Meanings of Punjabi words starting from ਸ

ਸੰ. सत्यव्रत ਸਤ੍ਯਵ੍ਰਤ. ਵਿ- ਸੱਚ ਨਿਯਮ ਦੇ ਧਾਰਨ ਵਾਲਾ. ਸਤ੍ਯਵ੍ਰਤ ਧਾਰੀ. "ਸਤਿ ਸਰੂਪ ਸਦੈਵ ਸਤਬ੍ਰਤ." (੩੩ ਸਵੈਯੇ)


ਖਹਿਰਾ ਗੋਤ ਦੇ ਜੱਟ ਮਹਿਮਾ ਦੀ ਇਸਤ੍ਰੀ, ਜੋ ਸਤਿਗੁਰੂ ਨਾਨਕ ਦੇਵ ਦੀ ਅਨਨ੍ਯ ਸੇਵਕਾ ਸੀ. ਇਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਭੀ ਸੇਵਾ ਬਹੁਤ ਪ੍ਰੇਮ ਨਾਲ ਕਰਦੀ ਰਹੀ ਹੈ. ਸਤਿਗੁਰੂ ਦੀ ਆਗ੍ਯਾਨੁਸਾਰ ਪਾਉ ਕੱਚੇ ਦੀ ਅਲੂਣੀ ਅਤੇ ਅਣਚੋਪੜੀ ਰੋਟੀ ਨਿੱਤ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਅਰਪਦੀ ਸੀ, ਜਿਸਦੇ ਆਧਾਰ ਗੁਰੂ ਸਾਹਿਬ ਅੱਠ ਪਹਿਰ ਨਿਰਵਾਹ ਕਰਦੇ. ਕਈ ਲੇਖਕਾਂ ਨੇ ਇਸ ਦਾ ਨਾਉਂ ਸਭਰਾਈ ਅਤੇ ਵਿਰਾਈ ਭੀ ਲਿਖਿਆ ਹੈ.


ਸੰ. सद्भाव ਸਦਭਾਵ. ਸੰਗ੍ਯਾ- ਸਾਧੁ ਭਾਵ. ਨੇਕ ਖ਼ਿਆਲ. "ਕਰਮ ਧਰਮ ਸੰਜਮ ਸਤਭਾਉ." (ਆਸਾ ਮਃ ੧) "ਮਤਿ ਸਤਭਾਇ ਭਗਤਿ ਗੋਬਿੰਦ." (ਪ੍ਰਭਾ ਮਃ ੧) ੨. ਵਿਦ੍ਯ- ਮਾਨਤਾ. ਹੋਂਦ "ਸੇਵਕ ਕੈ ਸਤਭਾਇ." (ਸ੍ਰੀ ਮਃ ੫) ੩. ਪੂਰਣ ਵਿਚਾਰ. ਯਥਾਰਥ ਵਿਚਾਰ. "ਅਗੋਦੇ ਸਤਭਾਉ ਨ ਦਿਚੈ, ਪਿਛੋਦੇ ਆਖਿਆ ਕੰਮਿ ਨ ਆਵੈ." (ਵਾਰ ਗਉ ੧. ਮਃ ੪)


सत्यभामा- ਸਤ੍ਯਭਾਮਾ. ਸਤ੍ਰਾਜਿਤ ਦੀ ਪੁਤ੍ਰੀ ਅਤੇ ਕ੍ਰਿਸਨ ਜੀ ਦੀ ਰਾਣੀ, ਜਿਸ ਦੇ ਆਖੇ ਕ੍ਰਿਸਨ ਜੀ ਨੇ ਇੰਦ੍ਰਲੋਕ ਤੋਂ ਪਾਰਿਜਾਤ ਲਿਆਂਦਾ ਸੀ. "ਸਤਭਾਮਨ ਕੋ ਕਬਿ ਸ੍ਯਾਮ ਭਨੈ ਜਿਹ ਕੋ ਸਭ ਲੋਗਨ ਮੇ ਜਸ ਛਾਯੋ." (ਕ੍ਰਿਸਨਾਵ) "ਘਨਸ੍ਯਾਮ ਸਾਥ ਸਤਭਾਮਾ। ਤਿਮ ਮਿਲੀ ਰਹਿਤ ਸੁਖਧਾਮਾ।।" (ਗੁਪ੍ਰਸੂ)


ਸੰਗ੍ਯਾ- ਉੱਤਮ ਭਿਖ੍ਯਾ. ਹਠ ਲੋਭ ਪਾਖੰਡ ਆਦਿਕ ਵਿਕਾਰਾਂ ਦੇ ਅਸਰ ਬਿਨਾ ਮਿਲਿਆ ਅੰਨ. "ਛਾਦਨ ਭੋਜਨ ਨ ਲੈਹੀ ਸਤਭਿਖਿਆ." (ਵਾਰ ਗੂਜ ੧. ਮਃ ੩)


ਦੇਖੋ, ਭੂਮਿਕਾ.


ਦੇਖੋ, ਸਪਤ ਭੂਮਿਕਾ.


ਸੰ. सत्तम- ਸੱਤਮ. ਵਿ- ਅਤਿ ਉੱਤਮ. ਅਤ੍ਯੰਤ ਸ਼੍ਰੇਸ੍ਠ. "ਸਾਧੂ ਸਤਮ ਜਾਣੋ." (ਗਾਥਾ)


ਦੇਖੋ, ਸਤਮ.


ਸ਼ਤ ਮਖ. ਸ਼ਤ (ਸੌ) ਮਖ (ਯਗ੍ਯ) ਕਰਨ ਵਾਲਾ, ਇੰਦ੍ਰ. ਦੇਖੋ, ਸਤਕ੍ਰਤੁ.