Definition
ਸੰ. ਮ੍ਰਿਤਵਤਸਾ ਬੰਧ੍ਯਾ ਦੋਸ. ਜਨਮ ਤੋਂ ਅੱਠਵੇਂ ਅਥਵਾ ਅਠਾਰਵੇਂ ਦਿਨ, ਅਤੇ ਅਠਾਰਾਂ ਮਹੀਨਿਆਂ ਵਿੱਚ ਸੰਤਾਨ ਦੀ ਮੌਤ ਹੋਣ ਕਰਕੇ ਪ੍ਰਸਿੱਧ ਨਾਉਂ ਅਠਰਾਹਾ ਹੋ ਗਿਆ ਹੈ. ਅਰ ਤੰਤ੍ਰ ਸ਼ਾਸਤ੍ਰ ਵਾਲੇ ਅੱਠ ਜੋਗਣੀਆਂ ਦੇ ਅਸਰ ਤੋਂ ਇਹ ਰੋਗ ਹੋਣਾ ਮੰਨਦੇ ਹਨ, ਪਰ ਇਹ ਬਾਤ ਸਹੀ ਨਹੀਂ ਕਿ ਅੱਠ ਦੀ ਗਿਣਤੀ ਤੇ ਹੀ ਮੌਤ ਆਉਂਦੀ ਹੈ. ਵਿਦ੍ਵਾਨਾਂ ਨੇ ਤਿੰਨ ਪ੍ਰਕਾਰ ਦੀ ਬਾਂਝ ਇਸਤ੍ਰੀ ਲਿਖੀ ਹੈ:-#(ੳ) ਕਾਕ ਬੰਧ੍ਯਾ- ਜਿਸ ਦੇ ਇੱਕ ਸੰਤਾਨ ਹੋਕੇ ਫੇਰ ਨਾ ਹੋਵੇ.#(ਅ) ਗਰਭਸ੍ਰਾਵੀ- ਜਿਸ ਦੇ ਗਰਭ ਸ੍ਰਵ ਜਾਣ ਜਾਂ ਪਾਤ ਹੋ ਜਾਣ.#(ੲ) ਮ੍ਰਿਤਵਤਸਾ- ਜਿਸ ਦੇ ਔਲਾਦ ਪੈਦਾ ਹੋਕੇ ਜਿਉਂਦੀ ਨਾ ਰਹੇ. ਇਸੇ ਦੋਸ ਦਾ ਨਾਉਂ ਅਠਰਾਹਾ ਹੈ. ਇਹ ਰੋਗ ਮਾਤਾ ਪਿਤਾ ਦੇ ਰਜ ਅਤੇ ਵੀਰਯ ਵਿੱਚ ਵਿਕਾਰ ਹੋਣ ਤੋਂ ਹੁੰਦਾ ਹੈ, ਅਤੇ ਇਸ ਦਾ ਸਭ ਤੋਂ ਵਡਾ ਕਾਹਰਣ ਬਾਦਫਿਰੰਗ ਹੈ. ਬੱਚੇ ਨੂੰ ਪਾਲਣ ਵਾਲੀ ਖੁਰਾਕ ਜਦ ਗਰਭ ਵਿੱਚ ਨਹੀਂ ਮਿਲਦੀ ਅਤੇ ਉਸ ਦਾ ਲਹੂ ਭੀ ਵਿਕਾਰੀ ਹੋ ਜਾਂਦਾ ਹੈ, ਤਦ ਮੌਤ ਦਾ ਹੋਣਾ ਅਵੱਸ਼ ਹੈ.#ਇਸ ਦਾ ਸਭ ਤੋਂ ਚੰਗਾ ਇਲਾਜ ਇਹ ਹੈ ਕਿ ਮਾਤਾ ਪਿਤਾ ਆਪਣੇ ਸ਼ਰੀਰ ਨੂੰ ਰੋਗ ਤੋਂ ਸਾਫ ਕਰਨ, ਫੇਰ ਗਰਭ ਠਹਿਰਣ ਪੁਰ ਮੈਥੁਨ ਦਾ ਤਿਆਗ ਕਰਨ. ਮਾਤਾ ਖਾਣ ਪੀਣ ਦਾ ਪੂਰਾ ਸੰਜਮ ਰੱਖੇ. ਲੂਣ ਦਾ ਘੱਟ ਸੇਵਨ ਕਰੇ, ਅਤੇ ਦੁੱਧ ਚਾਉਲ ਆਦਿ ਹਲਕੀ ਗ਼ਿਜ਼ਾ ਖਾਵੇ. ਸ੍ਵਛ ਪੌਣ ਵਿੱਚ ਬਹੁਤ ਸਮਾਂ ਬਿਤਾਵੇ ਅਤੇ ਵਸਤ੍ਰ ਨਿਰਮਲ ਰੱਖੇ.#ਅਸਗੰਧ, ਹਲਦੀ, ਚਿਤ੍ਰਾ, ਦਾਰੁਹਲਦੀ, ਦੇਵਦਾਰੁ, ਹਰੜ, ਛੋਟੀ ਇਲਾਚੀ, ਪਿੱਤਪਾਪੜਾ, ਏਲੂਆ, ਕਚੂਰ, ਮੂੰਗੇ ਦੀ ਸੁਆਹ, ਅਜਮੋਦ, ਕੌਲਡੋਡੇ ਦੀ ਗਿਰੀ, ਕਸੁੰਭਾ, ਰਸੌਂਤ, ਲਾਲ ਚੰਦਨ, ਵਾਯਵੜਿੰਗ. ਇਹ ਸਭ ਬਰੋਬਰ ਲੈਕੇ ਬਰੀਕ ਪੀਹ ਅਤੇ ਛਾਣਕੇ ਬੋਤਲ ਵਿੱਚ ਮੂੰਹ ਬੰਦ ਕਰਕੇ ਰੱਖੇ. ਜਦ ਗਰਭ ਠਹਿਰੇ ਤਦ ਇਸਤ੍ਰੀ ਇਹ ਚੂਰਣ ਦੋ ਮਾਸੇ ਨਿੱਤ ਜਲ ਨਾਲ ਛੀ ਮਹੀਨੇ ਖਾਂਦੀ ਰਹੇ. ਸੱਤਵਾਂ ਮਹੀਨਾ ਸ਼ੁਰੂ ਹੋਣ ਤੋਂ ਛੱਡ ਦੇਵੇ. ਐਸਾ ਕਰਨ ਤੋਂ ਅਠਰਾਹਾ ਅਸਰ ਨਹੀਂ ਕਰਦਾ.
Source: Mahankosh