Meanings of Punjabi words starting from ਅ

ਵਿ- ਮਾਨ ਰਹਿਤ. ਨਿਰਾਭਿਮਾਨ। ੨. ਅਤੋਲ. ਜਿਸ ਦਾ ਪ੍ਰਮਾਣ ਨਹੀਂ ਹੋ ਸਕਦਾ। ੩. ਮ੍ਰਿਤ੍ਯੁ ਰਹਿਤ, ਬਿਨਾ ਮਰਣ. "ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ." (ਵਾਰ ਮਾਰੂ ੨, ਮਃ ੫) ੪. ਸੰਗ੍ਯਾ- ਅਮਾਨਤ. ਧਰੋਹਰ. "ਪਰਾਈ ਅਮਾਣ ਕਿਉ ਰਖੀਐ?" (ਵਾਰ ਸਾਰ ਮਃ ੩) ੫. ਦੇਖੋ, ਅਮਾਨ.


ਵਿ- ਮਾਤ੍ਰਾ ਰਹਿਤ. ਮੁਕਤਾ. ਜਿਸ ਨੂੰ ਕੋਈ ਲਗ ਨਹੀਂ। ੨. ਬੇਹੱਦ. ਪਰਿਮਾਣ ਰਹਿਤ.


ਦੇਖੋ, ਅਮਾਣ। ੨. ਸੰਗ੍ਯਾ- ਅਪਮਾਨ. ਨਿਰਾਦਰ. "ਨੀਚ ਊਚ ਨਹੀਂ ਮਾਨ ਅਮਾਨ." (ਗਉ ਕਬੀਰ ਥਿਤੀ) ੩. ਅਮਾਨਤ. ਇਮਾਨਤ. "ਅਵਰ ਵਸਤੁ ਤੁਝ ਪਾਹਿ ਅਮਾਨ." (ਆਸਾ ਮਃ ੫) ੪. ਸੰ. अमान. ਵਿ- ਮਾਪ ਅਰ ਤੋਲ ਰਹਿਤ. "ਅਮਾਨ ਹੈ." (ਜਾਪੁ) ੫. ਨਿਰਭਿਮਾਨ। ੬. ਜੋ ਮਾਨ੍ਯ ਨਹੀਂ. ਨਾ ਮੰਨਣ ਲਾਇਕ. "ਸੁਨੇ ਸੁ ਹਾਸ੍ਯ ਆਵਈ ਅਮਾਨ ਵਾਕ ਤੋਰੀਆ." (ਨਾਪ੍ਰ) ਤੇਰਾ ਵਚਨ ਅਮਾਨ੍ਯ ਹੈ। ੭. ਫ਼ਾ. [امان] ਅਮਾਨ. ਸੰਗ੍ਯਾ- ਰਕ੍ਸ਼ਾ (ਰਖ੍ਯਾ). ਹਿਫਾਜਤ। ੮. ਉਹ ਰਖ੍ਯਾ, ਜੋ ਜਿਜ਼ੀਆ ਅਦਾ ਕਰਣ ਤੋਂ ਹੁੰਦੀ ਹੈ. ਮੁਸਲਮਾਨ ਰਾਜ ਵਿਚ ਗੈਰ ਮੁਸਲਮਾਨ, ਜੋ ਜੇਜ਼ੀਆ ਨਾ ਦੇਵੇ ਉਹ ਰਿਆਸਤ ਵੱਲੋਂ ਰਖ੍ਯਾ ਦਾ ਅਧਿਕਾਰੀ ਨਹੀਂ ਹੁੰਦਾ ਸੀ। ੯. ਦੇਖੋ, ਈਮਾਨ.


ਅ. [امانت] ਸੰਗ੍ਯਾ- ਧਰੋਹਰ. ਕਿਸੇ ਦੇ ਸਪੁਰਦ ਕੀਤੀ ਵਸਤੁ. ੨. ਰਖ੍ਯਾ. ਹਿਫਾਜਤ। ੩. ਨਿਦ੍ਰਾ. ਨੀਂਦ। ੪. ਦੇਖੋ, ਇਮਾਨਤ.


ਫ਼ਾ. [امان بخش] ਵਿ- ਪਨਾਹ ਦੇਣ ਵਾਲਾ. ਦੁੱਖ ਤੋਂ ਬਚਾਉਣ ਵਾਲਾ.