ਕ੍ਰਿ. ਵਿ- ਕੁਹਕੇ. ਜਿਬਹਿ ਕਰਕੇ. "ਕੁਹਿ ਬਕਰਾ ਰਿੰਨਿ ਖਾਇਆ." (ਵਾਰ ਆਸਾ)
ਸੰ. ਕੁਹਲਿ. ਵਿ- ਪਾਨ ਸਹਿਤ ਹੈ ਜਿਸ ਦਾ ਮੁਖ. ਪਾਨਾਂ ਦੇ ਰੰਗ ਨਾਲ ਜਿਸ ਨੇ ਹੋਠ ਲਾਲ ਕੀਤੇ ਹਨ। ੨. ਦੇਖੋ, ਕੁਹਲ.
ਵਿ- ਕੱਜਲ ਲਾਉਣ ਅਤੇ ਨੇਤ੍ਰਾਂ ਦੇ ਹਾਵ ਭਾਵ ਵਿਖਾਉਣ ਵਾਲੀ ਇਸਤ੍ਰੀ. ਦੇਖੋ, ਕੁਹ਼ਲ. "ਲੰਙੀ ਹੈ ਕੁਹਿਲਨ ਆਵਈ ਪਰਵੇਲਿ ਪਿਆਰੀ." (ਭਾਗੁ) ਪਰਾਈ ਕਸਲਾਖੀ ਚਪਲਾ ਇਸਤ੍ਰੀ ਭਾਵੇਂ ਲੰਙੀ ਹੈ, ਪਰ ਵਿਸਈ ਨੂੰ ਪਿਆਰੀ ਲਗਦੀ ਹੈ.
ਸੰ. ਕੁਧਿ. ਸੰਗ੍ਯਾ- ਬਾਜ਼ ਦੀ ਕ਼ਿਸਮ ਦਾ ਇੱਕ ਸ਼ਿਕਾਰੀ ਪੰਛੀ, ਜੋ ਸ੍ਯਾਹਚਸ਼ਮ ਹੁੰਦਾ ਹੈ. ਇਸ ਨੂੰ ਸ਼ਾਹੀਨ ਕੁਹੀ ਆਖਿਆ ਜਾਂਦਾ ਹੈ. ਇਸ ਦਾ ਕੱਦ ਲਗੜ ਬਰੋਬਰ ਹੁੰਦਾ ਹੈ. ਇਸ ਵਿੱਚ ਸਭ ਸਿਫਤਾਂ ਬਹਿਰੀ ਜੇਹੀਆਂ ਹੁੰਦੀਆਂ ਹਨ. ਇਹ ਮਦੀਨ ਹੈ. ਇਸ ਦੇ ਨਰ ਦਾ ਨਾਉਂ ਕੋਹੀਲਾ ਹੈ. ਇਸ ਦਾ ਰੰਗ ਸੁਰਖੀ ਮਿਲਿਆ ਕਾਲਾ ਹੈ. ਕਿਸੇ ਕਿਸੇ ਦਾ ਖਾਕੀ ਭੀ ਹੁੰਦਾ ਹੈ. ਇਹ ਪੰਜਾਬੀ ਪੰਛੀ ਨਹੀਂ, ਵਿਦੇਸ਼ ਤੋਂ ਸਰਦੀ ਦੇ ਸ਼ੁਰੂ ਵਿੱਚ ਆਉਂਦਾ ਹੈ. ਸਿਖਾਈ ਹੋਈ ਕੁਹੀ ਚੰਗਾ ਸ਼ਿਕਾਰ ਕਰਦੀ ਹੈ. ਖਾਸ ਕਰਕੇ ਮੁਰਗਾਬੀਆਂ ਦਾ ਸ਼ਿਕਾਰ ਇਸ ਨਾਲ ਬਹੁਤ ਅੱਛਾ ਹੁੰਦਾ ਹੈ. ਜਿਸ ਝੀਲ ਵਿੱਚ ਮੁਰਗਾਬੀਆਂ ਬੈਠੀਆਂ ਹੋਣ ਇਹ ਉਸ ਉਤੇ ਮੰਡਲਾਉਣ ਲਗਦੀ ਹੈ. ਇਸ ਦੇ ਡਰ ਤੋਂ ਮੁਰਗਾਬੀਆਂ ਉਡਦੀਆਂ ਨਹੀਂ. ਸ਼ਿਕਾਰੀ ਬੰਦੂਕ ਨਾਲ ਖੂਬ ਸ਼ਿਕਾਰ ਕਰਦਾ ਹੈ. ਬੰਦੂਕ ਦੀ ਆਵਾਜ਼ ਨਾਲ ਜਦ ਮੁਰਗਾਬੀਆਂ ਉਡਦੀਆਂ ਹਨ ਤਦ ਕੁਹੀ ਉਨ੍ਹਾਂ ਦੇ ਉੱਪਰ ਚੱਕਰ ਬੰਨ੍ਹ ਲੈਂਦੀ ਹੈ. ਉਹ ਡਰਦੀਆਂ ਫੇਰ ਝੀਲ ਤੇ ਹੀ ਆ ਬੈਠਦੀਆਂ ਹਨ, ਜਿਸ ਤੋਂ ਸ਼ਿਕਾਰੀ ਨੂੰ ਬਹੁਤ ਸ਼ਿਕਾਰ ਮਿਲ ਜਾਂਦਾ ਹੈ. ਜੇ ਇਸ ਦਾ ਬੱਚਾ ਪਾਲਿਆ ਜਾਵੇ ਤਾਂ ਬਾਜ਼ ਵਾਂਙ ਕਈ ਵਰ੍ਹੇ ਸ਼ਿਕਾਰੀ ਪਾਸ ਰਹਿੰਦਾ ਹੈ. Falco Peregrinator. "ਸੀਹਾਂ ਬਾਜਾਂ ਚਰਗਾਂ ਕੁਹੀਆਂ ਇਨਾਂ ਖਵਾਲੇ ਘਾਹੁ." (ਵਾਰ ਮਾਝ ਮਃ ੧) ਦੇਖੋ, ਸ਼ਿਕਾਰੀ ਪੰਛੀ। ੨. ਖ਼ਾ. ਦਾਤੀ (ਦਾਤ੍ਰੀ). ਘਾਹ ਵੱਢਣ ਦਾ ਦੰਦੇਦਾਰ ਸੰਦ.
ਸੰਗ੍ਯਾ- ਕੁਹੀ ਪੰਛੀ ਨਾਲ ਜਾਨਵਰਾਂ ਦਾ ਸ਼ਿਕਾਰ ਖੇਡਣਾ। ੨. ਖ਼ਾ. ਦਾਤੀ (ਦਾਤ੍ਰੀ) ਨਾਲ ਘਾਹ ਵੱਢਣਾ.
ਸੰ. कुहेडी ਕੁਹੇੜੀ. ਸੰਗ੍ਯਾ- ਧੁੰਦ. ਪੌਣ ਵਿੱਚ ਜਲ ਦੇ ਬਰੀਕ ਕਿਣਕੇ ਠੰਡ ਨਾਲ ਗਾੜ੍ਹੇ ਹੋਏ ਹੋਏ ਕੁਹਰਾ. "ਜੈਸੇ ਕੁਹੀਰ ਨਿਵਾਰ ਕਰੈ ਹੁਇ ਸੂਰ ਉਦੈ ਮੁਖ ਤ੍ਯੋਂ ਪ੍ਰਗਟਾਈ." (ਨਾਪ੍ਰ)
ਦੇਖੋ, ਕੁਹੀ ਅਤੇ ਕੋਹੀਲਾ.
ਦੇਖੋ, ਕੁਹੀਰ। ੨. ਉਹ ਲੱਕੜ, ਜਿਸ ਉੱਪਰ ਚੜਸ (ਚਰਸਾ) ਚਲਾਉਣ ਲਈ ਚਕ੍ਰ (ਭੌਣ) ਰਖਿਆ ਜਾਂਦਾ ਹੈ.
ਸੰ. ਸੰਗ੍ਯਾ- ਪੰਛੀਆਂ ਦੀ ਮਿੱਠੀ ਧੁਨਿ. ਕੁਹ ਕੁਹ ਦੀ ਆਵਾਜ਼। ੨. ਦੇਖੋ, ਕੁਹਕ.
ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਵਿੱਚ ਛੇਕ ਹੁੰਦਾ ਹੈ. ਜਦ ਤੇਜ਼ੀ ਨਾਲ ਤੀਰ ਚਲਦਾ ਹੈ ਤਦ ਸੀਟੀ ਜੇਹੀ ਆਵਾਜ਼ ਹੁੰਦੀ ਹੈ. "ਤੇਗ ਤੀਰ ਤੁਫੰਗ ਤਬਰਰੁ¹ ਕੁਹੁਕਬਾਣ ਅਨੰਤ." (ਚੰਡੀ ੨) ਕਿਤਨਿਆਂ ਦਾ ਖਿਆਲ ਹੈ ਕਿ ਬਾਂਸ ਦੀ ਫੱਟੀਆਂ ਜੋੜਕੇ ਇਹ ਤੀਰ ਬਣਦਾ ਹੈ ਅਤੇ ਚਲਣ ਸਮੇਂ ਧੁਨਿ ਕਰਦਾ ਹੈ.
ਦੇਖੋ, ਕੁਹੁਕ. "ਮੋਰ ਕੁਹੁਕਿਅੜਾ ਸਬਦ ਮੁਖਿ ਪਾਇਆ." (ਗਉ ਮਃ ੪)