Meanings of Punjabi words starting from ਘ

ਸੰਗ੍ਯਾ- ਗ੍ਰਿਹ. ਨਿਵਾਸ ਦਾ ਥਾਂ. "ਘਰ ਮਹਿ ਸੂਖ ਬਾਹਰਿ ਫੁਨਿ ਸੂਖਾ." (ਆਸਾ ਮਃ ੫) ੨. ਦੇਹ. ਸ਼ਰੀਰ. "ਘਰ ਮਹਿ ਪੰਚ ਵਰਤਦੇ." (ਆਸਾ ਅਃ ਮਃ ੩) ਸ਼ਰੀਰ ਵਿੱਚ ਪੰਜ ਕਾਮ ਆਦਿ ਵਿਕਾਰ ਵਰਤ ਰਹੇ ਹਨ। ੩. ਸ਼ਾਸਤ੍ਰ. ਉਹ ਸ਼ਾਸਤ੍ਰ, ਜਿਸ ਵਿੱਚ ਕਿਸੇ ਮਤ ਦੇ ਨਿਯਮ ਹਨ, ਦਰ੍‍ਸ਼ਨ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਖਟਸ਼ਾਸਤ੍ਰ ਅਤੇ ਛਿਅ ਉਪਦੇਸ। ੪. ਰੁਤਬਾ. ਪਦਵੀ. "ਸੋ ਘਰੁ ਗੁਰਿ ਨਾਨਕ ਕਉ ਦੀਆ." (ਗਉ ਮਃ ੫) ਉਹ ਰੁਤਬਾ ਗੁਰੂ (ਕਰਤਾਰ) ਨੇ ਗੁਰੂ ਨਾਨਕ ਨੂੰ ਦਿੱਤਾ ਹੈ। ੫. ਗੁਰਮਤ ਸੰਗੀਤ ਅਨੁਸਾਰ ਘਰ ਦੇ ਦੋ ਅਰਥ ਹਨ ਇੱਕ ਤਾਲ, ਦੂਜਾ ਸ੍ਵਰ ਹੈ ਅਤੇ ਮੂਰਛਨਾ ਦੇ ਭੇਦ ਕਰਕੇ ਇੱਕ ਹੀ ਰਾਗ ਦੇ ਸਰਗਮਪ੍ਰਸ੍ਤਾਰ ਅਨੁਸਾਰ ਗਾਉਣ ਦੇ ਪ੍ਰਕਾਰ. ਸ੍ਰੀ ਗੁਰੂ ਗ੍ਰੰਥਸਾਹਿਬ ਵਿੱਚ ੧. ਤੋਂ ੧੭. ਤੀਕ ਘਰ ਲਿਖੇ ਹਨ. ਇਸ ਤੋਂ ਗਵੈਯੇ ਨੂੰ ਸੂਚਨਾ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਤਨਵੇਂ ਨੰਬਰ ਦੇ ਸ੍ਵਰਪ੍ਰਸ੍ਤਾਰ ਅਨੁਸਾਰ ਗਾਓ। ੬. ਮਨ. ਦਿਲ. ਅੰਤਹਕਰਣ. "ਘਰ ਭੀਤਰਿ ਘਰੁ ਗੁਰੂ ਦਿਖਾਇਆ." (ਸੋਰ ਅਃ ਮਃ ੧) ੭. ਘਰ ਵਾਲੀ. ਵਹੁਟੀ. ਜੋਰੂ. "ਘਰ ਕਾ ਮਾਸੁ ਚੰਗੇਰਾ." (ਮਃ ੧. ਵਾਰ ਮਲਾਰ) ੮. ਸ਼ਰੀਰ ਦੇ ਪ੍ਰਧਾਨ ਅੰਗ ਅਤੇ ਨਾੜਾਂ. "ਬਹਤਰਿ ਘਰ ਇਕੁ ਪੁਰਖੁ ਸਮਾਇਆ." (ਸੂਹੀ ਕਬੀਰ) ੯. ਛੰਦ ਦਾ ਚਰਣ. ਤੁਕ. "ਦਸ ਦੁਇ ਲਘੁ ਵਸ ਘਰ ਘਰ." (ਰੂਪਦੀਪ) "ਬਾਰਾਂ ਲਘੁ ਪ੍ਰਤਿਚਰਣ ਹੋਣ। ੧੦. ਕੁਲ. ਵੰਸ਼. ਖ਼ਾਨਦਾਨ. "ਉਹ ਆਦਮੀ ਵਡੇ ਘਰ ਦਾ ਹੈ." (ਲੋਕੋ) ੧੧. ਜਨਮਕੁੰਡਲੀ ਦਾ ਖ਼ਾਨਾ. "ਉਸ ਦੇ ਤੀਜੇ ਘਰ ਬਹੁਤ ਚੰਗੇ ਗ੍ਰਹ ਪਏ ਹਨ." (ਲੋਕੋ) ੧੨. ਦੇਖੋ, ਘੜਨਾ. "ਕੇਤਕ ਆਨਹਿ ਤਾਲ ਨਜੀਕੇ." ਕੋ ਘਰ ਘਰ ਲਾਵਤ ਹੈਂ ਨੀਕੇ." (ਗੁਪ੍ਰਸੂ) ਘੜ ਘੜਕੇ ਲਾਂਉਂਦੇ ਹਨ.; ਦੇਖੋ, ਘਰ. "ਘਰੁ ਲਸਕਰੁ ਸਭੁ ਤੇਰਾ." (ਸੋਰ ਮਃ ੫)


ਦੇਖੋ, ਘਰਮਹਲ. "ਘਰੁ ਮਹਲੁ ਨ ਕਬਹੂ ਪਾਇਦਾ." (ਮਾਰੂ ਸੋਲਹੇ ਮਃ ੩)


ਸੰਗ੍ਯਾ- ਗ੍ਰਿਹ. ਘਰ. "ਬਲੂਆ ਕੇ ਘਰੂਆ ਮਹਿ ਬਸਤੇ." (ਕੇਦਾ ਕਬੀਰ) ਰੇਤੇ ਦਾ ਘਰ ਸ਼ਰੀਰ ਹੈ.


ਵਿ- ਘਰ ਦਾ. ਘਰੋਗੂ। ੨. ਘਰਪਾਲਤੂ.


ਘਰ ਦੇ. "ਘਰੈ ਅੰਦਰਿ ਸਭੁ ਵਥੁ ਹੈ." (ਆਸਾ ਮਃ ੩) ੨. ਘਰ ਦੇ ਹੀ. ਘਰ ਵਿੱਚ ਹੀ. "ਘਰੈ ਅੰਦਰਿ ਕੋ ਘਰੁ ਪਾਏ." (ਮਾਰੂ ਸੋਲਹੇ ਮਃ ੩) ੩. ਘੜਦਾ ਹੈ. "ਘਰੈ ਈਟਿਕਾ ਪ੍ਰੇਮ ਸਮੇਤ." (ਗੁਪ੍ਰਸੂ)