Meanings of Punjabi words starting from ਅ

ਸੰ. अर्गला- ਅਰ੍‍ਗਲਾ. ਸੰਗ੍ਯਾ- ਕਿਵਾੜ ਦੇ ਅੰਦਰਲੇ ਪਾਸੇ ਲਾਈ ਹੋਈ ਕਾਠ ਦੀ ਲੰਮੀ ਅਰਲੀ, ਜਿਸ ਕਰਕੇ ਬਾਹਰੋਂ ਕਿਵਾੜ ਨਾ ਖੁਲ ਸਕੇ. ੨. ਅੰਕੁੜਾ. ਬਿੱਲੀ. ਚਟਖਨੀ। ੩. ਤੰਤ੍ਰ ਸ਼ਾਸਤ੍ਰ ਅਨੁਸਾਰ ਕਿਸੇ ਮੰਤ੍ਰ ਦੇ ਰੋਕਣ ਦੀ ਕ੍ਰਿਯਾ. ਦੇਖੋ, ਕੀਲ.


ਪ੍ਰਾ. ਸੰਗ੍ਯਾ- ਖਾਮੋਸ਼ੀ. ਚੁੱਪ. "ਜ੍ਯੋਂ ਤਗ ਆਗੇ ਅਗ ਅਰਗਾਈ." (ਨਾਪ੍ਰ) ਜੈਸੇ ਤਗ੍ਯ (ਤਤ੍ਵਗ੍ਯਾਨੀ) ਅੱਗੇ ਅਗ੍ਯ (ਅਗ੍ਯਾਨੀ) ਚੁੱਪ ਹੋ ਜਾਂਦਾ ਹੈ.


ਪ੍ਰਾ. ਕ੍ਰਿ- ਚੁੱਪ ਹੋਣਾ. ਖਾਮੋਸ਼ੀ ਅਖ਼ਤ੍ਯਾਰ ਕਰਨੀ.


ਵਿ- ਅਰਿ- ਗਾਲਕ. ਵੈਰੀ ਦੇ ਨਾਸ਼ ਕਰਨ ਵਾਲਾ.


ਸੰ. ਅਰ੍‍ਘ. ਸੰਗ੍ਯਾ- ਭੇਟਾ. ਪੂਜਾ। ੨. ਮੁੱਲ. ਕੀਮਤ। ੩. ਜਲ, ਦੁੱਧ, ਕੁਸ਼ਾ, ਦਹੀਂ, ਸਰ੍ਹੋਂ, ਚਾਵਲ ਅਤੇ ਜੌਂ, ਜੋ ਦੇਵਤਾ ਨੂੰ ਅਰਪਨ ਕਰੇ ਜਾਣ। ੪. ਦੇਵਤਾ ਨੂੰ ਜਲ ਦਾਨ ਦੇਣ ਦੀ ਕ੍ਰਿਯਾ। ੫. ਜਲ ਦਾਨ ਕਰਨ ਦਾ ਪਾਤ੍ਰ, ਜੋ ਗਊ ਦੇ ਕੰਨ ਜੇਹਾ ਹੁੰਦਾ ਹੈ. ਅਰਘਾ। ੬. ਮੋਤੀ. "ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਪਾਯੋ ਜਾਇ." (ਚਰਿਤ੍ਰ ੧) ਮੋਤੀ, ਗਰਭ, ਰਾਜਾ, ਇਸਤ੍ਰੀ ਇਨ੍ਹਾਂ ਦਾ ਭੇਤ ਨਹੀਂ ਮਿਲਦਾ. ਸਮੁੰਦਰ ਵਿੱਚ ਮੋਤੀ ਦੀ ਠੀਕ ਥਾਂ ਅਤੇ ਮੋਤੀ ਦਾ ਮੁੱਲ ਜਾਣਨਾ ਕਠਿਨ ਹੈ. ਗਰਭ ਵਿੱਚ ਕੀ ਹੈ, ਇਸ ਦਾ ਗ੍ਯਾਨ ਭੀ ਔਖਾ ਹੈ.


ਦੇਖੋ, ਅਰਘ ੫.


ਸੰ. अर्च्. ਧਾ- ਪੂਜਾ ਕਰਨ. ਸੇਵਾ ਕਰਨਾ. ਮਾਨ ਕਰਨਾ. ਸਵਾਰਨਾ. ਉਸਤਤਿ (ਸੁ੍ਤਤਿ) ਕਰਨਾ. ਸ੍‍ਥਾਪਨ (ਥਾਪਨਾ).


ਸੰ. अर्चन. अर्चा. ਸੰਗ੍ਯਾ- ਪੂਜਨ ਪੂਜਾ। ੨. ਆਦਰ. ਸਤਕਾਰ. ਦੇਖੋ, ਅਰਚ ਧਾ. "ਪੂਜਾ ਅਰਚਾ ਆਹਿ ਨ ਤੋਰੀ." (ਗੂਜ ਰਵਦਾਸ)