Meanings of Punjabi words starting from ਮ

ਅ਼. [مُصہب] ਮੁਸਹ਼ਫ. ਸਹ਼ੀਫ਼ਹ (ਰਸਾਲੇ) ਜਿਸ ਵਿੱਚ ਇਕੱਠੇ ਕੀਤੇ ਹੋਣ. ਉਹ ਗ੍ਰੰਥ. ਜਿਸ ਵਿੱਚ ਕਈ ਗ੍ਰੰਥਾਂ ਦਾ ਸੰਗ੍ਰਹ ਹੋਵੇ। ੨. ਕੁਰਾਨ. ਮੁਸਲਮਾਨਾਂ ਦਾ ਧਰਮਪੁਸ੍ਤਕ. ਕ਼ੁਰਾਨ ਵਿੱਚ ਪੁਰਾਣੇ ਪੈਗੰਬਰ ਅਤੇ ਨਬੀਆਂ ਦੇ ਵਰਣਨ ਸੰਬੰਧੀ ਰਸਾਲੇ ਹਨ, ਇਸ ਲਈ ਇਹ ਸੰਗ੍ਯਾ ਹੈ. "ਕ਼ਸਮ ਮੁਸਹ਼ਫੇ ਖ਼ੁਫ਼ਿਯਹ ਗਰ ਮਨ ਖ਼ੁਰਮ." (ਜਫਰ) ਦੇਖੋ, ਮੁਸਫ। ੩. ਮਾਸ਼ੂਕ ਦੇ ਕਪੋਲ ਨੂੰ ਭੀ ਕਵੀਆਂ ਨੇ ਮੁਸਹਫ ਲਿਖਿਆ ਹੈ, ਕਿਉਂਕਿ ਆਸ਼ਕ ਲੋਕ ਕ਼ੁਰਾਨ ਦੀ ਤਰਾਂ ਉਸ ਨੂੰ ਭੀ ਚੁੰਮਦੇ ਹਨ. "ਹੈਂ ਸਦਾ ਮੁਸਹ਼ਫ਼ੇ ਰੁਖ਼ਸਾਰ ਪਿਹ ਆਸ਼ਾਰੇ ਗ਼ਜ਼ਬ." (ਮੀਰ ਮਜਰੂਹ਼)


ਫ਼ਾ. [مُشک] ਮੁਸ਼ਕ. ਸੰਗ੍ਯਾ- ਕਸਤੂਰੀ. ਮ੍ਰਿਗਮਦ। ੨. ਭਾਵ- ਸੁਗੰਧ. ਖ਼ੁਸ਼ਬੂ. "ਹੂਰ ਨੂਰ ਮੁਸਕ ਖੁਦਾਇਆ." (ਮਾਰੂ ਸੋਲਹੇ ਮਃ ੫) ੩. ਸੰ. ਮੁਸ੍ਕ. ਫ਼ੋਤਾ. ਅੰਡਕੋਸ਼। ੪. ਚੋਰ। ੫. ਢੇਰ. ਰਾਸ਼ਿ। ੬. ਵਿ- ਮਾਂਸਲ. ਮੋਟਾ.


ਫ਼ਾ. [مُشکسا] ਕਸਤੂਰੀ ਘਸਾਉਣਵਾਲਾ। ੨. ਕਸਤੂਰੀ ਜੇਹੀ ਸੁਗੰਧ ਦੇਣ ਵਾਲਾ.


ਫ਼ਾ. [مُشککافۇر] ਮੁਸ਼ਕ ਕਾਫ਼ੂਰ. ਸੰਗ੍ਯਾ- ਇੱਕ ਬਿਰਛ, ਜਿਸ ਦਾ ਸਾਰ ਕੱਢਕੇ ਅਥਵਾ ਉਸ ਦੇ ਟਪਕੇ ਰਸ ਤੋਂ ਸਫੇਦ ਪਦਾਰਥ ਬਣਾਇਆ ਜਾਂਦਾ ਹੈ, ਜਿਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਵੈਦ ਇਸ ਨੂੰ ਅਨੇਕ ਦਵਾਈਆਂ ਵਿੱਚ ਵਰਤਦੇ ਹਨ, ਅਤੇ ਇਹ ਮੰਦਿਰਾਂ ਵਿੱਚ ਧੂਪ ਦੀਪ ਦੀ ਥਾਂ ਜਲਾਇਆ ਜਾਂਦਾ ਹੈ. ਦੇਖੋ, ਕਪੂਰ.