Meanings of Punjabi words starting from ਧ

ਸੰ. ਧਾਤੁ. ਧਾਰਨ ਕਰਨਾ, ਪਹਿਰਨਾ, ਪਾਲਣਾ, ਪਾਸ ਰੱਖਣਾ, ਢਕਣਾ, ਪ੍ਰਸਿੱਧ ਕਰਨਾ, ਧ੍ਯਾਨ ਦੇਣਾ, ਅੰਗੀਕਾਰ ਕਰਨਾ, ਸਹਾਇਤਾ ਕਰਨਾ, ਪੈਦਾ ਹੋਣਾ, ਪ੍ਰੇਰਣਾ, ਪਸੰਦ ਕਰਨਾ, ਆਗ੍ਯਾ ਕਰਨਾ। ੨. ਸੰਗ੍ਯਾ- ਬ੍ਰਹਮਾ੍ ੩. ਵ੍ਰਿਹਸਪਤਿ। ੪. ਸੰਗੀਤ ਅਨੁਸਾਰ ਧੈਵਤ ਸ੍ਵਰ ਦਾ ਸੰਕੇਤ। ੫. ਤਬਲੇ ਦਾ ਬੋਲ ਅਤੇ ਸਮ ਦਾ ਅਸਥਾਨ। ੬. ਵਿ- ਧਾਰਨ ਵਾਲਾ. ਧਾਰਕ। ੭. ਪ੍ਰਤ੍ਯ- ਭਾਂਤਿ. ਪ੍ਰਕਾਰ, ਜਿਵੇਂ- ਨਵਧਾ ਭਕ੍ਤਿ (ਭਗਤਿ). ੮. ਹਿੱਸੇ ਕੀਤਾ ਹੋਇਆ. ਵੰਡਿਆ. ਦੇਖੋ, ਸਤਧਾ ਅਤੇ ਦੁਧਾ.


ਦੇਖੋ, ਧਾਵਨ. "ਧਾਇਓ ਰੇ ਮਨ ਦਹਦਿਸਿ ਧਾਇਓ." (ਟੋਡੀ ਮਃ ੫)


ਸੰਗ੍ਯਾ- ਧਾਤ੍ਰੀ. ਦਾਈ। ੨. ਸੰ. ਧਾਤਕੀ. ਇਕ ਬਿਰਛ, ਜਿਸ ਦੇ ਸੰਸਕ੍ਰਿਤ ਨਾਮ ਮਦ੍ਯਵਾਸਿਨੀ, ਮਦ੍ਯਪੁਸਪਾ, ਤਵ੍ਰਿਜ੍ਵਾਲਾ, ਅਗਨਿਜ੍ਵਾਲਾ ਆਦਿ ਹਨ. L. Woodfordia Floribunda. ਇਸ ਦੇ ਫਲ ਨਸ਼ੀਲੇ ਹੁੰਦੇ ਹਨ. "ਜੇ ਸਉ ਅੰਮ੍ਰਿਤੁ ਨੀਰੀਐ, ਭੀ ਬਿਖੁ ਫਲ ਲਾਗੈ ਧਾਇ." (ਆਸਾ ਅਃ ਮਃ ੩) ੩. ਕ੍ਰਿ. ਵਿ- ਦੋੜਕੇ. ਨੱਠਕੇ. ਦੇਖੋ, ਧਾਵਨ. "ਧਾਇ ਧਾਇ ਕ੍ਰਿਪਨ ਸ੍ਰਮ ਕੀਨੋ." (ਟੋਡੀ ਮਃ ੫)


ਦੌੜਿਆ. ਦੇਖੋ, ਧਾਉਣਾ। ੨. ਧਾਪਿਆ. ਤ੍ਰਿਪਤ ਹੋਇਆ. "ਨਾ ਤਿਸੁ ਭੁਖ ਪਿਆਸ, ਰਜਾ ਧਾਇਆ." (ਵਾਰ ਮਲਾ ਮਃ ੧)


ਅਸਰ ਕਰ ਜਾਂਦੀ ਹੈ. "ਕਉੜਤਣੁ ਧਾਇਜਾਇ." (ਵਾਰ ਸਾਰ ਮਃ ੧)


ਸੰਗ੍ਯਾ- ਧਾਤ੍ਰੀ. ਦਾਈ. ਧਾਯ। ੨. ਧਾਵਾ. ਦੌੜ. ਹਮਲਾ. "ਦੂਤ ਮਾਰੇ ਕਰਿ ਧਾਈ ਹੇ" (ਮਾਰੂ ਸੋਲਹੇ ਮਃ ੫) ੩. ਚੌਰਾਸੀ ਦਾ ਗੇੜਾ. ਯੋਨੀਆਂ ਵਿਚ ਦੋੜਨ ਦੀ ਕ੍ਰਿਯਾ. "ਨਾਨਕ ਸਿਮਰੈ ਏਕੁ ਨਾਮੁ, ਫਿਰਿ ਬਹੁੜਿ ਨ ਧਾਈ." (ਵਾਰ ਬਸੰ) "ਗਣਤ ਮਿਟਾਈ ਚੂਕੀ ਧਾਈ." (ਆਸਾ ਛੰਤ ਮਃ ੫) ੪. ਵਿ- ਧ੍ਰਾਪੀ. ਸੰਤੁਸ੍ਟ ਹੋਈ. "ਰਜੀ ਧਾਈ ਸਦਾ ਸੁਖੁ ਜਾਕਾ ਤੂ ਮੀਰਾ." (ਆਸਾ ਮਃ ੫)