Meanings of Punjabi words starting from ਪ

ਦੇਖੋ, ਪੰਚ ਤਪ। ੨. ਵੇਦ ਦੇ ਬ੍ਰਾਹਮਣਾਂ ਵਿੱਚ ਦੱਸੇ ਅਗਨਿ ਦੇ ਪੰਜ ਭੇਦ-#(ੳ) ਅਨ੍ਵਾਹਾਰ੍‍ਯ ਪਚਨ (ਦਕ੍ਸ਼ਿਣਾਗ੍ਨਿ, ਜਿਸ ਨਾਲ ਹਰ ਮਹੀਨੇ ਦੀ ਅਮਾਵਸ ਨੂੰ ਸ਼੍ਰਾੱਧਕਰਮ ਕਰੀਦਾ ਹੈ. ਰਿਗਵੇਦ ਦੀ ਵਿਧਿ ਨਾਲ ਅਸਥਾਪਨ ਕੀਤੀ ਅਗਨਿ).#(ਅ) ਗਾਰ੍‍ਹਪਤ੍ਯ (ਗ੍ਰਿਹਸਥੀ ਦੇ ਅਗਨਿਹੋਤ੍ਰ ਆਦਿ ਨਿਤ੍ਯਕਰਮ ਅਤੇ ਯਗ੍ਯ ਦੇ ਪਾਤ੍ਰਾਂ ਨੂੰ ਤਪਾਕੇ ਸ਼ੁੱਧ ਕਰਨ ਵਾਲੀ ਅਗਨਿ).#(ੲ) ਆਹਵਨੀਯ (ਗਾਰ੍‍ਹਪਤ੍ਯ ਅਗਨਿ ਵਿੱਚੋਂ ਮੰਤ੍ਰਵਿਧੀ ਨਾਲ ਲੈ ਕੇ ਯਗ੍ਯਮੰਡਪ ਦੇ ਪੂਰਵ ਵੱਲ ਅਸਥਾਪਨ ਕੀਤੀ ਅਗਨਿ, ਜਿਸ ਵਿੱਚ ਆਹੁਤੀ ਦਿੱਤੀ ਜਾਂਦੀ ਹੈ).#(ਸ) ਆਵਸਥ੍ਯ (ਲੌਕਿਕਾਗ੍ਨਿ. ਘਰ ਦੇ ਭੋਜਨ ਆਦਿ ਪਕਾਉਣ ਦੀ ਅੱਗ)#(ਹ) ਸਭ੍ਯ (ਘਰ ਆਏ ਰਿਖੀ ਅਤੇ ਅਭ੍ਯਾਗਤਾਂ ਦੇ ਸੇਕਣ ਲਈ ਮਚਾਈ ਹੋਈ ਅਗਨਿ. )#੩. ਵਿ- ਪੰਜ ਅਗਨੀਆਂ ਵਾਲਾ। ੪. ਪੰਜ ਅਗਨੀਆਂ ਦੀ ਉਪਾਸਨਾ ਕਰਨ ਵਾਲਾ.


ਪੰਜ ਹਨ ਜਿਸ ਦੇ ਆਨਨ (ਮੁਖ), ਸ਼ਿਵ। ੨. ਸ਼ੇਰ. ਪੰਚ (ਵਿਸ੍ਤਾਰ) ਵਾਲਾ ਹੈ ਆਨਨ (ਮੁਖ) ਜਿਸ ਦਾ. ਅਥਵਾ- ਚਾਰ ਪੰਜੇ ਅਤੇ ਮੂੰਹ, ਇਹ ਪੰਜ ਹਨ ਆਨਨ ਜਿਸ ਦੇ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੮ ਮਾਤ੍ਰਾ, ਬਾਰਾਂ ਬਾਰਾਂ ਮਾਤ੍ਰਾ ਪੁਰ ਚਾਰ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਕਵਲਨੈਨ ਮਧੁਰ ਬੈਨ, ਕੋਟਿ ਸੈਨ ਸੰਗ ਸੋਭ,#ਕਹਿਤ ਮਾ ਜਸੋਦ ਜਿਸਹਿ, ਦਹੀ ਭਾਤ ਖਾਹਿ ਜੀਉ,#ਸੱਤਿ ਸਾਚੁ ਸ੍ਰੀਨਿਵਾਸ, ਆਦਿ ਪੁਰਖ ਸਦਾ ਤੁਹੀ,#ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ.#(ਸਵੈਯੇ ਮਃ ੪. ਕੇ)


ਪੰਚਾਨਨ (ਸ਼ੇਰ) ਜੇਹੀ ਘੋਸ (ਧੁਨਿ) ਕਰਨ ਵਾਲੀ ਬੰਦੂਕ. (ਸਨਾਮਾ)


पञ्चाप्सर. ਦੱਖਣ ਦਾ ਇੱਕ ਤਾਲ, ਜਿਸ ਦੇ ਕਿਨਾਰੇ ਮਾਂਡਕਿਰ੍‍ਣ ਰਿਖਿ ਨੇ ਤਪ ਕੀਤਾ ਅਤੇ ਇੰਦ੍ਰ ਨੇ ਉਸ ਦਾ ਤਪ ਭੰਗ ਕਰਨ ਲਈ ਪੰਜ ਅਪਸਰਾਂ ਭੇਜੀਆਂ. ਰਾਮਚੰਦ੍ਰ ਜੀ ਬਨਵਾਸ ਸਮੇਂ ਇਸ ਤਾਲ ਦੇ ਕਿਨਾਰੇ ਕੁਝ ਕਾਲ ਰਹੇ ਹਨ। ੨. ਦੇਖੋ, ਪੰਪਾਸਰ.


पञ्चामृत. ਕੜਾਹ ਪ੍ਰਸਾਦ. ਭਾਈ ਗੁਰਦਾਸ ਜੀ ਲਿਖਦੇ ਹਨ- "ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ ਪੰਚ ਮਿਲ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।" ੨. ਸਿਮ੍ਰਿਤੀਆਂ ਅਨੁਸਾਰ- ਦੁੱਧ, ਦਹੀਂ, ਘੀ, ਖੰਡ ਅਤੇ ਸ਼ਹਦ. "ਜਿਹ ਮੁਖਿ ਪਾਚਉ ਅੰਮ੍ਰਿਤ ਖਾਏ." (ਗਉ ਕਬੀਰ) ੩. ਵੈਦ੍ਯਕ ਅਨੁਸਾਰ- ਗਿਲੋਯ, ਗੋਖਰੂ, ਮੁਸ਼ਲੀ, ਗੋਰਖਮੁੰਡੀ ਅਤੇ ਸ਼ਤਾਵਰੀ.


ਦੇਖੋ, ਪੰਚਾਇਤ.


ਵਿ- ਪੰਚਾਯਤਨ ਦਾ. ਪ੍ਰਧਾਨ ਪੰਚਜਨ ਦਾ ਹੈ ਸੰਬੰਧ ਜਿਸ ਨਾਲ. ਜੈਸੇ- ਪੰਚਾਯਤੀ ਅਖਾੜਾ.


ਸੰ. पञ्चाल. ਮਹਾਭਾਰਤ ਤੋਂ ਪਤਾ ਲੱਗਦਾ ਹੈ ਕਿ ਇਹ ਦੇਸ਼ ਊਰਧ ਦੁਆਬ ਵੱਲ ਸੀ. ਗੁਰੁਪ੍ਰਤਾਪ ਸੂਰਯ ਤੋਂ ਭੀ ਇਸ ਦੀ ਤਾਈਦ ਹੁੰਦੀ ਹੈ, ਯਥਾ- "ਦੇਸ ਪੰਚਾਲ ਰਸਾਲ ਸਨਾਤਨ ਤੀਰਥ ਰਾਜ ਸੁਧਾਸਰ ਜਾਨਾ." ਕਈ ਆਖਦੇ ਹਨ ਇਸ ਦੇ ਨਾਲ ਹਸਤਿਨਾਪੁਰ (ਮੇਰਟ ਦਾ ਜਿਲਾ) ਭੀ ਲੱਗਦਾ ਸੀ. ਮਨੂ ਪੰਚਾਲ ਦੇਸ ਕਨੌਜ ਪਾਸ ਦਸਦਾ ਹੈ. ਵਿਲਸਨ (Wilson) ਲਿਖਦਾ ਹੈ ਕਿ ਉੱਤਰ ਪੱਛਮ ਵੱਲ ਦੇਹਲੀ ਤੋਂ ਲੈ ਕੇ ਚੰਬਲ ਨਦੀ ਤਕ ਦੇਸ਼ ਦਾ ਨਾਮ ਪੰਚਾਲ ਹੈ. ਗੰਗਾ ਨਦੀ ਨਾਲ ਇਸ ਦੇ ਦੋ ਭਾਗ ਹੋ ਗਏ ਸਨ. ਉੱਤਰੀ ਪੰਚਾਲ ਅਤੇ ਦੱਖਣੀ ਪੰਚਾਲ. ਕਨਿੰਗਮ (Cunningham) ਲਿਖਦਾ ਹੈ ਕਿ ਉੱਤਰੀ ਪੰਚਾਲ ਰੁਹੇਲਖੰਡ ਸੀ ਅਤੇ ਦੱਖਣੀ ਪੰਚਾਲ ਗੰਗਾ ਜਮਨਾ ਦਾ ਦੁਆਬ ਸੀ. ਰੁਹਲੇਖੰਡ ਅਥਵਾ ਉੱਤਰੀ ਪੰਚਾਲ ਦੀ ਰਾਜਧਾਨੀ "ਅਹਿਛਤ੍ਰ" ਸੀ, ਜਿਸ ਦੇ ਖੰਡਰਾਤ ਰਾਮਨਗਰ ਦੇ ਪਾਸ ਹਨ, ਅਤੇ ਦੱਖਣੀ ਦੀ ਰਾਜਧਾਨੀ "ਕਾਂਪਿਲ੍ਯ" ਪੁਰਾਣੀ ਗੰਗਾ ਦੇ ਪਾਸ ਬਦਾਉਂ ਅਤੇ ਫ਼ਰੁੱਖ਼ਾਬਾਦ ਦੇ ਮੱਧ ਸੀ.#ਵਿਸਨੁਪੁਰਾਣ ਅੰਸ਼ ੪. ਅਃ ੧੯. ਵਿੱਚ ਲੇਖ ਹੈ ਕਿ ਭਰਤਵੰਸ਼ੀ ਰਾਜਾ ਹਰਯਸ਼੍ਵ ਦੇ ਪੰਜ ਪੁਤ੍ਰਾਂ (ਮੁਦਗਣ, ਸ੍ਰਿੰਜਯ, ਵ੍ਰਿਹਦਿਸੁ, ਪ੍ਰਵੀਰ, ਕਾਂਪਿਲ੍ਯ) ਦਾ ਦੇਸ਼ ਹੋਣ ਕਰਕੇ ਪੰਚਾਲ ਸੰਗ੍ਯਾ ਹੋਈ.


ਪੰਚਾਲ ਦੇਸ਼ ਦੀ ਬਾਲਾ (ਕੰਨ੍ਯਾ) ਦ੍ਰੌਪਦੀ. "ਕਿ ਪੰਚਾਲਬਾਰੀ." (ਦੱਤਾਵ)