ਅਠਸਠਿ
atthasatthi/atdhasatdhi

Definition

੬੮। ੨. ਗੁਰੁਬਾਣੀ ਵਿੱਚ ਅਠਸਠਿ ਗਿਣਤੀ ਹਿੰਦੂਆਂ ਦੇ ਅਠਾਹਠ ਤੀਰਥਾਂ ਦਾ ਬੋਧ ਕਰਾਉਂਦੀ ਹੈ. "ਸੁਣਿਐ ਅਠਸਠਿ ਕਾ ਇਸਨਾਨੁ." (ਜਪੁ) ਗੁਰੂ ਸਾਹਿਬ ਦਾ ਅਠਸਠ ਤੋਂ ਭਾਵ ਸਰਵ ਤੀਰਥ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਮਤਭੇਦ ਕਰਕੇ ਤੀਰਥਾਂ ਦੀ ਗਿਣਤੀ ਵਿੱਚ ਬਹੁਤ ਫਰਕ ਹੈ. ਅਨੇਕ ਗ੍ਰੰਥਾਂ ਵਿੱਚ ਗਿਣਤੀ ਬਹੁਤ ਵਧਕੇ ਹੈ. ਮਤਸ੍ਯ ਪੁਰਾਣ ਦੇ ਸ਼੍ਰਾੱਧ ਕਲਪ ਦੇ ੨੨ਵੇਂ ਅਧਯਾਯ ਵਿੱਚ ੨੨੨ ਤੀਰਥ ਦੱਸੇ ਹਨ. ਭਵਿਸ਼੍ਯ ਪੁਰਾਣ ਦੇ ਨਾਗਰ ਖੰਡ ਦੇ ਅਧ੍ਯਾਯ ੧੦੨ ਵਿੱਚ ਹੋਰ ਗਿਣਤੀ ਹੈ.#ਕਪਿਲ ਤੰਤ੍ਰ ਵਿੱਚ ਅਠਾਸਠ ਤੀਰਥ ਇਹ ਲਿਖੇ ਹਨ- ਓਅੰਕਾਰ, ਅਯੋਧ੍ਯਾ, ਅਵੰਤਿਕਾ, ਏਰਾਵਤੀ, ਸ਼ਤਦ੍ਰੁ, ਸਰਸ੍ਵਤੀ, ਸਰਯੂ, ਸਿੰਧੁ, ਸ਼ਿਪ੍ਰਾ, ਸ਼ੋਣ, ਸ਼੍ਰੀਸ਼ੈਲ, ਸ਼੍ਰੀ ਰੰਗ, ਹਰਿਦ੍ਵਾਰ, ਕਪਾਲਮੋਚਨ, ਕਪਿਲੋਦਕ, ਕਾਸ਼ੀ, ਕਾਂਚੀ, ਕਾਲੰਜਰ, ਕਾਵੇਰੀ, ਕੁਰੁਕ੍ਸ਼ੇਤ੍ਰ, ਕੇਦਾਰਨਾਥ ਕੌਸ਼ਿਕੀ, ਗਯਾ, ਗੋਕਰਣ, ਗੋਦਾਵਰੀ, ਗੋਮਤੀ, ਗੋਵਰਧਨ, ਗੰਗਾ ਸਾਗਰ, ਗੰਡਕਾ, ਘਰਘਰਾ, ਚਰਮਨ੍ਵਤੀ, ਚਿਤ੍ਰਕੂਟ, ਚੰਦ੍ਰਭਾਗਾ, ਜਗੰਨਾਥ, ਜ੍ਵਾਲਾਮੁਖੀ, ਤਪਤੀ, ਤਾਮ੍ਰਪਰਣੀ, ਤੁੰਗਭਦ੍ਰਾ, ਦਸ਼ਾਮ੍ਵਮੇਧ, ਦ੍ਰਿਸ਼ਦਵਤੀ, ਦ੍ਵਾਰਿਕਾ, ਧਾਰਾ, ਨਰਮਦਾ, ਨਾਗਤੀਰਥ, ਨੈਮਿਸ, ਪੁਸਕਰ, ਪ੍ਰਯਾਗ ਤ੍ਰਿਵੇਣੀ ਸੰਗਮ, ਪ੍ਰਿਥੂਦਕ, ਬਦਰੀ ਨਾਰਾਇਣ, ਭਦ੍ਰੇਸ਼੍ਵਰ, ਭੀਮੇਸ਼੍ਵਹ, ਭ੍ਰਿਗੁਤੁੰਗ, ਮਹਾਂਕਾਲ, ਮਾਹਬੋਧਿ, ਮਥੁਰਾ ਮਾਨਸਰੋਵਰ, ਮਾਯਾਪੁਰੀ, ਮੰਦਾਕਿਨੀ, ਯਮੁਨਾ, ਰਾਮੇਸ਼੍ਵਰ, ਵਿਤਸਤਾ, ਵਿੰਧ੍ਯ, ਵਿਪਾਸ਼, ਵਿਮੇਲਸ਼੍ਵਰ, ਵੇਣਾ, ਵੇਤ੍ਰਵਤੀ, ਵੈਸਨਵੀ ਅਤੇ ਵੈਦ੍ਯਨਾਥ.
Source: Mahankosh