Meanings of Punjabi words starting from ਮ

ਅ਼. [مُحمّد] ਮੁਹ਼ੰਮਦ. ਵਿ- ਹ਼ਮਦ (ਸਲਾਹਿਆ) ਹੋਇਆ. ਪ੍ਰਸ਼ੰਸਿਤ. ਤਅ਼ਰੀਫ਼ ਕੀਤਾ ਗਿਆ। ੨. ਸੰਗ੍ਯਾ- ਇਸਲਾਮ ਦਾ ਆਚਾਰਯ, ਕੁਰੇਸ਼ਵੰਸ਼ੀ ਅ਼ਬਦੁੱਲਾ ਦਾ ਪੁਤ੍ਰ, ਜੋ ਆਮਿਨਾ ਦੇ ਗਰਭ ਤੋਂ ਅਰਬ ਦੇਸ਼ ਦੇ ਮੱਕੇ ਸ਼ਹਿਰ ਵਿੱਚ ੨੦. ਅਪ੍ਰੈਲ ਸਨ ੫੭੧ ਨੂੰ ਜਨਮਿਆ. ਹ਼ਜਰਤ ਮੁਹ਼ੰਮਦ ਦਾ ਵੰਸ਼ ਮੱਕੇ ਵਿੱਚ ਪ੍ਰਤਿਸ੍ਟਤ ਗਿਣਿਆ ਜਾਂਦਾ ਸੀ. ਮੰਦਿਰ ਕਾਬਾ, ਜੋ ਉਸ ਵੇਲੇ ਮੂਰਤੀਆਂ ਨਾਲ ਪੂਰਣ ਸੀ, ਉਹ ਅਬਦੁੱਲਾ ਦੇ ਪਿਤਾ ਅਬਦੁਲ ਮੁਤੱਲਿਬ ਦੇ ਹੀ ਸਪੁਰਦ ਸੀ. ਬਾਲ ਅਵਸਥਾ ਮੁਹ਼ੰਮਦ ਸਾਹਿਬ ਦੀ ਬਕਰੀ ਭੇਡਾਂ ਚਾਰਣ ਵਿੱਚ ਵਿਤੀਤ ਹੋਈ. ੨੦. ਵਰ੍ਹੇ ਦੀ ਉਮਰ ਵਿੱਚ ਮੱਕੇ ਦੀ "ਖ਼ਦੀਜਾ" ਨਾਮਿਕ ਧਨਵਾਨ ਬਿਧਵਾ ਦੀ ਨੌਕਰੀ ਕਰਕੇ ਬਸਰੇ ਦਮਿਸ਼ਕ ਆਦਿਕ ਅਸਥਾਨਾਂ ਵਿੱਚ ਵਪਾਰ ਕਰਦੇ ਰਹੇ. ਖ਼ਦੀਜਾ ਇਨ੍ਹਾਂ ਦੀ ਈਮਾਨਦਾਰੀ ਅਤੇ ਕਾਰਗੁਜ਼ਾਰੀ ਤੋਂ ਇਤਨੀ ਪ੍ਰਸੰਨ ਹੋਈ ਕਿ ਉਸ ਨੇ ਆਪਣੀ ੪੦ ਵਰ੍ਹੇ ਦੀ ਉਮਰ ਵਿੱਚ ਮੁ਼ਹ਼ੰਮਦ ਸਾਹਿਬ ਨਾਲ ਪੁਨਰਵਿਆਹ ਕਰ ਲਿਆ. ਖ਼ਦੀਜਾ ਤੋਂ ਦੋ ਬੇਟੇ ਅਤੇ ਚਾਰ ਬੇਟੀਆਂ ਉਤਪੰਨ ਹੋਈਆਂ.#ਜਦ ਮੁਹ਼ੰਮਦ ਸਾਹਿਬ ਦੀ ਉਮਰ ੩੫ ਵਰ੍ਹੇ ਦੀ ਸੀ, ਤਦ ਕਾਬੇ ਨੂੰ ਦੁਬਾਰਾ ਬਣਾਉਣ ਦੀ ਲੋੜ ਪਈ, ਕਿਉਂਕਿ ਮੰਦਿਰ ਬਹੁਤ ਨੀਵੀਂ ਥਾਂ ਸੀ. ਸ਼ਹਿਰ ਦੇ ਲੋਕਾਂ ਨੇ ਇਕੱਠੇ ਹੋਕੇ ਜਦ ਨਵੀਂ ਉਸਾਰੀ ਆਰੰਭੀ, ਤਦ ਇਹ ਸਵਾਲ ਹੋਇਆ ਕਿ "ਸੰਗ ਅਸਵਦ" ਨੂੰ ਕਣ ਆਪਣੇ ਹੱਥ ਨਾਲ ਨਵੇਂ ਮੰਦਿਰ ਦੀ ਉਸਾਰੀ ਵਿੱਚ ਰੱਖ. ਉਸ ਵੇਲੇ ਸਰਵਸੰਮਤੀ ਨਾਲ ਮੁਹ਼ੰਮਦ ਸਾਹਿਬ ਦੀ ਹੀ ਚੋਣ ਹੋਈ, ਜਿਨ੍ਹਾਂ ਨੇ ਸਿਆਹ ਪੱਥਰ ਉਠਾਕੇ ਕਾਬੇ ਦੀ ਕੰਧ ਵਿੱਚ ਰੱਖਿਆ. ਮੰਦਿਰ ਤਿਆਰ ਹੋਣ ਪੁਰ ਪਹਿਲੇ ਵਾਂਙ "ਹਬਲ" ਦੇਵਤਾ ਵਿਚਕਾਰ ਥਾਪਿਆ ਗਿਆ ਅਰ ਉਸ ਦੇ ਆਸ ਪਾਸ ਹੋਰ ਬੁਤ ਰੱਖੇ ਗਏ.#੩੯ ਵਰ੍ਹੇ ਦੀ ਉਮਰ ਵਿੱਚ ਮੁਹ਼ੰਮਦ ਸਾਹਿਬ ਬਹੁਤ ਉਦਾਸ ਅਤੇ ਧ੍ਯਾਨਪਰਾਇਣ ਜਾਪਦੇ ਸਨ. ਬਾਹਰ ਏਕਾਂਤ ਜਾਕੇ ਬਹੁਤ ਸਮਾਂ ਵਿਤਾਇਆ ਕਰਦੇ ਅਰ ਦੀਵਾਨੀ ਹਾਲਤ ਵਿੱਚ ਰਹਿਂਦੇ. ਮੱਕੇ ਪਾਸ ਦਾ "ਹਿਰਾ" ਪਹਾੜ ਉਨ੍ਹਾਂ ਨੂੰ ਬਹੁਤ ਪਿਆਰਾ ਸੀ.#੪੦ ਵਰ੍ਹੇ ਦੀ ਅਵਸਥਾ ਵਿੱਚ ਹ਼ਜਰਤ ਮੁਹ਼ੰਮਦ ਨੇ ਪ੍ਰਗਟ ਕੀਤਾ ਕਿ ਹਿਰਾ ਪਹਾੜ ਦੀ ਕੰਦਰਾਂ ਵਿੱਚ ਮੈਨੂੰ ਫਰਿਸ਼੍ਤਾ ਜਬਰਾਈਲ ਮਿਲਿਆ. ਜਿਸ ਨੇ ਖ਼ੁਦਾ ਵੱਲੋਂ ਪੈਗ਼ਾਮ ਦਿੱਤਾ, ਇਸੇ ਸਮੇਂ ਤੋਂ ਮੁਹ਼ੰਮਦ ਸਾਹਿਬ "ਪੈਗ਼ੰਬਰ" ਪ੍ਰਸਿੱਧ ਹੋਏ. ਮੁਹ਼ੰਮਦ ਸਾਹਿਬ ਨੇ ਇਸਲਾਮ ਦਾ ਪ੍ਰਚਾਰ ਆਰੰਭ ਕੀਤਾ. ਸਭ ਤੋਂ ਪਹਿਲਾਂ ਉਨ੍ਹਾਂ ਦੇ ਮਤ ਵਿੱਚ ਉਨ੍ਹਾਂ ਦੀ ਪਿਆਰੀ ਇਸਤ੍ਰੀ ਖ਼ਦੀਜਾ, ਫੇਰ ਅ਼ਲੀ, ਜੈਦ ਅਤੇ ਅਬੂਬਕਰ ਆਏ.#ਮੁਹੰਮਦ ਸਾਹਿਬ ਨੂੰ ਜਬਰਾਈਲ ਫ਼ਰਿਸ਼ਤੇ ਰਾਹੀਂ ਵਹੀ ਉਤਰਦੀ ਸੀ, ਕਦੇ ਧ੍ਯਾਨਪਰਾਇਣ ਹੋਣ ਪੁਰ ਉਨ੍ਹਾਂ ਨੂੰ ਖ਼ੁਦਾ ਵੱਲੋਂ ਸਿੱਧਾ ਪੈਗ਼ਾਮ ਪੁੱਜਦਾ. ਇਨ੍ਹਾਂ ਪੈਗਾਮਾਂ ਨੂੰ ਉਹ ਲੋਕਾਂ ਵਿੱਚ ਸੁਣਾਕੇ ਪ੍ਰਚਾਰ ਕਰਦੇ. ਜਿਨ੍ਹਾਂ ਪਦਾਂ ਵਿੱਚ ਮੁਹ਼ੰਮਦ ਸਾਹਿਬ ਨੂੰ ਖ਼ੁਦਾ ਦੇ ਹੁਕਮ ਪੁੱਜੇ, ਉਨ੍ਹਾਂ ਦੀ "ਆਯਤ" ਸੰਗ੍ਯਾ ਹੈ. ਜਿਨ੍ਹਾਂ ਦਾ ਸੰਗ੍ਰਹ ਇਸਲਾਮ ਦਾ ਧਰਮ ਪੁਸ੍ਤਕ ਕੁਰਾਨ ਹੈ. ਦੇਖੋ, ਕੁਰਾਨ.#ਜਦ ਮੁਹ਼ੰਮਦ ਸਾਹਿਬ ਦੀ ਉਮਰ ੫੦ ਵਰ੍ਹੇ ਦੀ ਸੀ. ਤਦ ਖ਼ਦੀਜਾ ਦਾ ਦੇਹਾਂਤ ਹੋ ਗਿਆ. ਇਸ ਪਿੱਛੋਂ "ਸੌਦਾਹ" ਨਾਮਕ ਬਿਧਵਾ ਨਾਲ ਪੈਗ਼ੰਬਰ ਨੇ ਸ਼ਾਦੀ ਕੀਤੀ ਅਰ ਅਬੂਬਕਰ ਦੀ ਪੁਤ੍ਰੀ "ਆ਼ਯਸ਼ਾ" ਜੋ ਉਸ ਵੇਲੇ ਕੇਵਲ ੭. ਵਰ੍ਹੇ ਦੀ ਸੀ, ਉਸ ਨਾਲ ਮੰਗਨੀ ਹੋਈ ਅਰ ਦੋ ਵਰ੍ਹੇ ਪਿੱਛੋਂ ਨਿਕਾਹ ਹੋਇਆ. ਆ਼ਯਸ਼ਾ ਹ਼ਜਰਤ ਮੁਹ਼ੰਮਦ ਨੂੰ ਸਭ ਤੋਂ ਪਿਆਰੀ ਸੀ. ਇਹ ਪੈਗ਼ੰਬਰ ਦੇ ਮਰਨ ਪਿੱਛੋਂ ੫੮ ਸਨ ਹਿਜਰੀ ਵਿੱਚ ੬੭ ਵਰ੍ਹੇ ਦੀ ਉਮਰ ਭੋਗਕੇ ਮਦੀਨੇ ਮੋਈ. ਮੁਸਲਮਾਨਾਂ ਵਿੱਚ ਇਹ "ਅੰਮੁਲ ਮੋਮਨੀਨ" (ਵਿਸ਼੍ਵਾਸੀਆਂ ਦੀ ਮਾਂ) ਪ੍ਰਸਿੱਧ ਹੈ.#ਹ਼ਜ਼ਰਤ ਮੁਹ਼ੰਮਦ ਮੂਰਤੀ ਪੂਜਾ ਦੇ ਵਿਰੁੱਧ ਉਪਦੇਸ਼ ਕਰਦੇ ਸਨ ਅਰ ਮੱਕੇ ਦੀਆਂ ਪ੍ਰਚਲਿਤ ਕੁਰੀਤੀਆਂ ਨੂੰ ਨਿੰਦਿਆ ਕਰਦੇ ਸਨ. ਇਸ ਕਰਕੇ ਸ਼ਹਿਰ ਦੇ ਲੋਕਾਂ ਨਾਲ ਵਿਰੋਧ ਵਧ ਗਿਆ, ਪਰ ਮਦੀਨੇ ਦੇ ਯਾਤ੍ਰੀ ਜੋ ਕਾਬੇ ਆਉਂਦੇ ਸਨ ਉਨ੍ਹਾਂ ਵਿੱਚੋਂ ਬਹੁਤ ਇਸਲਾਮ ਦੇ ਪ੍ਰੇਮੀ ਹੋ ਗਏ, ਅਰ ਮੱਕੇ ਨਾਲੋਂ ਮਦੀਨੇ ਵਿੱਚ ਮੁਸਲਮਾਨਾਂ ਦੀ ਤਾਦਾਦ ਵਧ ਗਈ.#ਲੋਕਾਂ ਦੀ ਵਧੀਕੀ ਤੋਂ ਤੰਗ ਆਕੇ ਸਨ ੬੨੨ ਈਸਵੀ ਵਿੱਚ ਮੁਹ਼ੰਮਦ ਸਾਹਿਬ ਨੂੰ ਮੱਕੇ ਤੋਂ ਭੱਜਕੇ ਮਦੀਨੇ ਜਾਣਾਪਿਆ, ਇਸੇ ਸਮੇਂ ਤੋਂ ਸਨ ਹਿਜਰੀ ਆਰੰਭ ਹੋਇਆ, ਜਿਸ ਦਾ ਅਰਥ ਹੈ ਜੁਦਾਈ. ਸੋ ਮੱਕੇ ਤੋਂ ਹਿਜਰ (ਵਿਛੁੜਨ) ਦਾ ਜੋ ਸਮਾਂ ਸੀ, ਉਹ ਇਸਲਾਮ ਦੀ ਤਾਰੀਖ ਵਿੱਚ ਆਰੰਭਿਕ ਸਾਲ ਗਿਣਿਆ ਗਿਆ. ਮਦੀਨੇ ਪਹੁੰਚਕੇ ਮੁਹ਼ੰਮਦ ਸਾਹਿਬ ਨੇ ਆਪਣੇ ਰਹਿਣ ਦੇ ਘਰ ਅਤੇ ਇੱਕ ਮਸਜਿਦ ਬਣਵਾਈ, ਜੋ ਹੁਣ "ਮਸਜਿਦੁਲਨਬੀ" ਅਖਉਂਦੀ ਹੈ.#ਮੱਕੇ ਦੇ ਲੋਕਾਂ ਨੇ ਮਦੀਨੇ ਭੀ ਮੁਹ਼ੰਮਦ ਸਾਹਿਬ ਨੂੰ ਚੈਨ ਨਾਲ ਨਹੀਂ ਬੈਠਣ ਦਿੱਤਾ. ਬਹੁਤ ਲੋਕ ਜਮਾਂ ਹੋਕੇ ਲੜਾਈ ਕਰਨ ਚੜ੍ਹ ਆਏ. ਪਹਿਲਾ ਜੰਗ ਰਮਜ਼ਾਨ ਹਿਜਰੀ ੨. (ਮਾਰਚ ਸਨ ੬੨੪) ਨੂੰ "ਬਦਰ" ਦੇ ਮਕਾਮ ਹੋਇਆ, ਜਿਸ ਵਿੱਚ ਚਾਹੇ ਮੁਸਲਮਾਨ ਥੋੜੇ ਸਨ. ਪਰ ਜਿੱਤ ਇਨ੍ਹਾਂ ਦੇ ਹੱਥ ਰਹੀ. ਇਸ ਦਿਨ ਤੋਂ ਮੁਸਲਮਾਨਾਂ ਦੇ ਹੌਸਲੇ ਵਧ ਗਏ ਅਰ ਦਿਨ ਬਦਿਨ ਇਸਲਾਮ ਦੀ ਤਰੱਕੀ ਹੋਣ ਲੱਗੀ. ਇਸ ਪਿੱਛੋਂ ਵੈਰੀਆਂ ਨੇ ਕਈ ਵਾਰ ਹਮਲੇ ਕੀਤੇ, ਪਰ ਹ਼ਜ਼ਰਤ ਮੁਹ਼ੰਮਦ ਹੀ ਫ਼ਤੇ ਪਾਉਂਦੇ ਰਹੇ.#ਸਨ ੬੩੦ ਈਸਵੀ ਵਿੱਚ ਮੁਹ਼ੰਮਦ ਸਾਹਿਬ ਨੇ ੧੦੦੦੦ ਮੁਸਲਮਾਨ ਨਾਲ ਲੈਕੇ ਮੱਕੇ ਨੂੰ ਜਿੱਤਕੇ ਕਾਬਾ ਮੱਲਿਆ, ਅਤੇ "ਸੰਗ ਅਸਵਦ" ਨੂੰ ਚੂੰਮਕੇ "ਹਬਲ" ਦੇਵਤਾ ਨੂੰ ਆਪਣੇ ਹੱਥੀਂ ਗੁਰਜ ਨਾਲ ਚੂਰਣ ਕੀਤਾ, ਅਰ ੩੬੦ ਬੁੱਤ ਭੰਨਕੇ ਮੰਦਿਰ ਤੋਂ ਬਾਹਰ ਸੁੱਟੇ. ਕਾਬੇ ਵਿੱਚ ਪਹਿਲੀ ਨਮਾਜ਼ ਆਪਣੇ ਸੰਗੀਆਂ ਨਾਲ ਪੜ੍ਹਕੇ ਹ਼ਜਰਤ ਮੁਹ਼ੰਮਦ ਨੇ ਉਸ ਮੰਦਿਰ ਨੂੰ "ਕਿਬਲਾ" ਥਾਪਿਆ, ਅਰ ਖ਼ੁਦਾ ਵੱਲੋਂ ਹੁਕਮ ਸੁਣਾਇਆ ਕਿ ਨਮਾਜ਼ ਪੜ੍ਹਨ ਵੇਲੇ ਮੂੰਹ ਕਿਬਲੇ ਵੱਲ ਕਰਕੇ ਪ੍ਰਾਰਥਨਾ ਕਰੋ.#ਸਨ ੬੩੨ ਈਸਵੀ ਵਿੱਚ ਤਾਪ ਨਾਲ ਕੁਝ ਸਮਾਂ ਬੀਮਾਰ ਰਹਿਕੇ, ੮. ਜੂਨ ਨੂੰ ਮਦੀਨੇ ਵਿੱਚ ਮੁਹ਼ੰਮਦ ਸਾਹਿਬ ਦਾ ਦੇਹਾਂਤ ਹੋਇਆ. ਉਨ੍ਹਾਂ ਦੀ ਕਬਰ "ਹੁਜਰਾ" ਕਰਕੇ ਮਸ਼ਹੂਰ ਹੈ. ਹੁਜਰੇ ਵਿੱਚ ਅਬੂਬਕਰ ਅਤੇ ਉਮਰ ਦੀ ਭੀ ਕਬਰ ਹੈ ਅਰ ਇੱਕ ਕ਼ਬਰ ਦੀ ਥਾਂ ਖ਼ਾਲੀ ਛੱਡੀ ਹੋਈ ਹੈ.#ਜਿਸ ਵੇਲੇ ਮੁਹ਼ੰਮਦ ਸਾਹਿਬ ਦਾ ਦੇਹਾਂਤ ਹੋਇਆ, ਉਸ ਸਮੇਂ ਉਨ੍ਹਾਂ ਦੀਆਂ ਨੌ ਵਿਵਾਹਿਤਾ ਅਤੇ ਦੋ ਦਾਸੀਆਂ ਜਿਉਂਦੀਆਂ ਸਨ. ਸਾਰੀਆਂ ਸ਼ਾਦੀਆਂ ਮੁਹ਼ੰਮਦ ਸਾਹਿਬ ਦੀਆਂ ੧੧ਸਨ. ਜਿਨ੍ਹਾਂ ਵਿੱਚੋਂ ੯. ਬਿਧਵਾ ਇਸਤ੍ਰੀਆਂ ਨਾਲ ਹੋਈਆਂ ਅਰ ਇੱਕ ਕੁਆਰੀ ਆ਼ਯਸ਼ਾ ਨਾਲ ਹੋਈ ਅਤੇ ਇੱਕ ਜ਼ੈਦ ਦੀ ਤਲਾਕੀ ਹੋਈ "ਜੈਨਬ" ਨਾਲ ਹੋਈ. ਜ਼ੈਦ ਮੁਹ਼ੰਮਦ ਸਾਹਿਬ ਦਾ ਮੁਤਬੰਨਾ ਸੀ ਇਸ ਕਰਕੇ ਉਸ ਦੀ ਔਰਤ ਨਾਲ ਸ਼ਾਦੀ ਸ਼ਰਾ ਤੋਂ ਵਿਰੁੱਧ ਸੀ, ਪਰ ਖ਼ੁਦਾ ਵੱਲੋਂ ਖ਼ਾਸ ਹੁਕਮ ਇਸ ਸ਼ਾਦੀ ਲਈ ਆਗਿਆ ਸੀ. ਦੇਖੋ, ਕ਼ੁਰਾਨ ਸ਼ੂਰਤ ੩੩, ਆਯਤ ੩੬.#ਇਨ੍ਹਾਂ ੧੧. ਤੋਂ ਛੁੱਟ ਦੋ ਦਾਸੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਈਸਾਇਨ ਮੇਰੀ ਅਤੇ ਦੂਜੀ ਯਹੂਦਮਤ ਦੀ "ਰਿਹਾਨਹ" ਸੀ.#ਮੁਹ਼ੰਮਦ ਸਾਹਿਬ ਦੇ ਕੁੱਲ ਬੱਚੇ ਸੱਤ ਸਨ, ਜਿਨ੍ਹਾਂ ਵਿੱਚੋਂ ਦੋ ਬੇਟੇ ਅਤੇ ਚਾਰ ਬੇਟੀਆਂ ਖ਼ਦੀਜਾ ਤੋਂ ਹੋਏ. ਪਰ ਇਨ੍ਹਾਂ ਵਿੱਚੋਂ ਕੇਵਲ ਸੁਪੁਤ੍ਰੀ ਫਾਤਿਮਾ ਸੰਤਾਨ ਵਾਲੀ ਹੋਈ, ਬਾਕੀ ਪੰਜ ਛੋਟੀ ਉਮਰ ਵਿੱਚ ਹੀ ਮਰ ਚੁੱਕੇ ਸਨ. ਇੱਕ ਬੇਟਾ ਮੇਰੀ ਤੋਂ ਜਨਮਿਆ, ਜੋ ਦੋ ਵਰ੍ਹੇ ਦੀ ਉਮਰ ਵਿੱਚ ਹੀ ਮਰ ਗਿਆ.#ਹ਼ਜਰਤ ਮੁਹ਼ੰਮਦ ਲਿਖਣ ਪੜ੍ਹਨ ਤੋਂ ਅਗ੍ਯਾਤ ਸਨ. ਇਸੇ ਕਰਕੇ ਉਨ੍ਹਾਂ ਨੂੰ "ਉੱਮੀ" ਆਖਦੇ ਹਨ.#ਮੁਹ਼ੰਮਦ ਸਾਹਿਬ ਦੇ ਚਲਾਏ ਹੋਏ ਧਰਮ ਦਾ ਨਾਮ "ਇਸਲਾਮ" ਹੈ. ਦੇਖੋ, ਇਸਲਾਮ.


ਸ਼ਾਹਜਹਾਂ ਬਾਦਸ਼ਾਹ ਦਾ ਫ਼ੌਜੀ ਸਰਦਾਰ, ਜੋ ਮੁਖ਼ਲਸਖ਼ਾਂ ਨਾਲ ਮਿਲਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਅਮ੍ਰਿਤਸਰ ਦੇ ਜੰਗ ਵਿੱਚ ਲੜਿਆ.


ਫ਼ਰਰੁਖ਼ ਸਿਯਰ ਪਿੱਛੋਂ ਇਹ ਸੰਮਤ ੧੭੭੬ (ਸਨ ੧੭੧੯) ਵਿੱਚ ਦਿੱਲੀ ਦੇ ਤਖ਼ਤ ਪੁਰ ਬੈਠਾ. ਇਹ ਵਡਾ ਆਰਾਮਤਲਬ ਅਤੇ ਕੁਕਰਮੀ ਸੀ. ਇਸ ਦੇ ਸਮੇਂ ਨਾਦਰਸ਼ਾਹ ਨੇ ਦਿੱਲੀ ਵਿੱਚ ਕਤਲਾਮ ਕੀਤੀ ਅਰੇ ੩੨ ਕਰੋੜ ਰੁਪਯੇ ਦਾ ਮਾਲ ਲੁੱਟਕੇ ਲੈਗਿਆ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ ਨੰਃ ੪੨.


ਬਾਦਸ਼ਾਹ ਸ਼ਾਹਜਹਾਂ ਦਾ ਫੌਜੀ ਸਰਦਾਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਭਾਈ ਜੱਟੂ ਦੇ ਹੱਥੋਂ ਮੋਇਆ.


ਦੇਖੋ, ਸ਼ਾਹਬੁੱਦੀਨ. ਮੁਹ਼ੰਮਦ ਗ਼ੌਰੀ.


ਹ਼ਜਰਤਮੁਹ਼ੰਮਦ ਨਾਲ ਹੈ ਜਿਸ ਦਾ ਸੰਬੰਧ। ੨. ਇਸਲਾਮਮਤ ਧਾਰਨ ਵਾਲਾ, ਮੁਸਲਮਾਨ.