Meanings of Punjabi words starting from ਜ

ਜੰਮਦਾ. ਜਨਮ ਲੈਂਦਾ। ੨. ਸੰ. ਜਾਮਿਤ੍ਵ. ਸੰਗ੍ਯਾ- ਅਪਣਾਇਤ. ਯਗਾਨਗਤ. "ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ." (ਸਵੈਯੇ ਮਃ ੪. ਕੇ) ਪੰਚ ਭੂਤ ਅਪਣਾਕੇ ਕਾਬੂ ਕੀਤੇ ਹਨ, ਭੈ ਵਿਖਾਕੇ ਨਹੀਂ.


ਜਨਮਤ. ਜਨਮ ਲੈਂਦਾ ਹੈ. "ਬੇਸੁਆ ਕੇ ਘਰਿ ਪੂਤ ਜਮਤੁ ਹੈ." (ਦੇਵ ਮਃ ੪)


ਸੰ जमदग्नि ਭ੍ਰਿਗੁਵੰਸ਼ ਵਿੱਚੋਂ ਇੱਕ ਬ੍ਰਾਹਮਣ, ਜੋ ਰਿਚੀਕ ਅਤੇ ਸਤ੍ਯਵਤੀ ਦਾ ਪੁਤ੍ਰ ਸੀ. ਜਮਦਗਨਿ ਦੀ ਮਾਤਾ ਸਤ੍ਯਵਤੀ ਛਤ੍ਰੀ ਵੰਸ਼ ਦੇ ਗਾਧਿ ਨਾਮੇਂ ਰਾਜੇ ਦੀ ਪੁਤ੍ਰੀ ਸੀ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇੱਕ ਸਮੇਂ ਰਿਚੀਕ ਰਿਖੀ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਇੱਕ ਦਿਵ੍ਯ ਭੋਜਨ ਤਿਆਰ ਕੀਤਾ, ਜਿਸ ਦੇ ਖਾਣ ਤੋਂ ਬ੍ਰਾਹਮਣ ਦੀਆਂ ਸਿਫਤਾਂ ਵਾਲਾ ਪੁਤ੍ਰ ਹੋਵੇ. ਉਸ ਨੇ ਉਸੇ ਵੇਲੇ ਇੱਕ ਹੋਰ ਆਹਾਰ ਤਿਆਰ ਕਰਕੇ ਸਤ੍ਯਵਤੀ ਦੀ ਮਾਤਾ ਨੂੰ ਭੀ ਦਿੱਤਾ, ਜਿਸ ਦੇ ਅਸਰ ਨਾਲ ਯੋੱਧਾ ਪੁਤ੍ਰ ਜਨਮੇ. ਇਨ੍ਹਾਂ ਮਾਵਾਂ ਧੀਆਂ ਨੇ ਉਹ ਆਹਾਰ ਆਪਸ ਵਿੱਚ ਬਦਲ ਲਏ, ਇਸ ਲਈ ਰਿਚੀਕ ਦਾ ਪੁਤ੍ਰ ਜਮਦਗਨਿ ਤਾਂ ਯੋੱਧਾ ਹੋਇਆ,¹ ਤੇ ਗਾਧਿ ਛਤ੍ਰੀ ਦਾ ਪੁਤ੍ਰ ਵਿਸ਼੍ਵਾਮਿਤ੍ਰ ਬ੍ਰਾਹਮਣ ਹੋਇਆ.#ਮਹਾਭਾਰਤ ਵਿੱਚ ਲਿਖਿਆ ਹੈ ਕਿ ਜਮਦਗਨਿ ਨੇ ਜਦ ਸਾਰੇ ਵੇਦਾਂ ਦਾ ਅਭ੍ਯਾਸ ਕਰ ਲਿਆ, ਤਾਂ ਸੂਰਜਵੰਸ਼ੀ "ਰੇਣੁ" ਅਥਵਾ "ਪ੍ਰਸੇਨਜਿਤ" ਰਾਜੇ ਪਾਸ ਗਿਆ ਅਤੇ ਉਸ ਦੀ ਕੰਨ੍ਯਾ ਰੇਣੁਕਾ ਮੰਗੀ. ਰਾਜੇ ਨੇ ਉਸ ਨੂੰ ਕੰਨ੍ਯਾ ਦੇ ਦਿੱਤੀ, ਜਿਸ ਦੇ ਉਦਰ ਤੋਂ ਜਮਦਗਨਿ ਦੇ ਪੰਜ ਪੁਤ੍ਰ ਹੋਏ- ਰੁਮਨ੍ਵਾਨ, ਸੁਸੇਣ, ਵੇਹੁ, ਵਿਸ਼੍ਵਾਵਹੁ ਅਤੇ ਪਰਸ਼ੁਰਾਮ.#ਜਮਦਗਨਿ ਦੇ ਰਹਿਣ ਦਾ ਥਾਂ ਗ਼ਾਜ਼ੀਪੁਰ ਜਿਲੇ ਵਿੱਚ "ਜ਼ਮਾਨੀਆ" ਨਾਮ ਤੋਂ ਪ੍ਰਸਿੱਧ ਹੈ, ਜੋ ਜਮਦਗਨੀਯ ਤੋਂ ਵਿਗੜਕੇ ਬਣਿਆ ਹੈ. "ਗਾਵੈ ਜਮਦਗਨਿ ਪਰਸ ਰਾਮੇਸੁਰ." (ਸਵੈਯੇ ਮਃ ੧. ਕੇ) ਦੇਖੋ, ਸਹਸ੍ਰਬਾਹੁ, ਚ੍ਯਵਨ, ਪਰਸਰਾਮ ਅਤੇ ਰੇਣੁਕਾ.


ਸੰ. ਯਮਦੰਸ੍ਟ੍ਰਾ. ਸੰਗ੍ਯਾ- ਕਟਾਰ, ਜੋ ਯਮ ਦੀ ਦਾੜ੍ਹ ਜੇਹਾ ਹੈ। ੨. ਬਿਛੂਆ. ਖ਼ਮਦਾਰ ਨੋਕ ਵਾਲਾ ਪੇਸ਼ਕਬਜ। ੩. ਦੋ ਮੂੰਹਾਂ ਵਾਲਾ ਕਟਾਰ. ਦੇਖੋ, ਸ਼ਸਤ੍ਰ.


ਸੰਗ੍ਯਾ- ਯਮਦੀਪਕ. ਯਮ ਨਿਮਿੱਤ ਕੱਤਕ ਬਦੀ ੩. ਨੂੰ ਘਰ ਦੇ ਵਹੀਣ ਵਿੱਚ ਮਚਾਇਆ ਹੋਇਆ ਦੀਵਾ.


ਸੰਗ੍ਯਾ- ਯਮਦੂਤ. ਯਮ ਦੀ ਸਿਪਾਹੀ. ਯਮਗਣ. "ਜਮਦੂਤ ਨ ਆਵੈ ਨੇਰੈ." (ਸੋਰ ਮਃ ੫)


ਦੇਖੋ, ਜਮਦਾੜ੍ਹ.


ਯਮ- ਧਾਨ. ਨਗਾਰਾ. ਧੌਂਸਾ. ਇਸ ਨਾਮ ਦਾ ਕਾਰਣ ਇਹ ਹੈ ਕਿ ਜੰਗ ਸਮੇਂ ਯਮ (ਦੋ) ਨਗਾਰੇ ਘੋੜੇ ਆਦਿ ਪੁਰ ਧਾਰਣ ਕੀਤੇ (ਰੱਖੇ) ਜਾਂਦੇ ਹਨ. "ਸੱਟ ਪਈ ਜਮਧਾਣ ਕਉ." (ਚੰਡੀ ੩) ੨. चर्मपिधान ਚਰ੍‍ਮਪਿਧਾਨ. ਚੰਮ ਨਾਲ ਮੜ੍ਹਿਆ ਹੋਇਆ ਵਾਜਾ.