Definition
ਸੰਗ੍ਯਾ- ਉਂਗਲਾਂ ਉੱਪਰ ਸੰਕੇਤ ਕੀਤੇ ਅੱਖਰਾਂ ਦੀ ਵਰਣਮਾਲਾ. ਅਨੇਕ ਪ੍ਰਕਾਰ ਦੀ ਕਰਪੱਲਵੀ ਕਲਪੀ ਗਈ ਹੈ. ਲੋਕਾਂ ਨੇ ਆਪਣੇ ਆਪਣੇ ਸੰਕੇਤ ਥਾਪਕੇ ਅੱਖਰ ਅਤੇ ਮਾਤ੍ਰਾ ਦੀ ਰਚਨਾ ਕੀਤੀ ਹੈ, ਪਰੰਤੂ ਬਹੁਤ ਪ੍ਰਸਿੱਧ ਕਰਪੱਲਵੀ ਇਹ ਹੈ-#"ਅਹਿਫਨ ਕਮਲ ਚਕ੍ਰ ਟੰਕਾਰ।#ਤਰੁ ਪੱਲਵ ਯੌਵਨ ਸ਼੍ਰਿੰਗਾਰ।#ਉਂਗਲੀ ਅੱਛਰ ਚੁਟਕੀ ਮਾਤ।#ਰਾਮ ਕਹਤ ਲਛਮਨ ਸੇ ਬਾਤ."#ਸੱਪ ਦੇ ਫਣ ਵਾਂਙ ਹੱਥ ਕਰਨ ਤੋਂ ਊੜੇ ਦੀ ਸਤਰ, ਕਮਲ ਆਕਾਰ ਹੱਥ ਕਰਨ ਤੋਂ ਕੱਕੇ ਦੀ ਪੰਕਤਿ, ਚਕ੍ਰ ਆਕਾਰ ਉਂਗਲੀ ਘੁਮਾਉਣ ਤੋਂ ਚੱਚੇ ਦੀ ਸਤਰ, ਘੜਿਆਲ ਨੂੰ ਹਥੌੜੀ ਲਾਉਣ ਵਾਂਙ ਹਰਕਤ ਤੋਂ ਟ ਦੀ ਸਤਰ. ਬਿਰਛ ਵਾਂਗ ਹੱਥ ਕਰਨ ਤੋਂ ਤੱਤੇ ਦੀ ਸਤਰ, ਪੱਤ ਦੀ ਤਰਾਂ ਬਣਾਉਣ ਤੋਂ ਪੱਪੇ ਦੀ ਪੰਕਤਿ ਅਤੇ ਮੁੱਛਾਂ ਤੇ ਹੱਥ ਫੇਰਨ ਤੋਂ ਯੱਯੇ ਦੀ ਸਤਰ ਦਾ ਬੋਧ ਹੁੰਦਾ ਹੈ. ਉਂਗਲੀ ਤੋਂ ਅੱਖਰ ਅਤੇ ਚੁਟਕੀ ਤੋਂ ਮਾਤ੍ਰਾ ਸਮਝਾਈ ਜਾਂਦੀ ਹੈ. ਯਥਾ- ਜੇ ਗੁਰੂ ਸ਼ਬਦ ਸਮਝਾਉਣਾ ਹੋਵੇ ਤਾਂ ਪਹਿਲਾਂ ਕਮਲ ਵਾਂਙ ਹੱਥ ਕਰੋ, ਇਸ ਤੋਂ ਕੱਕੇ ਦੀ ਸਤਰ ਸਮਝੀ ਗਈ. ਗੱਗਾ ਇਸ ਸਤਰ ਵਿੱਚ ਤੀਜਾ ਅੱਖਰ ਹੈ, ਇਸ ਲਈ ਤੀਜੀ ਉਂਗਲੀ ਖੜੀ ਕਰੋ, ਇਸ ਤੋਂ ਗ ਦਾ ਬੋਧ ਹੋਇਆ. ਗੱਗੇ ਨੂੰ ਮਾਤ੍ਰਾ ਪੰਜਵੀਂ ਹੈ, ਇਸ ਲਈ ਪੰਜ ਚੁਟਕੀਆਂ ਬਜਾਓ. ਦੂਜਾ ਅੱਖਰ ਰਾਰਾ ਹੈ, ਉਸ ਲਈ ਪਹਿਲਾਂ ਮੁੱਛਾਂ ਤੇ ਹੱਥ ਫੇਰੋ ਇਸ ਤੋਂ ਯੱਯੇ ਦੀ ਪੰਕਤੀ ਦਾ ਗ੍ਯਾਨ ਹੋਇਆ- ਰਾਰਾ ਦੂਜਾ ਅੱਖਰ ਹੈ, ਇਸ ਲਈ ਦੂਜੀ ਉਂਗਲ ਖੜੀ ਕਰੋ. ਰਾਰੇ ਨੂੰ ਮਾਤ੍ਰਾ ਛੀਵੀਂ ਹੈ ਇਸ ਵਾਸਤੇ ਵੀ ਚੁਟਕੀਆਂ ਬਜਾਓ. ਇਸ ਤਰਾਂ ਗੁਰੂ ਸ਼ਬਦ ਬਣਿਆ. ਐਸੇ ਹੀ ਸਭ ਅੱਖਰ ਅਤੇ ਮਾਤ੍ਰਾ ਸਮਝ ਲਓ.
Source: Mahankosh