Meanings of Punjabi words starting from ਸ

ਵਿ- ਸੁਗੰਧਿਤ. ਖ਼ੁਸ਼ਬੂਦਾਰ. "ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ." (ਸੁਖਮਨੀ) ਸੁਗੰਧਿ ਵਾਲੇ ਪਦਾਰਥ ਸ਼ਰੀਰ ਨੂੰ ਲਾਉਂਦਾ ਹੈਂ.


ਸੰ. ਸੰਗ੍ਯਾ- ਸੌਂਫ। ੨. ਤੁਲਸੀ। ੩. ਸੇਵਤੀ.


ਸੰ. सुगन्धि ਸੰਗ੍ਯਾ- ਖ਼ੁਸ਼ਬੂ। ੨. ਵਿ- ਖੁਸ਼ਬੂਦਾਰ.


ਸੁ- ਗ੍ਰਹਣ ਕਰਤਾ ਸਾਰਗ੍ਰਾਹੀ. "ਤਬ ਰੀਝ ਗਏ ਕਛੁ ਸੁਗ੍ਰ." (ਦੱਤਾਵ)


ਸੰ. ਵਿ- ਚੰਗੀ ਗਰਦਨ ਵਾਲਾ। ੨. ਸੰਗ੍ਯਾ- ਕ੍ਰਿਸਨ ਜੀ ਦੇ ਰੱਥ ਦਾ ਇੱਕ ਘੋੜਾ। ੩. ਕਿਸਕਿੰਧਾ ਦੇ ਰਾਜਾ ਬਾਲੀ ਦਾ ਛੋਟਾ ਭਾਈ, ਜਿਸ ਨਾਲ ਮਿਤ੍ਰਤਾ ਕਰਕੇ ਰਾਮਚੰਦ੍ਰ ਜੀ ਨੇ ਲੰਕਾ ਫਤੇ ਕੀਤੀ. ਰਾਮਾਇਣ ਵਿੱਚ ਕਥਾ ਹੈ ਕਿ ਸੁਗ੍ਰੀਵ ਸੂਰਜ ਦਾ ਪੁਤ੍ਰ ਸੀ. ਰਾਮਚੰਦ੍ਰ ਜੀ ਨੇ ਬਾਲੀ ਨੂੰ ਮਾਰਕੇ ਸੁਗ੍ਰੀਵ ਨੂੰ ਕਿਸਕਿੰਧਾ ਦਾ ਰਾਜ ਦਿੱਤਾ ਸੀ. "ਅਪਨਾਇਕੈ ਸੁਗ੍ਰੀਵ ਕੋ ਕਪਿਰਾਜ ਬਾਲਿ ਸਁਘਾਰਕੈ." (ਰਾਮਾਵ) ਦੇਖੋ, ਬਾਲਿ। ੪. ਇੰਦ੍ਰ। ੫. ਸ਼ਿਵ। ੬. ਰਾਜਹੰਸ.


ਸੰਗ੍ਯਾ- ਤੀਰ. (ਸਨਾਮਾ) ਸੁਗ੍ਰੀਵ ਦਾ ਭਾਈ ਬਾਲੀ, ਉਸ ਦਾ ਵੈਰੀ ਤੀਰ. ਬਾਲੀ ਤੀਰ ਨਾਲ ਮੋਇਆ ਸੀ। ੨. ਰਾਮਚੰਦ੍ਰ ਜੀ, ਜਿਨ੍ਹਾਂ ਨੇ ਸੁਗ੍ਰੀਵ ਦੇ ਭਾਈ ਬਾਲੀ ਨੂੰ ਮਾਰਿਆ.