Meanings of Punjabi words starting from ਕ

ਸੰਗ੍ਯਾ- ਕਿੰਨਰ ਦੀ ਇਸਤ੍ਰੀ. ਦੇਵਸਭਾ ਦੀ ਘੋੜੇਮੂੰਹੀ ਨਚਾਰ ਇਸਤ੍ਰੀ। ੨. ਵੀਣਾ. ਦੋ ਤੂੰਬਿਆਂ ਵਾਲੀ ਤੰਤ੍ਰੀ. "ਕਹੂੰ ਕਿੰਨਰੀ ਕਿੰਨਰੀ ਲੈ ਬਜਾਵੈਂ." (ਰਾਮਚੰਦ੍ਰਿਕਾ) ੩. ਕਿੰਗਾਰੀ. "ਯੋਗੀਆਂ ਦੀ ਇੱਕਤਾਰੀ ਵੀਣਾ. ਦੇਖੋ, ਕਿੰਗੁਰੀ.


ਦੇਖੋ, ਕਿਨਿ। ੨. ਕ੍ਰਿ. ਵਿ- ਕਿਤਨੇ. ਕਿਸ ਕ਼ਦਰ. ਕਿੰਨੇ. "ਖੇਵਟ ਕਿੰਨਿ ਗਏ." (ਆਸਾ ਫਰੀਦ) ਭਾਵ ਕਿਤਨੇ ਪੇਸ਼ਵਾ (ਆਗੂ) ਹੋ ਗੁਜ਼ਰੇ.


ਸੰ. किम्पुरुष ਸੰਗ੍ਯਾ- ਨਿੰਦਿਤ ਪੁਰੁਸ. ਦੇਖੋ, ਕਿੰਨਰ। ੨. ਜੰਬੂ ਦ੍ਵੀਪ ਦਾ ਇੱਕ ਖੰਡ, ਜੋ ਹਿਮਾਲਯ ਅਤੇ ਹੇਮਕੂਟ ਦੇ ਵਿਚਕਾਰ ਮੰਨਿਆ ਹੈ. "ਕਿੰਪੁਰਖ ਖੰਡ ਪਰਵੇਸੇ ਜਾਈ." (ਨਾਪ੍ਰ) ੩. ਨੈਪਾਲ ਇਲਾਕੇ ਦਾ ਨਾਉਂ ਭੀ ਪੁਰਾਣੇ ਗ੍ਰੰਥਾਂ ਵਿੱਚ ਕਿੰਪੁਰੁਸ ਵੇਖੀਦਾ ਹੈ। ੩. ਜੇਰ ਤੋਂ ਉਤਪੰਨ ਹੋਏ ਉਹ ਜੀਵ, ਜੋ ਆਦਮੀ ਨਾਲ ਬਹੁਤ ਮਿਲਦੇ ਹਨ. ਬਨਮਾਨੁਖ ਅਤੇ ਬਾਂਦਰ ਆਦਿ.