Meanings of Punjabi words starting from ਪ

ਵਿ- ਪੁਤ੍ਰਵਤੀ. ਬੇਟੇ ਵਾਲੀ. "ਪੁਤ੍ਰਵੰਤੀ ਸੀਲਵੰਤਿ ਸੁਹਾਗਣਿ." (ਮਾਝ ਮਃ ੫)


ਦੇਖੋ, ਪੁਤਰਾ.


ਸੰਗ੍ਯਾ- ਪੁਤ੍ਰੀ. ਬੇਟੀ। ੨. ਹਿੰਦੂ ਧਰਮ ਸ਼ਾਸਤ੍ਰ ਅਨੁਸਾਰ ਉਹ ਲੜਕੀ, ਜਿਸ ਦੀ ਸ਼ਾਦੀ ਸਮੇਂ ਉਸ ਦਾ ਪਿਤਾ ਇਹ ਵਚਨ ਲੈ ਲਵੇ ਕਿ ਜੋ ਕਨ੍ਯਾ ਦੇ ਪੁਤ੍ਰ ਹੋਊ ਉਹ ਨਾਨੇ ਦਾ ਪੁਤ੍ਰ ਸਮਝਿਆ ਜਾਊ। ੩. ਪੁੱਤਲਿਕਾ. ਪੁਤਲੀ. "ਚਿਤ੍ਰ ਕੀ ਪੁਤ੍ਰਿਕਾ ਹੈ." (ਰਾਮਾਵ) "ਜਨੁਕ ਕਨਕ ਕੀ ਪੁਤ੍ਰਿਕਾ." (ਚਰਿਤ੍ਰ ੯੬)


ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)


ਸੰ. ਪੁਦ੍‌ਗਲ. ਸੰਗ੍ਯਾ- ਪਰਮਾਣੁ। ੨. ਆਤਮਾ। ੩. ਬੌੱਧਮਤ ਅਨੁਸਾਰ ਦੇਹ. ਸ਼ਰੀਰ। ੪. ਜੈਨਮਤ ਅਨੁਸਾਰ ਸਪਰਸ਼, ਰਸ ਅਤੇ ਵਰਣ (ਰੰਗ) ਵਾਲਾ ਜੜ੍ਹ ਪਦਾਰਥ.


ਦੇਖੋ, ਪੋਦੀਨਾ.


ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ.