ਅ਼ [شیطان] ਸ਼ੈਤ਼ਾਨ (Satan) ਸੰਗ੍ਯਾ- ਬਾਈਬਲ ਅਤੇ. ਕੁਰਾਨ ਵਿੱਚ ਇਹ ਇੱਕ ਫ਼ਰਿਸ਼ਤਾ ਦੱਸਿਆ ਹੈ, ਜੋ ਆਦਮੀ ਨੂੰ ਬਦੀ ਵੱਲ ਪ੍ਰੇਰਦਾ ਹੈ. ਇਸੇ ਨੇ ਆਦਮ ਨੂੰ ਧੋਖਾ ਦੇ ਕੇ ਵਰਜਿਤ ਫਲ ਖਵਾਇਆ ਸੀ. ਕੁਰਾਨ ਅਨੁਸਾਰ ਸ਼ੈਤਾਨ ਕੇਵਲ ਅਗਨਿ ਤੱਤ ਤੋਂ ਬਣਿਆ ਹੈ. ਜਦ ਖ਼ੁਦਾ ਨੇ ਆਦਮ ਨੂੰ ਮਿੱਟੀ ਤੋਂ ਰਚਕੇ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਸਾਰੇ ਆਦਮ ਅੱਗੇ ਸਿਜਦਾ ਕਰੋ, ਤਦ ਸਭ ਨੇ ਹੁਕਮ ਦੀ ਤਾਮੀਲ ਕੀਤੀ, ਪਰ ਸ਼ੈਤਾਨ ਨੇ ਆਗ੍ਯਾ ਨਹੀਂ ਮੰਨੀ, ਜਦ ਖੁਦਾ ਨੇ ਇਸ ਦਾ ਕਾਰਣ ਪੁੱਛਿਆ, ਤਦ ਸ਼ੈਤਾਨ ਨੇ ਉੱਤਰ ਦਿੱਤਾ ਕਿ ਮੈ ਅਗਨਿ ਤੋਂ ਬਣਿਆ ਹਾਂ ਅਰ ਆਦਮ ਮਿੱਟੀ ਤੋਂ, ਇਸ ਲਈ ਉਹ ਮੈਥੋਂ ਘਟੀਆ ਹੈ. ਇਸ ਪੁਰ ਖੁਦਾ ਨੇ ਸ਼ੈਤਾਨ ਨੂੰ ਮਲਊਨ (ਧਿਕ੍ਰਿਤ) ਠਹਿਰਾਇਆ ਅਰ ਬਹਿਸ਼ਤ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ, ਸ਼ੈਤਾਨ ਨੇ ਰੰਜ ਵਿੱਚ ਆਕੇ ਖ਼ੁਦਾ ਨੂੰ ਆਖਿਆ ਕਿ ਅੱਛਾ! ਮੇਰੇ ਨਾਲ ਤਾਂ ਇਹ ਸਲੂਕ ਹੋਇਆ ਹੈ, ਪਰ ਮੈ ਭੀ ਆਦਮ ਦੀ ਔਲਾਦ ਨੂੰ ਤੇਰੀ ਵੱਲ ਨਹੀਂ ਆਉਣ ਦੇਵਾਂਗਾ, ਅਰ ਆਦਮੀ ਤੇਰੇ ਸ਼ੁਕਰਗੁਜ਼ਾਰ ਨਹੀਂ ਹੋਣਗੇ. ਦੇਖੋ, ਕੁਰਾਨ ਸੂਰਤ ਆਰਾਫ਼, ਆਯਤ ੧੧. ਤੋ ੧੭.। ੨. ਵਿ- ਪਾਮਰ. ਕੁਕਰਮੀ. ਫਿਸਾਦੀ. ਉਪਦ੍ਰਵੀ। ੩. ਸੰ. शितवाण ਕਾਮ. ਜਿਸਦੇ ਬਾਣ ਸ਼ਿਤ (ਤਿੱਖੇ) ਹਨ. "ਅਗਦੁ ਪੜੈ ਸੈਤਾਨ ਵੇ ਲਾਲੋ." (ਤਿਲੰ ਮਃ ੧)¹ ਕਾਜੀ ਅਤੇ ਪੁਰੋਹਿਤ ਦਾ ਕੰਮ ਕਾਮ ਕਰ ਰਹਿਆ ਹੈ. ਦੇਖੋ, ਅਗਦ.
ਵਿ- ਸ਼ੈਤਾਨ ਦੇ ਅਸਰ ਵਾਲਾ. "ਬਿਨ ਪੂਰੇ ਗੁਰੁਦੇਵ ਫਿਰੈ ਸੈਤਾਨਿਆ." (ਵਾਰ ਜੈਤ)
ਸੰਗ੍ਯਾ- ਸ਼ੈਤਾਨਪੁਣਾ. ਸ਼ਰਾਰਤ. "ਛੋਡਿ ਕਤੇਬ ਕਰੈ ਸੈਤਾਨੀ." (ਭੈਰ ਕਬੀਰ) ੨. ਵਿ- ਸ਼ੈਤਾਨ ਦਾ ਚੇਲਾ. ਸ਼ੈਤਾਨਪੰਥੀ. "ਨਾਨਕ ਸਿਰਖੁਥੇ ਸੈਤਾਨੀ." (ਵਾਰ ਮਾਝ ਮਃ ੧) ਦੇਖੋ, ਸੈਤਾਨ.
ਦੇਖੋ, ਸੈਹਥੀ. "ਤੁਹੀ ਸੂਲ ਸੈਥੀ ਤਬਰ." (ਸਨਾਮਾ)
ਅ਼. [صید] ਸੈਦ. ਸੰਗ੍ਯਾ- ਸ਼ਿਕਾਰ. ਮ੍ਰਿਗਯਾ। ੨. ਉਹ ਜਾਨਵਰ ਜਿਸ ਨੂੰ ਮਾਰੀਏ. ਜਿਸ ਦਾ ਸ਼ਿਕਾਰ ਕਰੀਏ। ੩. ਅ਼. [سّید] ਸਰਦਾਰ. ਰਈਸ। ੪. ਬਜ਼ੁਰਗ। ੫. ਦੇਖੋ, ਸਈਅਦ। ੬. ਦੇਖੋ, ਸ਼ਾਯਦ.
[سیدخان] ਇਹ ਔਰੰਗਜ਼ੇਬ ਦੀ ਫੌਜ ਦਾ ਸਰਦਾਰ ਸੀ, ਜੋ ੧੭. ਫੱਗੁਣ ਸੰਮਤ ੧੭੫੯ ਨੂੰ ਆਨੰਦਪੁਰ ਸਰ ਕਰਨ ਲਈ ਆਇਆ ਸੀ. ਯੁੱਧ ਕਰਦਾ ਹੋਇਆ ਜਦ ਦਸ਼ਮੇਸ਼ ਦੇ ਸਾਮਣੇ ਆਇਆ, ਤਦ ਦਰਸ਼ਨ ਦਾ ਅਸਰ ਚਿੱਤ ਉੱਪਰ ਅਜੇਹਾ ਹੋਇਆ ਕਿ ਸ਼ਾਹੀ ਸੈਨਾ ਨੂੰ ਤਿਆਗਕੇ ਕਲਗੀਧਰ ਦੇ ਚਰਣੀਂ ਆ ਲੱਗਾ, ਅਰ ਸਤਿਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾਕੇ ਪਰਮਪਦ ਦਾ ਅਧਿਕਾਰੀ ਹੋਇਆ.
ਦੇਖੋ, ਏਮਨਾਬਾਦ.
ਦੇਖੋ, ਸੈਦਾ ਬੇਗ.
ਦੇਖੋ, ਸ਼ਾਹਭੀਖ.
ਇਹ ਪਹਾੜੀ ਰਾਜਿਆਂ ਦੀ ਪ੍ਰੇਰਣਾ ਨਾਲ ਅਲਿਫ਼ਖਾਨ ਸਰਦਾਰ ਸਮੇਤ ਦਸ਼ਮੇਸ਼ ਜੀ ਨਾਲ ਜੰਗ ਕਰਨ ਲਈ ਆਨੰਦਪੁਰ ਉੱਤੇ ਚੜ੍ਹ ਆਇਆ, ਪਰ ਦਰਸ਼ਨ ਕਰਕੇ ਸਤਿਗੁਰੂ ਜੀ ਦਾ ਸਾਦਿਕ ਹੋ ਗਿਆ, ਅਤੇ ਸਿੰਘਾਂ ਨਾਲ ਮਿਲਕੇ ਤੁਰਕੀ ਸੈਨਾ ਅਰ ਪਹਾੜੀਆਂ ਨਾਲ ਲੜਦਾ ਜੰਗ ਵਿੱਚ ਸ਼ਹੀਦ ਹੋਇਆ. ਇਹ ਸੈਦਖਾਨ ਤੋਂ ਭਿੰਨ ਹੈ.
ਘੇਈ ਗੋਤ ਦਾ ਖਤ੍ਰੀ ਜੋ ਵਰੁਣ (ਖ੍ਵਾਜੇ) ਦਾ ਭਗਤ ਸੀ. ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਕੇ ਇੱਕ ਅਕਾਲ ਦਾ ਪੂਜਕ ਹੋਇਆ. ਦੱਖਣ ਦੀ ਯਾਤ੍ਰਾ ਸਮੇਂ ਇਹ ਜਗਤਗੁਰੂ ਦੀ ਸੇਵਾ ਵਿੱਚ ਹਾਜਰ ਰਿਹਾ ਹੈ.