Meanings of Punjabi words starting from ਜ

ਫ਼ਾ. [ظفرنامہ] ਜਫ਼ਰਨਾਮਹ. ਵਿਜ੍ਯਪਤ੍ਰ. ਫ਼ਤੇ ਦਾ ਖ਼ਤ। ੨. ਤੈਮੂਰ ਦੀ ਤਵਾਰੀਖ਼, ਜੋ ਸ਼ਰਫ਼ੁੱਦੀਨ ਨੇ ਸਨ ੧੪੨੫ (ਸੰਮਤ ੧੪੮੨) ਵਿੱਚ ਲਿਖੀ ਹੈ।#੩. ਸੰਮਤ ੧੭੬੩ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਾਂਗੜ ਗ੍ਰਾਮ ਤੋਂ ਫ਼ਾਰਸੀ ਅਬਯਾਤ (ਬੈਤਾਂ) ਦੀ ਚਿੱਠੀ, ਜੋ ਔਰੰਗਜ਼ੇਬ ਨੂੰ ਭਾਈ ਦਯਾ ਸਿੰਘ ਧਰਮ ਸਿੰਘ ਹੱਥ ਦੱਖਣ ਭੇਜੀ ਹੈ, ਉਸ ਦਾ ਨਾਮ ਜਫ਼ਰਨਾਮਾ (ਵਿਜਯਪਤ੍ਰ) ਹੈ. ਇਸ ਵਿੱਚ ਬਾਦਸ਼ਾਹ ਦੇ ਅਨ੍ਯਾਯ ਅਤੇ ਅਯੋਗ ਕਰਮਾਂ ਦਾ ਵਰਣਨ ਤਥਾ ਹਿਤਭਰੀ ਸਿਖ੍ਯਾ ਹੈ.#ਜਫ਼ਰਨਾਮਹ ਦਾ ਪਾਠ ਅਣਜਾਣ ਲਿਖਾਰੀਆਂ ਨੇ ਬਹੁਤ ਅਸ਼ੁੱਧ ਕਰ ਦਿੱਤਾ ਹੈ, ਪਰ ਅਸੀਂ ਵਡੇ ਯਤਨ ਨਾਲ ਅਨੇਕ ਨੁਸਖੇ ਏਕਤ੍ਰ ਕਰਕੇ ਜੋ ਪਾਠ ਸੋਧਿਆ ਹੈ, ਉਹ ਫ਼ਾਰਸੀ ਅਤੇ ਗੁਰਮੁਖ਼ੀ ਅੱਖਰਾਂ ਵਿੱਚ ਅਰਥਾਂ ਸਮੇਤ ਛਪਵਾਕੇ ਪਾਠਕਾਂ ਦੀ ਭੇਟਾ ਕੀਤਾ ਜਾਵੇਗਾ.


ਰਾਜ ਨਾਭੇ ਦੀ ਨਜਾਮਤ ਫੂਲ ਵਿੱਚ ਪਿੰਡ ਦਿਆਲਪੁਰੇ ਦੀ ਕਾਂਗੜ ਪੱਤੀ ਵਿੱਚ ਇੱਕ ਗੁਰਦੁਆਰਾ, ਜਿਸ ਦੀ ਆਲੀਸ਼ਾਨ ਇਮਾਰਤ ਭਾਈ ਮਨੀ ਸਿੰਘ ਜੀ ਨੇ ਗੁਰਸਿੱਖਾਂ ਨੂੰ ਪ੍ਰੇਰਕੇ ਬਣਵਾਈ ਹੈ. ਇੱਥੇ ਵਿਰਾਜਕੇ ਕਲਗੀਧਰ ਨੇ ਜਫਰਨਾਮਾ ਲਿਖਿਆ ਹੈ. ਗੁਰਦੁਆਰੇ ਨੂੰ ਰਿਆਸਤ ਵੱਲੋਂ ਦੋ ਹਲ ਦੀ ਜਮੀਨ ਮੁਆਫ਼ ਹੈ.#ਜਦੋਂ ਕਲਗੀਧਰ ਇੱਥੇ ਵਿਰਾਜੇ ਹਨ, ਉਸ ਵੇਲੇ ਦਿਆਲਪੁਰਾ ਆਬਾਦ ਨਹੀਂ ਸੀ, ਇਹ ਜਮੀਨ ਕਾਂਗੜ ਪਿੰਡ ਦੀ ਸੀ. ਦੇਖੋ, ਜਫਰਨਾਮਾ ੩.


ਅ਼. [جفا] ਜੁਲਮ। ੨. ਦੁੱਖ. ਕਸ੍ਟ. "ਕਰ ਕੌਤਕ ਪੈ ਰਿਪੁ ਟਾਰ ਦਯੇ ਬਿਨ ਹੀ ਧਰਏ ਸਰ ਸ੍ਯਾਮ ਜਫਾ." (ਕ੍ਰਿਸਨਾਵ) ੩. ਦੇਖੋ, ਜੱਫਾ.


ਫ਼ਾ. [جفاکش] ਵਿ- ਜੁਲਮ ਉਠਾਉਣ ਵਾਲਾ. ਕਸ੍ਟ ਸਹਾਰਨ ਵਾਲਾ। ੨. ਭਾਵ- ਮਿਹ਼ਨਤੀ.