Meanings of Punjabi words starting from ਘ

ਸੰਗ੍ਯਾ- ਘੋਟਕ. ਘੋੜਾ. "ਚੜਕੈ ਘੋੜੜੈ ਕੁੰਦੇ ਪਕੜਹਿ." (ਗਉ ਵਾਰ ੨. ਮਃ ੫) ਦੇਖੋ, ਕੁੰਦਾ.


ਸੰ. ਘੋਟ. ਘੋਟਕ. ਅਸ਼੍ਵ. ਤੁਰਗ. "ਘੋੜਾ ਕੀਤੋ ਸਹਜ ਦਾ." (ਵਾਰ ਰਾਮ ੩)#ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ-#ਚਿੱਟਾ- ਕਰਕ.#ਚਿੱਟਾ ਪੀਲਾ- ਖੋਂਗਾ.#ਪੀਲਾ- ਹਰਿਯ.#ਦੂਧੀਆ- ਸੇਰਾਹ.#ਕਾਲਾ- ਖੁੰਗਾਹ.#ਲਾਲ- ਕਿਯਾਹ.#ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ.#ਕਬਰਾ- ਹਲਾਹ.#ਪਿਲੱਤਣ ਨਾਲ ਕਾਲਾ- ਤ੍ਰਿਯੂਹ.#ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ.#ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ.#ਨੀਲਾ- ਨੀਲਕ.#ਗੁਲਾਬੀ- ਰੇਵੰਤ.#ਹਰੀ ਝਲਕ ਨਾਲ ਪੀਲਾ- ਹਾਲਕ.#ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ੍ਟਮੰਗਲ.#ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ.#(ਡਿੰਗਲਕੋਸ਼)


ਸੰਗ੍ਯਾ- ਘੋਟਿਕਾ. ਘੋੜੇ ਦੀ ਮਦੀਨ।#੨. ਕਾਠ ਦੀ ਟਿਕਟਿਕੀ, ਜਿਸ ਤੇ ਵਸਤ੍ਰ ਸੁਕਾਈਦੇ ਹਨ। ੩. ਕਾਠੀ ਆਦਿਕ ਰੱਖਣ ਦੀ ਤਿਪਾਈ।#੪. ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ, ਘੋੜੀਆਂ। ੫. ਘੋੜੀ ਦੀ ਰਸਮ ਸਮੇਂ ਦਾ ਗੀਤ। ੬. ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ, ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਸੁਰਧਰੀ। ੭. ਸੇਮੀਆਂ ਵੱਟਣ ਦੀ ਮਸ਼ੀਨ.


ਸ਼ਾਦੀ ਦੇ ਮੌਕੇ ਬਰਾਤ ਨੂੰ ਡੇਰਾ ਦੇਣ ਪਿੱਛੋਂ, ਵਿਆਹ ਸੰਸਕਾਰ ਤੋਂ ਪਹਿਲਾਂ, ਦੁਲਹਾ (ਲਾੜੇ) ਨੂੰ ਘੋੜੀ ਪੁਰ ਸਵਾਰ ਕਰਾਕੇ ਦੁਲਹਨਿ (ਲਾੜੀ) ਦੇ ਘਰ ਲੈ ਜਾਂਦੇ ਹਨ. ਇਸ ਦਾ ਨਾਉਂ ਘੋੜੀ ਦੀ ਰਸਮ ਹੈ. ਉਸ ਵੇਲੇ ਜੋ ਗੀਤ ਗਾਏ ਜਾਂਦੇ ਹਨ ਉਨ੍ਹਾਂ ਦੀ ਸੰਗ੍ਯਾ- "ਘੋੜੀਆਂ" ਹੈ. ਸ਼੍ਰੀ ਗੁਰੂ ਰਾਮਦਾਸ ਜੀ ਨੇ ਗੰਦੇ ਗੀਤਾਂ ਦੀ ਕੁਰੀਤੀ ਨੂੰ ਦੂਰ ਕਰਨ ਲਈ "ਘੋੜੀਆਂ" ਸਿਰਲੇਖ ਹੇਠ ਵਡਹੰਸ ਰਾਗ ਵਿੱਚ ਬਾਣੀ ਰਚੀ ਹੈ, ਜਿਸ ਵਿੱਚ ਲੋਕ ਪਰਲੋਕ ਵਿੱਚ ਸੁਖ ਪ੍ਰਾਪਤੀ ਦਾ ਉਪਦੇਸ਼ ਹੈ. "ਦੇਹ ਤੇਜਣਿ ਜੀ ਰਾਮ ਉਪਾਈਆ." ਆਦਿ.