਸ ਵੇਲੇ ਸਭ ਪਾਸਿਓਂ ਜੈ ਜੈਕਾਰ ਦੀ ਧੁਨੀ ਮਚ ਉਠਦੀ ਸੀ.#ਜੇ ਸੰਤਾਨ ਦੀ ਇੱਛਾ ਲਈ ਅਸ਼੍ਵਮੇਧ ਕੀਤਾ ਜਾਂਦਾ, ਤਦ ਰਾਤ ਨੂੰ ਘੋੜੇ ਦੀ ਲੋਥ ਨਾਲ ਰਾਣੀ ਸੌਂਦੀ ਸੀ. ਹਿੰਦੂਆਂ ਦਾ ਨਿਸ਼ਚਾ ਸੀ ਕਿ ੧੦੦ ਅਸ਼੍ਵਮੇਧ ਜੱਗ ਕਰਨ ਨਾਲ ਇੰਦ੍ਰ ਪਦਵੀ ਪ੍ਰਾਪਤ ਹੋ ਜਾਂਦੀ ਹੈ, ਏਸੇ ਲਈ ਪੁਰਾਣਾਂ ਵਿੱਚ ਦੇਖੀਦਾ ਹੈ ਕਿ ਇੰਦ੍ਰ ਨੇ ਜੱਗਾਂ ਵਿੱਚ ਅਕਸਰ ਵਿਘਨ ਪਾਏ.#ਵਾਲਮੀਕਿ ਰਾਮਾਇਣ ਬਾਲਕਾਂਡ ਦੇ ੧੪. ਵੇਂ ਅਧ੍ਯਾਯ ਵਿੱਚ ਜਿਕਰ ਆਉਂਦਾ ਹੈ ਕਿ ਦਸ਼ਰਥ ਦੇ ਅਸ਼੍ਵਮੇਧ ਜੱਗ ਵਿੱਚ ਤਿੰਨ ਸੌ ਪਸ਼ੂ ਬਲਿਦਾਨ ਲਈ ਖੂੰਟਿਆਂ ਨਾਲ ਬੰਨ੍ਹੇ ਗਏ ਸਨ, ਅਤੇ ਘੋੜੇ ਨੂੰ ਕੌਸ਼ਲ੍ਯਾ ਆਦਿ ਰਾਣੀਆਂ ਨੇ ਖੜਗ ਨਾਲ ਝਟਕਾਇਆ ਸੀ ਅਰ ਰਾਤ ਨੂੰ ਇਸ ਨਾਲ ਸੁੱਤੀਆਂ ਸਨ।#੨. ਰਾਜਾ ਜਨਮੇਜਯ ਦਾ ਇੱਕ ਪੁੱਤ੍ਰ.


ਦੇਖੋ, ਅਸਵਾਰ.


ਸੰਗ੍ਯਾ- ਘੋੜੇ ਦਾ ਇਲਾਜ ਕਰਨ ਵਾਲਾ. ਸ਼ਾਲਿਹੋਤ੍ਰੀ (ਸਲੋਤ੍ਰੀ) Veterinary surgeon.


ਫ਼ਾ. [اسوار] ਸਵਾਰ. ਅਸਪ- ਵਾਰ. ਵਿ- ਅਸ਼੍ਵਾਰੋਹੀ. ਘੋੜੇ ਪੁਰ ਚੜ੍ਹਿਆ ਹੋਇਆ। ੨. ਆਰੋਹਿਤ. ਕਿਸੇ ਸਵਾਰੀ ਉੱਪਰ ਚੜਿਆ ਹੋਇਆ।#੩. ਸੰਗ੍ਯਾ- ਰਸਾਲੇ ਦਾ ਸਿਪਾਹੀ. ਸੰ. अश्ववार. ਘੋੜੇ ਨੂੰ ਰੋਕਣ ਵਾਲਾ. ਜੋ ਘੇੜੇ ਦੀ ਚਾਲ ਆਪਣੇ ਵਸ਼ ਰੱਖੇ.