Definition
ਵਿ- ਅਨ੍ਯ- ਰਸ. ਹੋਰ ਸੁਆਦ. "ਅਨਰਸ ਚੂਕੈ ਹਰਿਰਸ ਮੰਨਿ ਵਸਾਏ." (ਮਾਝ ਅਃ ਮਃ ੩) ੨. ਫਿੱਕਾ ਰਸ. ਬੇਸੁਆਦ. "ਹੋਰ ਅਨਰਸ ਸਭ ਬੀਸਰੇ." (ਅਨੰਦੁ) ੩. ਰਸ ਦਾ ਤ੍ਯਾਗੀ. "ਦੇਹਰਸਾਂ ਵੱਲੋਂ ਅਨਰਸ ਹੋਏ ਹੈਂਨ." (ਭਗਤਾਵਲੀ) ੪. ਸੰਗ੍ਯਾ- ਵਿਰੋਧ. ਕੁਰਸ. ਅਣਬਣ. ਨਾਚਾਕੀ। ੫. ਕਾਵ੍ਯ ਅਨੁਸਾਰ ਇੱਕ ਦੋਸ ਜਿਸ ਦਾ ਰੂਪ ਇਹ ਹੈ ਕਿ ਵਿਰੋਧੀ ਰਸਾਂ ਨੂੰ ਮਿਲਾਕੇ ਲਿਖਣਾ.#ਕਵੀਆਂ ਨੇ ਅਨਰਸ ਦੇ ਪੰਜ ਭੇਦ ਥਾਪੇ ਹਨ-#ਪ੍ਰਤ੍ਯਨੀਕ, ਨੀਰਸ, ਵਿਰਸ, ਦੁਹਸਾਧਨ ਅਤੇ ਪਾਤ੍ਰਾਦੁਸ੍ਟ ਯਥਾ- "ਪ੍ਰਤ੍ਯਨੀਕ ਨੀਰਸ ਵਿਰਸ ਕੇਸ਼ਵ ਦੁਹਸੰਧਾਨ। ਪਾਤ੍ਰਾਦੁਸ੍ਟ ਕਬਿੱਤ ਬਹੁ ਕਰਹਿਂ ਨ ਸੁਕਵਿ ਬਖਾਨ." (ਰਸਿਕਪ੍ਰਿਯਾ)#(ੳ) ਸ਼ਿੰਗਾਰ ਅਤੇ ਵੀਰ, ਕਰੁਣਾ ਅਤੇ ਰੌਦ੍ਰ ਰਸ ਦਾ ਮਿਲਾਕੇ ਲਿਖਣਾ "ਪ੍ਰਤ੍ਯਨੀਕ" ਹੈ.#(ਅ) ਕਪਟ ਸਹਿਤ ਪ੍ਰੇਮਭਾਵ ਨੂੰ ਪ੍ਰਗਟ ਕਰਨਾ "ਨੀਰਸ" ਹੈ.#(ੲ) ਸ਼ੋਕ ਵਿੱਚ ਭੋਗ ਦਾ ਵਰਣਨ "ਵਿਰਸ" ਹੈ.#(ਸ) ਮਿਤ੍ਰਭਾਵ ਨਾਲ ਸ਼ਤ੍ਰੁਭਾਵ ਦਾ ਮਿਲਾਪ "ਦੁਹਸਾਧਨ" ਹੈ.#(ਹ) ਪ੍ਰਕਰਣ ਵਿਰੁੱਧ ਵਰਣਨ "ਪਾਤ੍ਰਾਦੁਸ੍ਟ" ਹੈ। ੬. ਕਈ ਕਵੀਆਂ ਨੇ ਸ਼ਾਂਤ ਰਸ ਨੂੰ ਅਨਰਸ ਲਿਖਿਆ ਹੈ. ਉਨ੍ਹਾਂ ਦੇ ਮਨ ਵਿੱਚ ਸ਼ਾਂਤ ਰਸ ਕਾਵ੍ਯ ਦਾ ਰਸ ਵਿਗਾੜ ਦਿੰਦਾ ਹੈ, ਇਸ ਲਈ ਉਹ ਕਾਵ੍ਯ ਦੇ ਅੱਠ ਹੀ ਰਸ ਮੰਨਦੇ ਹਨ। ੭. ਸੰ. ਅਨੁਰਸ. ਇੱਕ ਰਸ ਦੇ ਨਾਲ ਦੂਜਾ ਰਸ ਮਿਲਾਕੇ ਬਣਾਇਆ ਹੋਇਆ ਰਸ. ਦੇਖੋ, ਆਨਰਸ.
Source: Mahankosh