Meanings of Punjabi words starting from ਪ

ਫ਼ਾ. [پوَلاد] ਸੰਗ੍ਯਾ ਫ਼ੌਲਾਦ. ਆਲਾ ਕਿਸਮ ਦਾ ਜੌਹਰਦਾਰ ਲੋਹਾ, ਜਿਸ ਦੀ ਉੱਤਮ ਤਲਵਾਰ ਬਣਦੀ ਹੈ.


ਸੰਗ੍ਯਾ- ਘੋੜੇ ਦਾ ਪੈਰ. ਸੁੰਮ। ੨. ਚੌੜੀ ਪੌੜੀ. ਖੁਲ੍ਹਾ ਜ਼ੀਨਾ। ੩. ਦਰਸ਼ਨੀ ਡਿਹੁਢੀ ਅੱਗੇ ਬੈਠਣ ਦੀ ਚੌਕੀ, ਜੋ ਦੋਹੀਂ ਪਾਸੀਂ ਹੁੰਦੀ ਹੈ.


ਖ਼ਾ. ਪੌੜੀ. ਗੁਰਦ੍ਵਾਰੇ ਅੱਗੇ ਦਾ ਜ਼ੀਨਾ। ੨. ਤਲਾਉ ਦੀ ਪੌੜੀ। ੩. ਪਦਵੀ. ਰੁਤਬਾ. ਅਧਿਕਾਰ.


ਸੰਗ੍ਯਾ- ਪਾਯ (ਪੈਰ) ਰੱਖਣ ਦੀ ਥਾਂ. ਸੀਢੀ. ਜ਼ੀਨਾ. ਸੌਪਾਨ. ਨਿਃ ਸ਼੍ਰੇਣੀ. "ਬਿਨੁ ਪਉੜੀ ਗੜਿ ਕਿਉ ਚੜਉ?" (ਸ੍ਰੀ ਮਃ ੧) ਇੱਥੇ ਸਤਸੰਗ ਪੌੜੀ ਅਤੇ ਗੜ੍ਹ ਪਰਮਪਦ ਹੈ।#੨. ਪਦਵੀ. ਮੰਜ਼ਿਲ. "ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖ ਪਾਇਦਾ." (ਮਾਰੂ ਸੋਲਹੇ ਮਃ ੫) ਇੱਥੇ ਪਉੜੀ ਤੋਂ ਭਾਵ ਮਨੁੱਖ ਦੇਹ ਹੈ।#੩. ਇੱਕ ਛੰਦ,¹ ਜਿਸ ਵਿੱਚ ਵਿਸ਼ੇਸ ਕਰਕੇ ਯੁੱਧ ਦੀਆਂ ਵਾਰਾਂ ਰਚੀਆਂ ਜਾਂਦੀਆਂ ਹਨ. ਢਾਢੀ ਲੋਕ ਯੁੱਧ ਦਾ ਪ੍ਰਸੰਗ ਵਾਰਤਿਕ ਸੁਣਾਕੇ ਉਸ ਦਾ ਸਾਰ ਪੌੜੀ ਛੰਦ ਵਿੱਚ ਲੈ ਤਾਰ ਨਾਲ ਮ੍ਰਿਦੰਗ ਦੀ ਸਹਾਇਤਾ ਸਾਥ ਗਾਕੇ ਪ੍ਰਕਰਣ ਸਮਾਪਤ ਕਰਦੇ ਹਨ. "ਦੁਰਗਾਪਾਠ ਬਣਾਇਆ ਸਭੇ ਪਉੜੀਆਂ." (ਚੰਡੀ ੩)#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਵਾਰਾਂ ਵਿੱਚ ਅਨੇਕ ਛੰਦ "ਪਉੜੀ" ਸਿਰਲੇਖ ਹੇਠ ਦੇਖੇ ਜਾਂਦੇ ਹਨ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪਦ ਭੀ ਪਉੜੀ ਨਾਮ ਤੋਂ ਹੀ ਪ੍ਰਸਿੱਧ ਹਨ. ਇਹ ਛੰਦ ਸਮ ਅਤੇ ਵਿਖਮ ਦੋਵੇਂ ਪ੍ਰਕਾਰ ਦਾ ਦੇਖੀਦਾ ਹੈ.#ਗੁਰੂ ਅਰਜਨ ਦੇਵ ਜੀ ਨੇ ਨੌ ਵਾਰਾਂ ਤੇ ਨੌ ਧੁਨੀਆਂ ਪਉੜੀ ਦੀਆਂ ਰਾਗੀਆਂ ਦੇ ਗਾਉਣ ਲਈ ਠਹਿਰਾਈਆਂ ਹਨ. ਪਉੜੀ ਏਕ ਤਾਲ (ਯੱਕਾ), ਤਿੰਨ ਤਾਲ, ਪੰਜ ਤਾਲ (ਅਸਵਾਰੀ), ਢਾਈ ਤਾਲ (ਰੂਪਕ) ਵਿੱਚ ਗਾਈਆਂ ਜਾਂਦੀਆਂ ਹਨ. ਪਉੜੀ ਗਾਉਣ ਵੇਲੇ ਪਖਾਵਜ ਦੀ ਗਤ ਨਹੀਂ ਵਜਾਈ ਜਾਂਦੀ, ਕਿੰਤੂ ਸਾਥ ਵਜਾਈਦਾ ਹੈ, ਇਸੇ ਲਈ ਪਉੜੀ ਗਾਕੇ ਉਸ ਦਾ ਪਾਠ ਸੁਣਾਇਆ ਜਾਂਦਾ ਹੈ, ਜਿਸ ਤੋਂ ਸ਼੍ਰੋਤੇ ਸ਼ਬਦਾਂ ਦਾ ਅਰਥ ਸਮਝ ਸਕਣ. ਸ਼ੋਕ ਹੈ ਕਿ ਹੁਣ ਕੀਰਤਨ ਕਰਨ ਵਾਲੇ ਪਉੜੀਆਂ ਦੇ ਗਾਉਣ ਦੀ ਧਾਰਨਾ ਭੁਲਦੇ ਜਾਂਦੇ ਹਨ ਅਤੇ ਸਵੇਰ ਸੰਝ ਰਾਤ ਨੂੰ ਚੌਕੀ ਦਾ ਭੋਗ ਪਾਉਣ ਵੇਲੇ ਬਿਲਾਵਲ ਕਾਨੜੇ ਆਦਿ ਦੀਆਂ ਪੌੜੀਆਂ ਪੁਰਾਣੀ ਰੀਤਿ ਅਨੁਸਾਰ ਨਹੀਂ ਗਾਉਂਦੇ.#ਸਿੱਖਕਾਵਯ ਵਿੱਚ ਪਉੜੀ ਦੇ ਸਰੂਪ ਇਹ ਹਨ-#(੧) ਦੋਹਾ ਰੂਪ ਪਉੜੀ ੮. ਚਰਣ ਦੀ-#ਰੇ ਮਨ! ਬਿਨ ਹਰਿ ਜਹਿ ਰਹਉ,#ਤਹਿ ਤਹਿ ਬੰਧਨ ਪਾਹਿ#ਜਿਹ ਬਿਧਿ ਕਤਹੁ ਨ ਛੂਟੀਐ#ਸਾਕਤ ਤੇਊ² ਕਮਾਹਿ. ×××#(ਬਾਵਨ)#(੨) ਚੌਪਈਰੂਪ ਪਉੜੀ ੮. ਚਰਣ ਦੀ-#ਭੱਭਾ ਭਰਮ ਮਿਟਾਵਹੁ ਅਪਨਾ,#ਇਆ ਸੰਸਾਰੁ ਸਗਲ ਹੈ ਸੁਪਨਾ,#ਭਰਮੇ ਸੁਰ ਨਰ ਦੇਵੀ ਦੇਵਾ,#ਭਰਮੇ ਸਿਧ ਸਾਧਿਕ ਬ੍ਰਹਮੇਵਾ. ×××#(ਬਾਵਨ)#(੩) ਹੰਸਗਤਿ ਛੰਦ ਦਾ ਰੂਪ ਪਉੜੀ ੮. ਚਰਣ ਦੀ- (ਦੇਖੋ, ਹੰਸਗਤਿ).#(੪)ਹੰਸਗਤਿ ਦਾ ਹੀ ਇੱਕ ਭੇਦ ਪਉੜੀ ੯. ਚਰਣ ਦੀ. ਪ੍ਰਤਿ ਚਰਣ ੨੦. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੯. ਪੁਰ, ਅੰਤ ਗੁਰੁ. ਤੁਕ ਦੇ ਮੱਧ ਅਰ ਅੰਤ ਅਨੁਪ੍ਰਾਸ ਮਿਲਵਾਂ-#ਗੁਰੁ ਚੇਲੇ ਰਹਿਰਾਸ, ਅਲਖ ਅਭੇਉ ਹੈ,#ਗੁਰੁ ਚੇਲੇ ਸ਼ਾਬਾਸ਼, ਨਾਨਕਦੇਉ ਹੈ. ×××#(ਭਾਗੁ ਵਾਰ ੩)#(੫) ਛੀ ਚਰਣ, ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੧੦. ਪੁਰ, ਅੰਤ ਮਗਣ-  ਤੁਕ ਦੇ ਮੱਧ ਅਤੇ ਅੰਤ ਅਨੁਪ੍ਰਾਸ ਦਾ ਮੇਲ.#ਸਤਿਗੁਰੁ ਸੱਚਾ ਨਾਉਂ, ਗੁਰਮੁਖਿ ਜਾਨੀਐ,#ਸਾਧੁਸਁਗਤਿ ਸਚ ਥਾਉਂ, ਸ਼ਬਦ ਵਖਾਣੀਐ. ×××#(ਭਾਗੁ ਵਾਰ ੧੪)#(੬) ਅੱਠ ਚਰਣ. ਇਹ "ਚਾਂਦ੍ਰਾਯਣ" ਛੰਦ ਦਾ ਰੂਪ ਹੈ. ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ ਜਗਣਾਂਤ , "ਦੂਜਾ ੧੦. ਪੁਰ ਰਗਣਾਂਤ- #ਸੱਚਹੁ ਪੌਣ ਉਪਾਇ, ਘਟੇਘਟਿ ਛਾਇਆ. ×××#(ਭਾਗੁ ਵਾਰ ੨੨)#(੭) ਅੱਠ ਚਰਣ. ਛੀ ਚਰਣਾਂ ਵਿੱਚ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੧੦. ਪੁਰ, ਅੰਤਿਮ ਦੋ ਤੁਕਾਂ ਦੀਆਂ ਸਤਾਈ ਸਤਾਈ ਮਾਤ੍ਰਾ. ਪਹਿਲਾ ਵਿਸ਼੍ਰਾਮ ੧੫. ਪੁਰ, ਦੂਜਾ ੧੨. ਪੁਰ, ਅੰਤ ਸਭ ਤੁਕਾਂ ਦੇ ਮਗਣ. #ਅਕੁਲ ਨਿਰੰਜਨ ਪੁਰਖੁ, ਅਗਮ ਅਪਾਰੀਐ, ×××#ਸਭਸੈ ਦੇ ਦਾਤਾਰੁ, ਜੋਤ ਉਪਾਰੀਐ, ×××#ਪ੍ਰਭੁ ਜੀਉ ਤੁਧੁ ਧਿਆਏ ਸੋਇ,#ਜਿਸੁ ਭਾਗੁ ਮਥਾਰੀਐ,#ਤੇਰੀ ਗਤਿ ਮਿਤਿ ਲਖੀ ਨ ਜਾਇ,#ਹਉ ਤੁਧੁ ਬਲਿਹਾਰੀਐ. (ਵਾਰ ਗੂਜ ੨)#(੮) ਅੱਠ ਚਰਣ. ਪ੍ਰਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੧੨. ਪੁਰ, ਅੰਤ ਦੋ ਗੁਰੁ, ਦੂਜਾ ੯. ਪੁਰ, ਅੰਤ ਲਘੁ ਗੁਰੁ. ਮੱਧ ਅਨੁਪ੍ਰਾਸ ਦਾ ਮੇਲ. ਇਹ ਸ਼੍ਰੀਖੰਡ ਦਾ ਰੂਪ ਹੈ-#ਅਗਣਿਤ ਘੁਰੇ ਨਗਾਰੇ, ਦਲਾਂ ਭਿੜੰਦਿਆਂ,#ਪਾਏ ਮਹਖਲ ਭਾਲੇ, ਦੇਵਾਂ ਦਾਨਵਾਂ. ×××#(ਚੰਡੀ ੩)#(੯) ਅੱਠ ਚਰਣ. ਪ੍ਰਤਿ ਚਰਣ ੨੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੯. ਪੁਰ. ਇਹ ਪਉੜੀ "ਰਾਧਿਕਾ" ਛੰਦ ਦਾ ਰੂਪ ਹੈ-#ਇਕਿ ਭਸਮ ਚੜਾਵਹਿ ਅੰਗਿ, ਮੈਲੁ ਨ ਧੋਵਹੀ,#ਇਕਿ ਜਟਾ ਬਿਕਟ ਬਿਕਰਾਲ, ਕੁਲੁ ਘਰੁ ਖੋਵਹੀ.#(ਵਾਰ ਮਲਾ ਮਃ ੧)#(੧੦) ਛੀ ਚਰਣ. ਪ੍ਰਤਿ ਚਰਣ ੨੨ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੯. ਪੁਰ. ਅੰਤ ਗੁਰੁ ਲਘੁ-#ਜੇ ਖੁੱਬੀ ਬਿੰਡਾ ਬਹੈ, ਕਿਉ ਹੋਇ ਬਜਾਜ?#ਕੁੱਤੇ ਦੇ ਗਲ ਵਾਸਣੀ, ਨ ਸ਼ਰਾਫੀ ਸਾਜ. ×××#(ਭਾਗੁ ਵਾਰ ੩੬)#(੧੧) ਪੰਜ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੦. ਪੁਰ, ਅੰਤ ਦੋ ਗੁਰੁ. ਇਹ ਦਟਪਟਾ ਅਤੇ ਨਿਸ਼ਾਨੀ ਛੰਦ ਦਾ ਰੂਪ ਹੈ-#ਲੈ ਫਾਹੇ ਰਾਤੀ ਤੁਰਹਿ, ਪ੍ਰਭੁ ਜਾਣੈ ਪ੍ਰਾਣੀ,#ਤਕਹਿ ਨਾਰਿ ਪਰਾਈਆ, ਲੁਕਿ ਅੰਦਰਿ ਠਾਣੀ. ×××#(ਵਾਰ ਗਉ ੧. ਮਃ ੫)#ਇਹੀ ਰੂਪ ਰਾਮਕਲੀ ਦੀ ਪਹਿਲੀ ਵਾਰ ਵਿੱਚ ਪਉੜੀ ਦਾ ਆਇਆ ਹੈ, ਯਥਾ-#ਸੱਚੈ ਤਖਤੁ ਰਚਾਇਆ, ਬੈਸਣ ਕਉ ਜਾਈ,#ਸਭੁਕਿਛੁ ਆਪੇਆਪਿ ਹੈ, ਗੁਰਸਬਦਿ ਸੁਣਾਈ. ×××#ਇਹੀ ਰੂਪ ਚੰਡੀ ਦੀ ਵਾਰ ਵਿੱਚ ਭੀ ਦੇਖੀਦਾ ਹੈ, ਯਥਾ-#ਦੇਖਨ ਚੰਡ ਪ੍ਰਚੰਡ ਨੂ, ਰਣ ਘੁਰੇ ਨਗਾਰੇ,#ਧਾਏ ਰਾਕਸ ਰੋਹਲੇ, ਚਉਗਿਰਦੋਂ ਭਾਰੇ. ×××#ਇੱਕ ਪ੍ਰੇਮੀ ਨੇ ਬਿਕ੍ਰਮੀ ਉੱਨੀਹਵੀਂ ਸਦੀ ਦੇ ਆਰੰਭ ਵਿੱਚ "ਗੁਰੂ ਗੋਬਿੰਦ ਸਿੰਘ ਜੀ ਦੀ ਵਾਰ" ਲਿਖੀ ਹੈ. ਉਸ ਵਿੱਚ ੭- ੮ ਅਤੇ ੯. ਚਰਨਾਂ ਦੀਆਂ ਪੌੜੀਆਂ ਇਸੇ ਵਜ਼ਨ ਦੀਆਂ ਹਨ, ਯਥਾ:-#ਜੇਬਨਸਾ³ ਫਿਰ ਆਖਦੀ, ਇਕ ਸੁਖ਼ਨ ਸੁਣਾਯਾ,#ਜਦ ਦਾ ਬੈਠਾ ਤਖ਼ਤ ਤੇ, ਕੀ ਅਦਲ ਕਮਾਯਾ?#ਸ਼ਾਹਜਹਾਂ ਨੂੰ ਕੈਦ ਕਰ, ਦਾਰਾ ਮਰਵਾਯਾ,#ਤੇਗਬਹਾਦੁਰ ਨਾਲ ਭੀ, ਤੈਂ ਧੋਹ ਕਮਾਯਾ,#ਬੀਜ੍ਯਾ ਬੀਉ ਜੁ ਜ਼ਹਿਰ ਦਾ, ਫਲ ਖਾਣਾ ਆਯਾ,#ਅੱਗੈ ਲੇਖਾ ਮੰਗੀਐ, ਭਰ ਲੈਗੁ ਸਵਾਯਾ,#ਸ਼ਾਹ ਅਦਾਲਤ ਨਾ ਕਰੇ, ਫਿਰ ਦੋਜ਼ਖ਼ ਪਾਯਾ,#ਉਮਰਖਿਤਾਬ⁴ ਅਦਾਲਤੀ, ਬੇਟਾ ਮਰਵਾਯਾ,#ਕੀਤਾ ਅਦਲ ਨੁਸ਼ੇਰਵਾਂ,⁵ ਜਸ ਜਗ ਵਿੱਚ ਛਾਯਾ.#ਈਸਵੀ ਅਠਾਰ੍ਹਵੀਂ ਸਦੀ ਵਿੱਚ "ਨਿਜਾਬਤ" ਕਵੀ ਨੇ ਨਾਦਰਸ਼ਾਹ ਦੀ ਵਾਰ ਲਿਖੀ ਹੈ, ਉਸ ਵਿੱਚ ਭੀ ਇਸੇ ਵਜ਼ਨ ਦੀਆਂ ਬਹੁਤ ਪਉੜੀਆਂ ਹਨ, ਯਥਾ:-#ਗੁੱਸਾ ਖਾਕੇ ਦੱਖਣੋ, ਕਲਰਾਣੀ ਜਾਗੀ,#ਅੱਗੇ ਨਾਦਰਸ਼ਾਹ ਦੇ, ਆਈ ਫਰਯਾਦੀ,#ਤੂ ਸੁਣ ਕਿਬਲਾ ਆਲਮ਼ੀ, ਫਰਯਾਦ ਅਸਾਡੀ. ×××#(੧੨) ਪੰਜ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਰਗਣ- -#ਆਪੇ ਆਪਿ ਨਿਰੰਜਨਾ, ਜਿਨਿ ਆਪੁ ਉਪਾਇਆ,#ਆਪੇ ਖੇਲੁ ਰਚਾਇਓਨੁ, ਸਭੁ ਜਗਤੁ ਸਬਾਇਆ. ××#(ਵਾਰ ਸਾਰ ਮਃ ੪)#(੧੩) ਪੰਜ ਚਰਣ. ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਦੋ ਗੁਰੁ-#ਹਰਿ ਕਾ ਨਾਮੁ ਧਿਆਇਕੈ, ਹੋਹੁ ਹਰਿਆ ਭਾਈ, ××#ਨਾਨਕੁ ਸਿਮਰੈ ਏਕੁ ਨਾਮੁ, ਫਿਰਿ ਬਹੁਰ ਨ ਧਾਈ.#(ਵਾਰ ਬਸੰ)#(੧੪) ਅੱਠ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਗੁਰੁ ਲਘੁ-#ਹੇ ਅਚੁਤ ਹੇ ਪਾਰਬ੍ਰਹਮ, ਅਬਿਨਾਸੀ ਅਘਨਾਸ,#ਹੇ ਪੂਰਨ ਹੇ ਸਰਬਮੈ, ਦੁਖਭੰਜਨ ਗੁਣਤਾਸ. ×××#(ਬਾਵਨ)#(੧੫) ਛੀ ਚਰਣ. ਪ੍ਰਤਿ ਚਰਣ ੨੫ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੨. ਪੁਰ ਅੰਤ ਦੋ ਗੁਰੁ. ਇਹ "ਮੁਕਤਾਮਣਿ" ਛੰਦ ਦਾ ਰੂਪ ਹੈ-#ਘੰਟ ਘੜਾਯਾ ਚੂਹਿਆਂ, ਗਲ ਬਿੱਲੀ ਪਾਈਐ,#ਮਤਾ ਪਕਾਯਾ ਮੱਖੀਆਂ, ਘਿਉ ਅੰਦਰ ਨ੍ਹਾਈਐ. ×××#(ਭਾਗੁ ਵਾਰ ੩੬)#(੧੬) ਚਾਰ ਚਰਣ. ਤਿੰਨ ਚਰਣਾਂ ਦੀਆਂ ੨੭ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੪. ਪੁਰ, ਅੰਤ ਦੋ ਗੁਰੁ. ਚੌਥੇ ਚਰਣ ਦੀਆਂ ੧੫. ਮਾਤ੍ਰਾ. ਅੰਤ ਦੋ ਗੁਰੁ-#ਸੁੰਭ ਨਿਸੁੰਭ ਅਲਾਇਆ, ਵਡ ਜੋਧੀਂ ਸੰਘਰ ਵਾਏ,#ਰੋਹ ਦਿਖਾਲੀ ਦਿੱਤੀਆ, ਵਰਿਆਮੀ ਤੁਰੇ ਨਚਾਏ.#ਦੇਉ ਦਾਨੋ ਲੁੱਝਣ ਆਏ.#(ਚੰਡੀ ੩)#(੧੭) ਅੱਠ ਚਰਣ, ਸੱਤ ਚਰਣ ੨੮ ਮਾਤ੍ਰਾ ਦੇ. ਪਹਿਲਾ ਵਿਸ਼੍ਰਾਮ ੧੩. ਮਾਤ੍ਰਾ ਪੁਰ, ਦੂਜਾ ੧੫. ਪੁਰ, ਅੰਤ ਗੁਰੁ. ਅੱਠਵੇਂ ਚਰਣ ਦੀਆਂ ੧੭. ਮਾਤ੍ਰਾ, ਅੰਤ ਗੁਰੁ-#ਸਾਧੂ ਸਤਜੁਗ ਬੀਤਿਆ, ਅਧਸੀਲੀ ਤ੍ਰੇਤਾ ਆਇਆ,#ਨੱਚੀ ਕੱਲ ਸਰੋਸਰੀ, ਕਲ ਨਾਰਦ ਡੌਰੂ ਵਾਇਆ,#ਪਾਸ ਦ੍ਰੁਗਾ ਦੇ ਇੰਦਰ ਆਇਆ.#(ਚੰਡੀ ੩)#(੧੮) ਬਾਰਾਂ ਚਰਣ, ਗਿਆਰਾਂ ਚਰਣ ੨੮ ਮਾਤ੍ਰਾ ਦੇ, ਵਿਸ਼੍ਰਾਮ ੧੩- ੧੫ ਪੁਰ, ਬਾਰ੍ਹਵਾਂ ਚਰਣ ੧੫. ਮਾਤ੍ਰਾ ਦਾ, ਅੰਤ ਸਭ ਦੇ ਰਗਣ- .#ਬਡੇ ਬਡੇ ਚੁਣ ਸੂਰਮੇ, ਗਹਿ ਕੋਈ ਦਏ ਚਲਾਇਕੈ,#ਰਣ ਕਾਲੀ ਗੁੱਸਾ ਖਾਇਕੈ.#(ਚੰਡੀ ੩)#(੧੯) ਅੱਠ ਚਰਣ. ਸੱਤ ਚਰਣ ੨੯ ਮਾਤ੍ਰਾ ਦੇ, ੧੩- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਦੋ ਗੁਰੁ-#ਸੁਣੀ ਪੁਕਾਰ ਦਤਾਰ ਪ੍ਰਭੁ,#ਗੁਰੁ ਨਾਨਕ ਜਗ ਮਾਹਿ ਪਠਾਯਾ, ×××#ਕਲਿ ਤਾਰਣ ਗੁਰੁ ਨਾਨਕ ਆਯਾ.#(ਭਾਗੁ ਵਾਰ ੧)#(੨੦) ਪੰਜ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ੧੪- ੯ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ-#ਕੋਟਿ ਅਘਾ ਸਭਿ ਨਾਸ ਹੋਹਿ, ਸਿਮਰਤ ਹਰਿਨਾਉ,#ਮਨਚਿੰਦੇ ਫਲ ਪਾਈਅਹਿ, ਹਰਿ ਕੇ ਗੁਣ ਗਾਉ,#ਕਰਿ ਕਿਰਪਾ ਪ੍ਰਭੁ ਰਾਖਲੇਹੁ, ਨਾਨਕ ਬਲਿ ਜਾਉ.#(ਵਾਰ ਜੈਤ)#(੨੧) ਗਿਆਰਾਂ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ੧੪- ੯ ਪੁਰ ਵਿਸ਼੍ਰਾਮ, ਤੁਕ ਦੇ ਮੱਧ ਦੋ ਗੁਰੁ ਅਤੇ ਅਨੁਪ੍ਰਾਸ ਦਾ ਮੇਲ, ਤੁਕਾਂਤ ਅਨਮੇਲ. ਇਹ ਸਿਰਖੰਡੀ (ਸ਼੍ਰੀਖੰਡ) ਦਾ ਰੂਪ ਹੈ-#ਧੱਗਾਂ ਸੂਲ ਬਜਾਈਆਂ, ਦਲਾਂ ਮੁਕਾਬਲਾ,#ਧੂਹ ਮਿਆਨੋਂ ਲਾਈਆਂ, ਜ੍ਵਾਨੀ ਸੂਰਮੀ. ×××#(ਚੰਡੀ ੩)#(੨੨) ਛੀ ਚਰਣ. ਪੰਜ ਚਰਣ ੩੦ ਮਾਤ੍ਰਾ ਦੇ, ੧੪- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਮਗਣ- #ਦਾਨੁ ਮਹਿੰਡਾ ਤਲੀਖਾਕੁ,#ਜੇ ਮਿਲੈ ਤ ਮਸਤਕਿ ਲਾਈਐ,#ਕੂੜਾ ਲਾਲਚੁ ਛਡੀਐ#ਹੋਇ ਇਕਮਨਿ ਅਲਖੁ ਧਿਆਈਐ. ××#ਮਤਿ ਥੋੜੀ ਸੇਵ ਗਵਾਈਐ.#(ਵਾਰ ਆਸਾ ਮਃ ੧)#(੨੩) ਸੱਤ ਚਰਣ, ਦੋ ਚਰਣਾਂ ਦੀਆਂ ਤੀਹ ਤੀਹ ਮਾਤ੍ਰਾ, ੧੪- ੧੬ ਪੁਰ ਵਿਸ਼੍ਰਾਮ, ਅੰਤਿਮ ਤੁਕ ੧੬. ਮਾਤ੍ਰਾ ਦੀ. ਅੰਤ ਸਭ ਦੇ ਦੋ ਗੁਰੁ-#ਸਤਿਗੁਰੁ ਸੱਚਾ ਪਾਤਸ਼ਾਹ, ਪਤਸ਼ਾਹਾਂ ਪਤਸ਼ਾਹ ਜੁਹਾਰੀ,#ਸਾਧਸੰਗਤਿ ਸਚਖੰਡ ਹੈ, ਆਇ ਝਰੋਖੈ ਖੋਲੈ ਬਾਰੀ, ××#ਭਗਤਵਛਲ ਹੁਇ ਭਗਤਿਭਁਡਾਰੀ.#(ਭਾਗੁ ਵਾਰ ੧੧)#(੨੪) ਪੰਜ ਚਰਣ, ਪ੍ਰਤਿ ਚਰਣ ੨੫ ਮਾਤ੍ਰਾ, ੧੫- ੧੦ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.#ਇਹ ਪਉੜੀ "ਸੁਗੀਤਾ" ਛੰਦ ਦਾ ਰੂਪ ਹੈ-#ਤੂ ਕਰਤਾ ਆਪਿ ਅਭੁਲੁ ਹੈ, ਭੁਲਣ ਵਿਚਿ ਨਾਹੀ,#ਤੂ ਕਰਹਿ ਸੁ ਸਚੇ ਭਲਾ ਹੈ, ਗੁਰਸਬਦਿ ਬੁਝਾਈ. ××#(ਵਾਰ ਗਉ ੧. ਮਃ ੪)#(੨੫) ਛੀ ਚਰਣ, ਪੰਜ ਚਰਣਾਂ ਦੀਆਂ ਪੱਚੀ ਪੱਚੀ ਮਾਤ੍ਰਾ, ੧੫- ੧੦ ਪੁਰ ਵਿਸ਼੍ਰਾਮ, ਅੰਤਿਮ ਚਰਣ- ੨੪ ਮਾਤ੍ਰਾ ਦਾ, ੧੪- ੧੦ ਪੁਰ ਵਿਸ਼੍ਰਾਮ, ਅੰਤ ਸਭ ਦੇ ਦੋ ਗੁਰੁ-#ਹਰਿ ਸੱਚੇ ਤਖਤ ਰਚਾਇਆ, ਸਤਸੰਗਤਿ ਮੇਲਾ,#ਪੀਓ ਪਾਹੁਲ ਖੰਡਧਾਰ, ਹੁਇ ਜਨਮ ਸੁਹੇਲਾ, ××#ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ,#(ਗੁਰੁਦਾਸ ਕਵਿ)#(੨੬) ਪੰਜ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ੧੫- ੧੧ ਪੁਰ ਵਿਸ਼੍ਰਾਮ, ਅੰਤ ਰਗਣ- -#ਤੂ ਹਰਿ ਪ੍ਰਭੁ ਆਪਿ ਅਗੰਮੁ ਹੈ, ਸਭਿ ਤੁਧੁ ਉਪਾਇਆ,#ਤੂ ਆਪੇ ਆਪਿ ਵਰਤਦਾ, ਸਭੁ ਜਗਤੁ ਸਬਾਇਆ. ××#(ਵਾਰ ਬਿਲਾ ਮਃ ੪)#(੨੭) ਪੰਜ ਚਰਣ. ਤਿੰਨ ਚਰਣਾਂ ਦੀਆਂ ਇਕੱਤੀ ਇਕੱਤੀ ਮਾਤ੍ਰਾ, ੧੫- ੧੬ ਪੁਰ ਵਿਸ਼੍ਰਾਮ, ਅੰਤ ਦੇ ਦੋ ਚਰਣਾਂ ਦੀਆਂ ਚਾਲੀ ਚਾਲੀ ਮਾਤ੍ਰਾ, ੧੨- ੨੮ ਪੁਰ ਵਿਸ਼੍ਰਾਮ, ਅੰਤ ਸਭ ਦੇ ਮਗਣ- .#ਤੂ ਆਪੇ ਹੀ ਸਿਧ ਸਾਧਿ ਕੋ,#ਤੂ ਆਪੇ ਹੀ ਜੁਗ ਜੋਗੀਆ, ×××#ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ,#ਹਰਿ ਬੋਲਤ ਸਭਿ ਪਾਪ ਲਹੋਗੀਆ.#(ਵਾਰ ਕਾਨ ਮਃ ੪)#(੨੮) ਪੰਜ ਚਰਣ. ਪ੍ਰਤਿ ਚਰਣ ੩੧ ਮਾਤ੍ਰਾ, ੧੬- ੧੫ ਪੁਰ ਵਿਸ਼੍ਰਾਮ, ਅੰਤ ਰਗਣ- . ਇਹ ਪਉੜੀ "ਬੀਰ" ਛੰਦ ਦਾ ਹੀ ਇੱਕ ਰੂਪ ਹੈ. ਇਸ ਵਿੱਚ ਗੁਰੁ ਲਘੁ ਦੀ ਥਾਂ ਰਗਣ ਹੈ-#ਪੰਚੇ ਸਬਦ ਵਜੇ ਮਤਿ ਗੁਰਮਤਿ,#ਵਡਭਾਗੀ ਅਨਹਦੁ ਵਜਿਆ. ×××#(ਵਾਰ ਕਾਨ ਮਃ ੪)#(੨੯) ਸੱਤ ਚਰਣ. ਛੀ ਚਰਣਾਂ ਦੀਆਂ ਬੱਤੀਹ ਬੱਤੀਹ ਮਾਤ੍ਰਾ, ੧੬- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਦੋ ਗੁਰੁ-#ਬਲਿਹਾਰੀ ਤਿੰਨ੍ਹਾ ਗੁਰਸਿੱਖਾਂ,#ਜਾਇ ਜਿਨ੍ਹਾਂ ਗੁਰਦਰਸ਼ਨ ਡਿੱਠਾ,#ਬਲਿਹਾਰੀ ਤਿੰਨ੍ਹਾ ਗੁਰਸਿੱਖਾਂ,#ਪੈਰੀ ਪੈ ਗੁਰਸਭਾ ਬਹਿੱਠਾ, ×××#ਗੁਰਮੁਖਿ ਮਿਲਿਆਂ ਪਾਪ ਪਣਿੱਠਾ.#(ਭਾਗੁ ਵਾਰ ੧੨)#(੩੦) ਪੰਜ ਚਰਣ, ਇਹ ਪਉੜੀ ਵਿਖਮ ਦੰਡਕ ਹੈ, ਪਹਿਲੇ ਚਰਣ ਦੀਆਂ ੪੬ ਮਾਤ੍ਰਾ, ਦੂਜੇ ਦੀਆਂ ੩੦, ਤੀਜੇ ਦੀਆਂ ੭੩, ਚੌਥੇ ਦੀਆਂ ੫੯, ਪੰਜਵੇਂ ਦੀਆਂ ੪੬, ਅੰਤ ਸਭ ਦੇ ਦੋ ਗੁਰੁ-#ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ#ਸਿਕਦਾਰ ਹਹਿ, ਤਿਤਨੇ ਸਭਿ ਹਰਿ ਕੇ ਕੀਏ,#ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ#ਸਭਿ ਹਰਿ ਕੇ ਅਰਥੀਏ,#ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰੁ ਕੈ ਵਲਿ ਹੈ#ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ,#ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ. ×××#(ਵਾਰ ਬਿਲਾ ਮਃ ੪); ਸੰਗ੍ਯਾ- ਜ਼ੀਨਾ. ਸੀਢੀ। ੨. ਯੂ. ਪੀ. ਦੇ ਇਲਾਕੇ ਇੱਕ ਤਸੀਲ ਅਤੇ ਉਸ ਦਾ ਪ੍ਰਧਾਨ ਨਗਰ। ੩. ਇੱਕ ਛੰਦ. ਦੇਖੋ, ਪਉੜੀ ੩.