Meanings of Punjabi words starting from ਪ

ਪ੍ਰਿਥ੍ਵੀਰਾਜ. ਚੌਹਾਨ ਵੰਸ਼ ਦਾ ਅੰਤਿਮ ਹਿੰਦੂ ਰਾਜਾ. ਜੋ ਕਮਲਾ ਦੇ ਗਰਭ ਤੋਂ ਸੋਮੇਸ਼੍ਵਰ ਦਾ ਪੁਤ੍ਰ ਅਤੇ ਅਜਮੇਰ ਦਿੱਲੀ ਆਦਿ ਦਾ ਸ੍ਵਾਮੀ ਸੀ. ਇਸ ਨੂੰ ਸੰਮਤ ੧੨੫੦ (ਸਨ ੧੧੯੨) ਵਿੱਚ ਸ਼ਹਾਬੁੱਦੀਨ ਨੇ ਕਰਨਾਲ ਦੇ ਜੰਗ ਵਿੱਚ ਜਿੱਤਕੇ ਹਿੰਦੂਰਾਜ ਦੀ ਸਮਾਪਤੀ ਕੀਤੀ. ਦੇਖੋ, ਸ਼ਹਾਬੁੱਦੀਨ. ਕਵਿ ਚੰਦ ਨੇ "ਪ੍ਰਿਥੀਰਾਜਰਾਯਸੋ" ਗ੍ਰੰਥ ਵਿੱਚ ਚੋਹਾਨ ਵੰਸ਼ ਦਾ ਇਤਿਹਾਸ ਵਿਸ੍ਤਾਰ ਨਾਲ ਲਿਖਿਆ ਹੈ.


ਦੇਖੋ, ਚੰਦ ਅਤੇ ਪ੍ਰਿਥੀਰਾਜ.


ਸੰਗ੍ਯਾ- ਬਿਰਛ. (ਸਨਾਮਾ) ੨. ਰਾਜਾ. (ਸਨਾਮਾ)


ਸੰਗ੍ਯਾ- ਪ੍ਰਿਥੀਰਾਟ (ਬਿਰਛ) ਨੂੰ ਧਾਰਣ ਵਾਲੀ, ਪ੍ਰਿਥਿਵੀ. (ਸਨਾਮਾ) ੨. ਪ੍ਰਿਥੀਰਾਟ (ਰਾਜਾ) ਦੀ ਸੈਨਾ. (ਸਨਾਮਾ)


ਸੰ. पृथु. ਵਿ- ਚੌੜਾ. ਵਿਸ੍ਤਾਰ ਵਾਲਾ. "ਪ੍ਰਿਥੁ ਨਿਤੰਬ ਜਿਨ ਕੀ ਛਬਿ ਕੋ ਨਾ." (ਨਾਪ੍ਰ) ੨. ਵਡਾ. ਮਹਾਨ। ੩. ਚਤੁਰ. ਪ੍ਰਵੀਣ। ੪. ਅਗਿਣਤ. ਅਸੰਖ੍ਯ। ੫. ਸੰਗ੍ਯਾ- ਵੇਣ ਦਾ ਪੁਤ੍ਰ ਇੱਕ ਰਾਜਾ, ਜਿਸ ਦਾ ਹਾਲ ਰਿਗਵੇਦ ਵਿੱਚ ਦੇਖੀਦਾ ਹੈ. ਪ੍ਰਿਥੁ ਇੱਕ ਵੇਦਮੰਤ੍ਰ ਦਾ ਕਰਤਾ ਭੀ ਹੈ. ਅਥਰਵ ਵੇਦ ਵਿੱਚ ਲਿਖਿਆ ਹੈ ਕਿ ਮਨੁ ਵੈਵਸ੍ਵਤ ਇਸ ਦਾ ਵਡੇਰਾ ਸੀ ਅਤੇ ਪ੍ਰਿਥਿਵੀ ਇਸ ਦਾ ਭਾਂਡਾ ਸੀ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਸਭ ਤੋਂ ਪਹਿਲਾ ਰਾਜਾ ਪ੍ਰਿਥੁ ਹੋਇਆ. ਪੁਰਾਣਾ ਵਿੱਚ ਦੱਸਿਆ ਹੈ ਕਿ ਪ੍ਰਿਥੁ ਵੇਣ ਦਾ ਪੁਤ੍ਰ ਅਤੇ ਅੰਗ ਦਾ ਪੋਤਾ ਸੀ ਅਰ ਇਸ ਦੇ ਨਾਮ ਤੋਂ ਧਰਤੀ ਦੀ ਪ੍ਰਿਥਵੀ ਸੰਗ੍ਯਾ ਹੋਈ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਰਿਖੀਆਂ ਨੇ ਵੇਣ ਨੂੰ ਪ੍ਰਿਥਿਵੀ ਦਾ ਰਾਜਾ ਬਣਾਇਆ, ਪਰ ਉਹ ਵਡਾ ਅਧਰਮੀ ਸੀ, ਉਸ ਨੇ ਪੂਜਾ ਹਵਨ ਆਦਿ ਬੰਦ ਕਰ ਦਿੱਤੇ. ਧਰਮ ਦੀ ਹਾਨਿ ਹੁੰਦੀ ਦੇਖਕੇ ਪਵਿਤ੍ਰ ਰਿਖੀਆਂ ਨੇ ਕੁਸ਼ਾ ਦੇ ਤੀਲੇ ਮਾਰ ਮਾਰਕੇ ਵੇਣ ਨੂੰ ਮਾਰ ਦਿੱਤਾ. ਜਦ ਕੋਈ ਰਾਜਾ ਨਾ ਰਿਹਾ, ਤਾਂ ਲੁੱਟ ਮਾਰ ਹੋਣ ਲੱਗੀ. ਇਸ ਪੁਰ ਰਿਖੀਆਂ ਨੇ ਏਕਤ੍ਰ ਹੋਕੇ ਮੋਏ ਹੋਏ ਰਾਜੇ ਦਾ ਪੱਟ ਮਲਣਾ ਆਰੰਭ ਕੀਤਾ, ਤਾਂ ਉਸ ਵਿੱਚੋਂ ਇੱਕ ਛੋਟੇ ਜੇਹੇ ਆਕਾਰ ਦਾ ਆਦਮੀ ਨਿਕਲਿਆ, ਜਿਸ ਦਾ ਮੂੰਹ ਚੌੜਾ ਰੰਗ ਕਾਲਾ ਅਤੇ ਸ਼ਕਲ ਭਿਆਨਕ ਸੀ, ਜਿਸ ਤੋਂ ਨਿਸਾਦ ਜਾਤਿ ਪ੍ਰਗਟ ਹੋਈ ਫੇਰ ਰਿਖੀਆਂ ਨੇ ਉਸ ਦਾ ਸੱਜਾ ਪੱਟ ਮਲਣਾ ਆਰੰਭ ਕੀਤਾ, ਤਾਂ ਉਸ ਵਿੱਚੋਂ ਪ੍ਰਿਥੁ ਜਨਮਿਆ. ਇਹ ਬਾਲਕ ਅਗਨਿ ਸਮਾਨ ਚਮਕਦਾ ਸੀ. ਇਸ ਦੇ ਉਤਪੰਨ ਹੋਣ ਨਾਲ ਸਭ ਪ੍ਰਸੰਨ ਹੋਏ ਅਤੇ ਵੇਣ ਨਰਕ ਵਿੱਚੋਂ ਨਿਕਲਕੇ ਸ੍ਵਰਗ ਵਿੱਚ ਜਾ ਪੁੱਜਾ. ਜਦ ਪ੍ਰਿਥੁ ਨੇ ਸਾਰਾ ਰਾਜ ਭਾਗ ਸਾਂਭਲਿਆ, ਤਾਂ ਵੇਖਿਆ ਕਿ ਪ੍ਰਿਥਿਵੀ ਜੰਗਲਾਂ ਅਤੇ ਪਹਾੜਾਂ ਨਾਲ ਭਰੀ ਪਈ ਹੈ. ਇਸ ਨੇ ਜੰਗਲ ਸਾਫ ਕੀਤੇ ਅਤੇ ਆਪਣੀ ਕਮਾਣ ਨਾਲ ਪਰਵਤਾਂ ਨੂੰ ਧਕੇਲਕੇ ਕਿਨਾਰੇ ਕੀਤਾ. ਜਿਸ ਤੋਂ ਜ਼ਮੀਨ ਖੇਤੀ ਲਈ ਸਾਫ ਹੋਈ. "ਮਾਨੋ ਮਹਾ ਪ੍ਰਿਥੁ ਲੈਕੇ ਕਮਾਨ ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧) ੬. ਮਹਾਦੇਵ. ਸ਼ਿਵ। ੭. ਅਗਨਿ। ੮. ਵਿਸਨੁ.


ਸੰ. ਵਿ- ਭਾਰੀ. ਵਡਾ. ਵਿਸ੍ਤਾਰ ਸਹਿਤ. "ਪ੍ਰਿਥੁਲ ਨਿਤੰਬ ਪੀਤ ਕਟਿ ਧੋਤੀ." (ਨਾਪ੍ਰ) ੨. ਬਹੁਤ ਅਧਿਕ.


ਸੰ. पृथुदक. ਸੰਗ੍ਯਾ- ਪਹੋਆ ਤੀਰਥ. ਸਰਸ੍ਵਤੀ ਨਦੀ ਦੇ ਸੱਜੇ ਪਾਸੇ ਇਹ ਤੀਰਥ ਹੈ. ਜਿਸ ਬਾਬਤ ਪੁਰਾਣਕਥਾ ਹੈ ਕਿ ਰਾਜਾ ਪ੍ਰਿਥੁ ਨੇ ਆਪਣੇ ਪਿਤਾ ਵੇਣ ਦੇ ਮਰਨ ਪੁਰ ਇਸ ਥਾਂ ਉਸ ਦੀ ਅੰਤਿਮਕ੍ਰਿਯਾ ਕੀਤੀ ਅਤੇ ੧੨. ਦਿਨ ਅਭ੍ਯਾਗਤਾਂ ਨੂੰ ਉਦਕ (ਜਲ) ਪਿਆਇਆ. "ਜਹਾਂ ਪ੍ਰਿਥੋਦਕ ਤੀਰਥ ਹੇਰਾ." (ਗੁਪ੍ਰਸੂ) ਦੇਖੋ, ਪਹੋਆ.


ਦੇਖੋ, ਪ੍ਰੇਮ. "ਹਰਿ ਲਾਗੈ ਪਿਆਰਾ ਪ੍ਰਿਮ ਕਾ." (ਸੋਰ ਮਃ ੪)


ਸੰ. ਵਿ- ਪਿਆਰਾ। ੨. ਸੰਗ੍ਯਾ- ਪਤਿ. ਭਰਤਾ। ੩. ਹਿਤ. ਭਲਾਈ। ੪. ਜਮਾਈ. ਦਾਮਾਦ। ੫. ਖਡਾਨਨ. ਕਾਰ੍‌ਤਿਕੇਯ.


ਵਿ- ਬਹੁਤ ਹੀ ਪ੍ਯਾਰਾ. ਸਭ ਤੋਂ ਵਧਕੇ ਪ੍ਯਾਰਾ. ਪ੍ਰੀਤਮ। ੨. ਸੰਗ੍ਯਾ- ਪਤਿ. ਭਰਤਾ। ੩. ਸੱਚਾ ਮਿਤ੍ਰ.