Meanings of Punjabi words starting from ਫ

ਦੇਖੋ, ਫਰਮਾਨ. "ਅਮੁਲੁ ਕਰਮੁ ਅਮਲੁ ਫੁਰਮਾਣੁ." (ਜਪੁ) "ਫੁਰਮਾਨੁ ਤੇਰਾ ਸਿਰੈ ਊਪਰਿ." (ਗਉ ਕਬੀਰ)


ਦੇਖੋ, ਫਰਮਾਯਸ. ਸੰਗ੍ਯਾ- ਨੱਕ ਦੇ ਰਸਤੇ ਜ਼ੋਰ ਨਾਲ ਸਾਹ ਦਾ ਬਾਹਰ ਕੱਢਣਾ, ਜਿਸ ਤੋਂ ਫੁਰੜ ਸ਼ਬਦ ਹੋਵੇ. "ਮਾਰਤ ਨਾਸਨ ਸੋਂ ਫੁਰੜਾਗਾ." (ਨਾਪ੍ਰ)


ਫੁਰ (ਸਤ੍ਯ) ਹੋਵੰਤ। ੨. ਫੋਰੰਤ (ਫੋੜੰਤ). "ਕਿਸ ਕੇਰ ਬਦਨ ਗੁਲਕਾ ਫੁਰੰਤ." (ਗੁਪ੍ਰਸੂ)#ਕਿਸੇ ਦਾ ਮੂੰਹ ਗੋਲੀ ਭੰਨਦੀ ਹੈ.


ਦੇਖੋ, ਫੁੱਲ। ੨. ਉਂਗਲਾਂ ਦਾ ਅਗਲਾ ਹਿੱਸਾ. ਪੋਟਾ। ੩. ਪੈਰਾਂ ਅਤੇ ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਜੋ ਚਿਤਾ ਵਿੱਚੋਂ ਚੁਗਕੇ ਹਿੰਦੂ ਗੰਗਾ ਆਦਿ ਤੀਰਥਾਂ ਵਿੱਚ ਪਾਉਂਦੇ ਹਨ. "ਹਰਿਕਥਾ ਪੜੀਐ ਹਰਿਨਾਮ ਸੁਣੀਐ, ਬੇਬਾਣ ਹਰਿਰੰਗ ਗੁਰੁ ਭਾਵਏ। ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿਸਰਿ ਪਾਵਏ." (ਸਦੁ) ਸਤਿਗੁਰੂ ਨੂੰ, ਵਿਮਾਨ, ਪਿੰਡ, ਪੱਤਲ, ਕ੍ਰਿਯਾ, ਦੀਪਕ, ਅਤੇ ਗੰਗਾ ਵਿੱਚ ਅਸਥੀਆਂ ਪਾਉਣ ਦੀ ਥਾਂ, ਹਰਿਰੰਗ ਭਾਂਉਂਦਾ ਹੈ.


ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ.


ਦੇਖੋ, ਫੂਲ ਸਿਰ ਡਾਲਨਾ.