ਅੰਡ ਵ੍ਰਿੱਧਿ
and vrithhi/and vridhhi

Definition

ਅੰਡ (ਫੋਤਿਆਂ) ਵਿੱਚ ਪਾਣੀ ਉਤਰਨਾ ਅਤੇ ਉਨ੍ਹਾਂ ਦਾ ਵਧ ਜਾਣਾ. [قیِلائھ مایہ] ਕ਼ੀਲਾਏ ਮਾਯਹ. Hydrocele. ਬਾਦੀ ਵਾਲੀ ਚੀਜਾਂ ਖਾਣ, ਬਾਦੀ ਵਾਲੇ ਦੇਸ਼ ਵਿੱਚ ਰਹਿਣ, ਮਲ ਮੂਤ ਰੋਕਕੇ ਵਿਸੇ ਭੋਗ ਕਰਨ, ਤਾੜੀ ਦੀ ਸ਼ਰਾਬ ਬਹੁਤ ਪੀਣ ਤੋਂ ਇਹ ਰੋਗ ਹੁੰਦਾ ਹੈ. ਵੈਦਕ ਵਿੱਚ ਵਾਤਜ, ਪਿੱਤਜ, ਰਕਤਜ ਆਦਿ ਇਸ ਦੇ ਸੱਤ ਭੇਦ ਲਿਖੇ ਹਨ. ਰੋਗੀ ਨੂੰ ਚਾਹੀਏ ਕਿ ਕਿਸੇ ਸਿਆਣੇ ਵੈਦ ਅਥਵਾ ਡਾਕਟਰ ਤੋਂ ਇਲਾਜ ਕਰਾਵੇ. ਇਸ ਵਿੱਚ ਲੇਪ ਮਾਲਿਸ਼ ਅਤੇ ਖਾਣ ਦੀਆਂ ਦਵਾਈਆਂ ਤਜਰਬੇਕਾਰ ਹਕੀਮ ਦੀਆਂ ਵਰਤਣੀਆਂ ਲੋੜੀਏ, ਕਿਉਂਕਿ ਜਿਸ ਕਾਰਣ ਤੋਂ ਅੰਡ ਵ੍ਰਿੱਧਿ ਹੋਈ ਹੈ ਉਸੇ ਅਨੁਸਾਰ ਇਲਾਜ ਹੋਣਾ ਠੀਕ ਹੈ. ਹੇਠ ਲਿਖੀ ਦਵਾ ਖਾਣੀ ਲਾਭਦਾਇਕ ਸਿੱਧ ਹੋਈ ਹੈ- ਵਡੀ ਹਰੜ ਦੀ ਛਿੱਲ ਜੰਗ ਹਰੜਾਂ, ਚਰਾਇਤਾ, ਧਨੀਆਂ ਦੋ ਦੋ ਤੋਲੇ, ਲੌਂਗ ਇੱਕ ਤੋਲਾ, ਸਨਾ ਚਾਰ ਤੋਲੇ ਸਭ ਦਾ ਚੂਰਣ ਕਪੜਛਾਣ ਕਰਕੇ ਚੂਰਣ ਤੋਂ ਡਿਉਢੀ ਖੰਡ ਅਤੇ ਖੰਡ ਦੇ ਬਰਾਬਰ ਸ਼ਹਿਦ ਮਿਲਾਕੇ ਮਿੱਟੀ ਦੇ ਭਾਂਡੇ ਵਿੱਚ ਰੱਖੋ. ਉਮਰ ਅਤੇ ਬਲ ਅਨੁਸਾਰ ਇਹ ਚਟਨੀ ਜਲ ਨਾਲ ਨਿੱਤ ਖਾਵੋ.#ਇੱਕ ਤੋਲਾ ਸੁੱਕੀ ਭੰਗ ਗੁੜ ਵਿੱਚ ਮਿਲਾਕੇ ਫੋਤਿਆਂ ਤੇ ਬੰਨ੍ਹਣੀ ਅਥਵਾ ਕੇਸੂ ਭਿਉਂਕੇ ਅਤੇ ਘੀ ਵਿੱਚ ਝੱਸਕੇ ਬੰਨ੍ਹਣੇ ਗੁਣਕਾਰੀ ਹਨ.
Source: Mahankosh