Meanings of Punjabi words starting from ਸ

ਸੋਆ ਅਤੇ ਚੂਕ (ਪਾਲਕ). ਦੇਖੋ, ਚੂਕ


ਸਰਵ- ਉਹੀ. ਵਹ. ਓਹ. "ਚਤੁਰ ਸਿਆਣਾ ਸੁਘੜ ਸੋਇ." (ਗਉ ਥਿਤੀ ਮਃ ੫) ੨. ਸੰਗ੍ਯਾ- ਸ਼ੁਹਰਤ. ਚਰਚਾ. "ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ." (ਸ੍ਰੀ ਮਃ ੧) "ਤਿਨ ਕੀ ਨਿਰਮਲ ਸੋਇ." (ਬਾਰਹਮਾਹਾ ਮਾਝ) ੩. ਸੁਗੰਧ. ਖੁਸ਼ਬੂ. ਸ਼ੁਰਭਿ. "ਇਸ ਮਨ ਕੋ ਬਸੰਤ ਕੀ ਲਗੈ ਨ ਸੋਇ." (ਬਸੰ ਮਃ ੩) ੪. ਸ਼ੋਭਾ. ਕੀਰਤਿ. "ਤਿਸ ਕੀ ਸੋਇ ਸੁਣੀ ਮਨੁ ਹਰਿਆ." (ਆਸਾ ਮਃ ੫) ੫. ਦੇਖੋ, ਸਉਣਾ. "ਬਾਵਰ ਸੋਇ ਰਹੇ." (ਆਸਾ ਮਃ ੫) ੬. ਕ੍ਰਿ. ਵਿ- ਸੌਂਦਾ. "ਸੋਇ ਅਚਿੰਤਾ ਜਾਗਿ ਅਚਿੰਤਾ." (ਭੈਰ ਮਃ ੫)


ਵਿ- ਸੁੱਤਾ। ੨. ਵਿਰਾਜਿਆ. ਵਸਿਆ. "ਘਟਿ ਘਟਿ ਸੋਇਆ." (ਰਾਮ ਛੰਤ ਮਃ ੫) ੩. ਸੋਹਿਆ. ਸ਼ੋਭਿਤ ਹੋਇਆ.


ਸੰਗ੍ਯਾ- ਸੁਵਰ੍‍ਣ. ਸੋਨਾ. "ਸੋਇਨ ਲੰਕਾ ਸੋਇਨ ਮਾੜੀ." (ਗਉ ਮਃ ੧) "ਸੇ ਅਸਥਲ ਸੋਇਨ ਚਉਬਾਰੇ." (ਮਾਝ ਮਃ ੫) ੨. ਦੇਖੋ. ਸਉਣਾ.


ਸੰਗ੍ਯਾ- ਸੁਵਰ੍‍ਣ ਸੋਨਾ। ੨. ਸ਼ਯਨ. ਸੌਣਾ. "ਨਾਨਕ ਸੁਖਿ ਸੁਖਿ ਸੋਇਨਾ" (ਆਸਾ ਮਃ ੫)


ਸੰ. ਸ਼ਾਵਰੀ। ਵਿ- ਸ਼ਿਵ ਉਪਾਸਕ। ੨. ਤੰਤ੍ਰਸ਼ਾਸਤ੍ਰ ਦਾ ਗ੍ਯਾਤਾ। ੩. ਸੰਗ੍ਯਾ- ਬਹੁਜਾਈ ਖਤ੍ਰੀਆਂ ਦਾ ਇੱਕ ਗੋਤ. "ਪਿਰਥਾ ਖੇਡਾ ਸੋਇਰੀ." (ਭਾਗੁ)


ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)


ਸ਼ਯਨ ਕਰੀਜੈ। ੨. ਸਵੀਂਦਾ ਹੈ. "ਜਿਹ ਪ੍ਰਸਾਦਿ ਸੁਖਿ ਸਹਜਿ ਸੋਈਜੈ." (ਸੁਖਮਨੀ)